ਸਿਰਸਾ: ਸੀਵਰੇਜ ’ਚ ਡਿੱਗੇ ਨੌਜਵਾਨ ਦੇ ਰੈਸਕਿਉ ਲਈ 5ਵੇਂ ਦਿਨ ਮੰਗਵਾਈ ਗਈ ਰੋਬੋਟਿਕ ਮਸ਼ੀਨ ਕਿਵੇਂ ਕੰਮ ਕਰੇਗੀ

ਤਸਵੀਰ ਸਰੋਤ, Parbhu Dyal/BBC
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਸਿਰਸਾ ਦੇ ਨਟਾਰਾ ਪਿੰਡ ਵਿੱਚ ਡਿੱਗੇ ਕਿਸਾਨ ਦੀ ਪੰਜਵੇਂ ਦਿਨ ਵੀ ਭਾਲ ਜਾਰੀ ਹੈ। ਐੱਨਡੀਆਰਐੱਫ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਹੁਣ ਰੋਬੋਟ ਮਸ਼ੀਨ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਐਨਡੀਆਰਐਫ ਦੀ ਟੀਮ ਵੱਲੋਂ ਹੁਣ ਜਿੱਥੇ 12 ਅਗਸਤ ਦੀ ਸ਼ਾਮ ਨੂੰ ਕਿਸਾਨ ਸੀਵਰ 'ਚ ਡਿੱਗੇ ਸਨ, ਉਥੋਂ ਭਾਲ ਦੁਬਾਰਾ ਤੋਂ ਸ਼ੁਰੂ ਕਰਨ ਦੀ ਵਿਓਂਤ ਬਣਾ ਰਹੀ ਹੈ।
ਸਿਰਸਾ ਦੇ ਪਿੰਡ ਨਟਾਰ ਵਿੱਚ ਦੋ ਨੌਜਵਾਨ 12 ਅਗਸਤ ਨੂੰ ਉਸ ਵੇਲੇ ਸੀਵਰੇਜ ਵਿੱਚ ਡਿੱਗ ਗਏ ਜਦੋਂ ਉਹ ਖੇਤ ਨੂੰ ਪਾਣੀ ਲਾ ਰਹੇ ਸਨ। ਪਿੰਡਵਾਸੀਆਂ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਦਿਆਂ ਹੀ ਉਹ ਬੇਹੋਸ਼ ਹੋ ਗਏ ਸਨ।
ਇੱਕ ਨੌਜਵਾਨ ਜਿਸ ਨੂੰ ਕੱਢ ਲਿਆ ਗਿਆ ਸੀ, ਉਸ ਦੀ ਅੱਜ ਮੌਤ ਹੋ ਗਈ ਹੈ। ਇਹ ਨੌਜਵਾਨ ਪੂਰਨ ਚੰਦ ਹਸਪਤਾਲ ਵਿੱਚ ਦਾਖਲ ਸੀ।
ਇਸ ਮਾਮਲੇ ਵਿੱਚ ਕਦੋਂ ਕੀ ਹੋਇਆ
- ਪਿੰਡ ਨਟਾਰ ਦੇ ਦੋ ਨੌਜਵਾਨ ਪੂਰਨ ਚੰਦ ਤੇ ਸੰਦੀਪ ਕੁਮਾਰ 12 ਅਗਸਤ ਦੀ ਸ਼ਾਮ 7 ਵਜੇ ਸੀਵਰੇਜ ਵਿੱਚ ਡਿੱਗੇ
- ਪਿੰਡ ਵਾਸੀਆਂ, ਪ੍ਰਸ਼ਾਸਨ ਤੇ ਪੁਲਿਸ ਨੇ ਪੂਰਨ ਚੰਦ ਨੂੰ ਅਗਲੇ ਦਿਨ ਸਵੇਰੇ ਬਾਹਰ ਕੱਢ ਲਿਆ
- ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
- 13 ਅਗਸਤ ਨੂੰ ਪਿੰਡ ਵਿੱਚ ਫੌਜ ਪਹੁੰਚੀ ਅਤੇ ਬਚਾਅ ਕਾਰਜ ਵਿੱਚ ਜੁੱਟ ਗਈ
- 14 ਅਗਸਤ ਨੂੰ ਐੱਨਡੀਆਰਐੱਫ ਦੀ ਟੀਮ ਉੱਥੇ ਪਹੂੰਚ ਗਈ ਜੋ ਅਜੇ ਵੀ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ
- 16 ਅਗਸਤ ਨੂੰ ਪੂਰਨ ਚੰਦ ਦੀ ਮੌਤ ਹੋ ਗਈ।
- 17 ਅਗਸਤ ਨੂੰ ਖਾਸ ਰੋਬੋਟ ਮਸ਼ੀਨ ਰਾਹੀਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, PARBHU DAYAL/BBC
ਕਿਵੇਂ ਕੰਮ ਕਰ ਰਹੀ ਰੋਬੋਟ ਮਸ਼ੀਨ
ਸਿਰਸਾ ਦੇ ਤਹਿਸੀਲਦਾਰ ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਰੋਬੋਟਿਕ ਮਸ਼ੀਨ ਦਾ ਮੁੱਖ ਕੰਮ ਸੀਵਰੇਜ ਨੂੰ ਸਾਫ਼ ਕਰਨਾ ਹੈ।

