You’re viewing a text-only version of this website that uses less data. View the main version of the website including all images and videos.
ਭਾਰਤ ਦਾ ਸੁਤੰਤਰਤਾ ਦਿਵਸ: ਆਧਾਰ ਕਾਰਡ ਤੋਂ ਬਾਅਦ ਹੁਣ ਹਰ ਭਾਰਤੀ ਲਈ ਹੈਲਥ ਆਈਡੀ, ਮੋਦੀ ਦੇ ਭਾਸ਼ਣ ਦੇ ਮੁੱਖ ਬਿੰਦੂ
ਭਾਰਤ ਦੇ 74ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਵੀਂ ਵਾਰ ਤਿਰੰਗਾ ਫਹਿਰਾਇਆ। ਲਾਲ ਕਿਲੇ ਉੱਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਡੇਢ ਘੰਟੇ ਲੰਬੇ ਭਾਸ਼ਣ ਦੀ ਸ਼ੁਰੂਆਤ ਵਿੱਚ ਮੋਦੀ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਅੱਜ ਉਨ੍ਹਾਂ ਦੇ ਸਾਹਮਣੇ ਦੇਸ਼ ਦਾ ਭਵਿੱਖ ਨਿੱਕੇ-ਨਿੱਕੇ ਬੱਚੇ ਨਹੀਂ ਹਨ।
ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:-
- ਉਨ੍ਹਾਂ ਨੇ ਕੋਰੋਨਾ ਯੋਧਿਆਂ ਦਾ ਵੀ ਜ਼ਿਕਰ ਕੀਤਾ ਅਤੇ ਕੋਰੋਨਾ ਮਹਾਂਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਇਸ ਲੜਾਈ ਵਿੱਚ ਜਿੱਤ ਦੀ ਉਮੀਦ ਜਤਾਈ।
- ਉਨ੍ਹਾਂ ਨੇ ਕਿਹਾ ਕਿ ਅੱਜ ਦਾ ਪਰਬ ਸੰਕਲਪ ਲੈਣ ਦਾ ਸਮਾਂ ਹੈ ਕਿਉਂਕਿ ਅਗਲੇ ਸਾਲ ਅਸੀਂ ਅਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਵਾਂਗੇ।
- ਭਾਵੇਂ ਅੱਜ ਅਸੀਂ ਅਜ਼ਾਦ ਹਾਂ ਪਰ ਗੁਲਾਮੀ ਦੇ ਦੌਰ ਵਿੱਚ ਕੋਈ ਵੀ ਅਜਿਹਾ ਪਲ ਜਾਂ ਖੇਤਰ ਨਹੀਂ ਸੀ ਜਦੋਂ ਕਿਸੇ ਵਿੱਚ ਅਜ਼ਾਦੀ ਦੀ ਲਲਕ ਨਾ ਹੋਵੇ ਜਾਂ ਕੋਈ ਇਸ ਲਈ ਯਤਨ ਨਾ ਕਰ ਰਿਹਾ ਹੋਵੋ।
- ਜੋ ਲੋਕ ਕਹਿੰਦੇ ਸਨ ਕਿ ਇੰਨੀਆਂ ਭਿੰਨਤਾਵਾਂ ਵਾਲਾ ਦੇਸ਼ ਕਦੇ ਇਕਜੁੱਟ ਹੋ ਕੇ ਲੜ ਨਹੀਂ ਸਕੇਗਾ ਪਰ ਅਜ਼ਾਦੀ ਦੀ ਲਲਕ ਨੇ ਉਨ੍ਹਾਂ ਦੇ ਮਨਸੂਬਿਆਂ ਉੱਪਰ ਪਾਣੀ ਫੇਰ ਦਿੱਤਾ।
- ਉਨ੍ਹਾਂ ਵਿਸਥਾਰਵਾਦੀ ਸ਼ਕਤੀਆਂ ਨੇ ਦੁਨੀਆਂ ਨੂੰ ਦੋ ਵੱਡੀਆਂ ਜੰਗਾਂ ਵਿੱਚ ਝੋਂਕ ਦਿੱਤਾ ਪਰ ਭਾਰਤ ਉਸ ਦੌਰਾਨ ਵੀ ਕੁਰਬਾਨੀਆਂ ਕਰਦਾਰਿਹਾ ਅਤੇ ਅੱਗੇ ਵਧਦਾ ਰਿਹਾ।
- ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਭਾਰਤ ਨੇ ਆਤਮ ਨਿਰਭਰ ਭਾਰਤ ਦਾ ਸੰਕਲਪ ਲਿਆ। ਜਦੋਂ ਮੈਂ ਆਤਮ ਨਿਰਭਰਤਾ ਦੀ ਗੱਲ ਕਰਦਾ ਹਾਂ ਤਾਂ ਜੋ ਲੋਕ 25 ਸਾਲ ਦੇ ਹੋ ਚੁੱਕੇ ਹਨ ਉਨ੍ਹਾਂ ਨੇ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਹੁਣ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਓ ਆਤਮ ਨਿਰਭਰ ਹੋ ਜਾਓ। ਅਸੀਂ ਤਾਂ ਅਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ ਸਾਡੇ ਲਈ ਤਾਂ ਆਤਮ ਨਿਰਭਰ ਹੋਣਾ ਲਾਜ਼ਮੀ ਹੈ।
- ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਭਾਰਤ ਨੇ ਆਤਮ-ਨਿਰਭਰ ਹੋਣ ਦਾ ਸੰਕਲਪ ਲਿਆ। ਜਦੋਂ ਮੈਂ ਆਤਮ ਨਿਰਭਰਤਾ ਦੀ ਗੱਲ ਕਰਦਾ ਹਾਂ ਤਾਂ ਜੋ ਲੋਕ 25 ਸਾਲ ਦੇ ਹੋ ਚੁੱਕੇ ਹਨ ਉਨ੍ਹਾਂ ਨੇ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਹੁਣ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਓ ਆਤਮ-ਨਿਰਭਰ ਹੋ ਜਾਓ। ਅਸੀਂ ਤਾਂ ਅਜ਼ਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ ਸਾਡੇ ਲਈ ਤਾਂ ਆਤਮ-ਨਿਰਭਰ ਹੋਣਾ ਲਾਜ਼ਮੀ ਹੈ।
- ਦੁਨੀਆਂ ਭਾਰਤ ਵੱਲ ਦੇਖ ਵੀ ਰਹੀ ਹੈ ਤੇ ਇਸ ਨੂੰ ਭਾਰਤ ਤੋਂ ਉਮੀਦਾਂ ਵੀ ਹਨ। ਇਸ ਲਈ ਸਾਨੂੰ ਆਪਣੇ-ਆਪ ਨੂੰ ਯੋਗ ਬਣਾਉਣਾ ਪਵੇਗਾ।
- ਅੱਜ ਦੁਨੀਆਂ ਆਪਸ ਵਿੱਚ ਜੁੜੀ ਹੋਈ ਅਤੇ ਇੱਕ ਦੂਜੇ 'ਤੇ ਨਿਰਭਰ ਵੀ ਹੈ। ਇਸ ਲਈ ਜੇ ਭਾਰਤ ਨੇ ਦੁਨੀਆਂ ਦੀ ਆਰਥਿਕਤਾ ਵਿੱਚ ਭੂਮਿਕਾ ਨਿਭਾਉਣੀ ਹੈ ਤਾਂ ਸਾਨੂੰ ਆਤਮ ਨਿਰਭਰ ਹੋਣਾ ਪਵੇਗਾ। ਜੇ ਅਸੀਂ ਆਪ ਸਮਰੱਥ ਹੋਵਾਂਗੇ ਤਾਂ ਹੀ ਅਸੀਂ ਦੁਨੀਆਂ ਦੀ ਭਲਾਈ ਲਈ ਵੀ ਕੁਝ ਕਰ ਸਕਾਂਗੇ।
- ਆਤਮ ਨਿਰਭਰਤਾ ਦਾ ਮਤਲਬ ਸਿਰਫ਼ ਆਯਾਤ ਨੂੰ ਘਟਾਉਣਾ ਹੀ ਨਹੀਂ ਹੈ ਸਗੋ ਸਾਡੀ ਆਪਣੀ ਸਮਰੱਥਾ ਅਤੇ ਰਚਨਾਤਮਿਕਤਾ ਨੂੰ ਵੀ ਵਧਾਉਣਾ ਹੈ। ਜੇ ਇਸ ਰਾਹ ਵਿੱਚ ਬਹੁਤ ਸਾਰੀਆਂ ਔਕੜਾਂ ਹਨ ਤਾਂ ਕਰੋੜਾਂ ਹੱਲ ਵੀ ਹਨ।
- ਕੋਰੋਨਾ ਦੇ ਕਾਲ ਨੇ ਦਿਖਾ ਦਿੱਤਾ ਕੇ ਜੋ ਭਾਰਤ ਵਿੱਚ ਕਦੇ ਬਣਦਾ ਨਹੀਂ ਸੀ ਉਹ ਬਣਨ ਲੱਗਿਆ- ਐੱਨ-95, ਪੀਪੀਈ ਕਿੱਟਾਂ ਸਭ ਕੁਝ ਬਣਨ ਲੱਗਿਆ। ਅਸੀਂ ਬਾਹਰ ਭੇਜਣ ਦੇ ਵੀ ਯੋਗ ਹੋ ਗਏ।
- ਇਸ ਲਈ ਸਾਨੂੰ ਵੋਕਲ ਫਾਰ ਲੋਕਲ ਹੋਣਾ ਪਵੇਗਾ। ਸਾਨੂੰ ਦੇਸੀ ਚੀਜ਼ਾਂ ਬਾਰੇ ਬੋਲਣਾ ਸ਼ੁਰੂ ਕਰਨਾ ਪਵੇਗਾ।
- ਭਾਰਤ ਵਿੱਚ ਕੀਤੇ ਜਾ ਰਹੇ ਸੁਧਾਰਾਂ ਨੂੰ ਦੁਨੀਆਂ ਦੇਖ ਰਹੀ ਹੈ। ਇਸੇ ਕਾਰਨ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਸਾਰੇ ਰਿਕਾਰਡ ਟੁੱਟ ਗਏ ਹਨ ਅਤੇ ਪਿਛਲੇ ਸਾਲ ਦੌਰਾਨ ਇਸ ਵਿੱਚ 18 ਫ਼ੀਸਦੀ ਦਾ ਵਾਧਾ ਹੋਇਆ ਹੈ।
- ਹੁਣ ਅਸੀਂ ਮੇਕ ਇਨ ਇੰਡੀਆ ਦੇ ਨਾਲ ਮੇਕ ਫਾਰ ਵਰਲਡ ਦਾ ਮੰਤਰ ਲੈ ਕੇ ਅੱਗੇ ਵਧਣਾ ਹੈ।
- ਬਿਜਲੀ ਡਿੱਗਣ ਨਾਲ ਮੌਤਾਂ, ਟਿੱਡੀ ਦਲ ਦਾ ਹਮਲਾ ਹੋਇਆ ਪਰ ਦੇਸ਼ ਅੱਗੇ ਵਧਦਾ ਰਿਹਾ
- ਨੈਸ਼ਨਲ ਇਨਫਰਾਸਟਰਕਚਰ ਪਾਈਪਲਾਈਨ ਸ਼ੁਰੂ ਕੀਤੀ ਜਾਵੇਗੀ।
ਪੂਰਾ ਭਾਸ਼ਣ ਤੁਸੀਂ ਇੱਥੇ ਦੇਖ ਸਕਦੇ ਹੋ
- ਸਾਡੇ ਸਮੁੰਦਰੀ ਤਟਾਂ ਦੇ ਵਿਕਾਸ ਲਈ ਚਹੁੰਮਾਰਗੀ ਸੜਕਾਂ ਬਣਾਈਆਂ ਜਾਣਗੀਆਂ।
- ਮਿਹਨਤਕਸ਼ ਨਾਗਰਿਕਾਂ ਨੂੰ ਜਦੋਂ ਸਹੂਲਤਾਂ ਮਿਲਦੀਆਂ ਹਨ ਤਾਂ ਉਨ੍ਹਾਂ ਦੀ ਸ਼ਕਤੀ ਖਿੜ ਉਠਦੀ ਹੈ। ਜਿਸ ਲਈ ਪਿਛਲੇ 6 ਸਾਲਾਂ ਦੌਰਾਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
- ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਰੁਜ਼ਗਾਰ ਮਿਲ ਸਕੇ ਅਤੇ ਜਦੋਂ ਉਹ ਕੰਮ ਲਈ ਸ਼ਹਿਰਾਂ ਵਿੱਚ ਆਉਣ ਤਾਂ ਉਨ੍ਹਾਂ ਨੂੰ ਰਹਿਣ ਲਈ ਘਰ ਮਿਲੇ ਇਸ ਲਈ ਯਤਨ ਕੀਤੇ ਗਏ ਹਨ।
- ਵਿਕਾਸ ਵਿੱਚ ਔਸਤ ਤੋਂ ਪਛੜੇ ਜ਼ਿਲ੍ਹਿਆਂ ਨੂੰ ਕੌਮੀ ਪੱਧਰ ਤੱਕ ਲਿਆਉਣ ਲਈ ਨਿਸ਼ਾਨਦੇਹੀ ਕੀਤੀ ਗਈ ਹੈ।
- ਇਸ ਦੌਰ ਵਿੱਚ ਕਿਸਾਨ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਅਸੀਂ ਕਿਸਾਨ ਨੂੰ ਬੰਧਨ ਮੁਕਤ ਕਰ ਦਿੱਤਾ ਹੈ। ਤੁਸੀਂ ਕੋਈ ਵੀ ਉਤਪਾਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵੇਚ ਸਕਦੇ ਹੋ ਪਰ ਕਿਸਾਨ ਅਜਿਹਾ ਨਹੀਂ ਕਰ ਸਕਦਾ ਸੀ। ਹੁਣ ਉਹ ਅਜਿਹਾ ਕਰ ਸਕੇਗਾ।
- ਅਸੀਂ ਕਿਸਾਨ ਦੀ ਆਮਦਨੀ ਦੁੱਗਣੀ ਕਰਨ ਦੇ ਯਤਨ ਵਿੱਚ ਲੱਗੇ ਹਾਂ। ਕੋਰੋਨਾ ਕਾਲ ਵਿੱਚ ਹੀ ਸਰਕਾਰ ਨੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਇੱਕ ਲੱਖ ਕਰੋੜ ਜਾਰੀ ਕੀਤੇ ਹਨ।