ਤਸਵੀਰ ਸਰੋਤ, PARBHU DAYAL/BBC
ਉਨ੍ਹਾਂ ਅੱਗੇ ਦੱਸਿਆ, ''ਇਹ ਮਸ਼ੀਨ ਸੀਵਰੇਜ ਦੇ ਅੰਦਰ ਗਾਦ ਅਤੇ ਹੋਰ ਚੀਜ਼ਾਂ ਨੂੰ ਸਾਫ ਕਰੇਗੀ ਤੇ ਨਾਲ ਫੋਟੋਆਂ ਵੀ ਭੇਜਦੀ ਰਹੇਗੀ।''
''ਇਸ ਮਸ਼ੀਨ ਦੇ ਕੈਮਰੇ ਵਾਟਰ ਪਰੂਫ਼ ਹਨ। ਤਹਿਸੀਲਦਾਰ ਮੁਤਾਬਕ ਇੱਕ ਕੈਮਰੇ ਨੂੰ ਲੰਬੀ ਤਾਰ ਰਹੀਂ ਅੰਦਰ ਦੀਆਂ ਤਸਵੀਰਾਂ ਲੈਣ ਲਈ ਵਰਤੋਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''

ਤਸਵੀਰ ਸਰੋਤ, Prabhu Dayal/BBC
ਨੌਜਵਾਨ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ
ਦਰਅਸਲ ਦੋਵੇਂ ਨੌਜਵਾਨ ਆਪਣੇ ਖੇਤ ਨੂੰ ਪਾਣੀ ਲਾ ਰਹੇ ਸਨ। ਪਾਣੀ ਅਚਾਨਕ ਬੰਦ ਹੋਇਆ ਤਾਂ ਦੇਖਣ ਲਈ ਸੀਵਰੇਜ ਦਾ ਢੱਕਣ ਖੋਲ੍ਹਿਆ ਜਿਸ ਤੋਂ ਬਾਅਦ ਇੱਕ ਨੌਜਵਾਨ ਬੇਹੋਸ਼ ਹੋ ਗਿਆ ਅਤੇ ਸੀਵਰੇਜ ਵਿੱਚ ਡਿੱਗ ਗਿਆ।
ਤਹਿਸੀਲਦਾਰ ਸ਼੍ਰੀਨਿਵਸ ਨੇ ਦੱਸਿਆ, "ਦੋ ਨੌਜਵਾਨ ਸੀਵਰੇਜ ਵਿੱਚ ਡਿੱਗੇ ਸਨ ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਇੱਕ ਨੌਜਵਾਨ ਜਦੋਂ ਸੀਵਰੇਜ ਵਿੱਚ ਡਿੱਗਿਆ ਤਾਂ ਦੂਜਾ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਅੰਦਰ ਚਲਾ ਗਿਆ। ਇੱਕ ਨੌਜਵਾਨ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦੋਂਕਿ ਦੂਜੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।"
ਮੌਕੇ 'ਤੇ ਪੁਲਿਸ, ਪ੍ਰਸ਼ਾਸਨ ਅਤੇ ਐੱਨਡੀਆਰਐੱਫ ਦੇ ਅਧਿਕਾਰੀ ਮੌਜੂਦ ਹਨ ਅਤੇ ਪਿੰਡਵਾਸੀ ਵੀ ਰਾਹਤ ਕਾਰਜ ਵਿੱਚ ਮਦਦ ਕਰ ਰਹੇ ਹਨ।
ਸਿਰਸਾ ਦੇ ਡੀਸੀ ਆਰਸੀ ਬਿਢਾਨ ਨੇ ਵੀ ਦੱਸਿਆ ਕਿ ਸੀਵਰੇਜ ਲਾਈਨ ਵਿੱਚੋਂ ਪਾਣੀ ਕੱਢਣ ਲਈ ਦੋਹਾਂ ਨੇ ਢੱਕਣ ਖੋਲ੍ਹਿਆ ਸੀ ਤੇ ਉਸ ਵਿੱਚ ਡਿੱਗ ਗਏ। ਹੁਣ ਦੂਜੇ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ।
ਇਹ ਵੀ ਪੜ੍ਹੋ:












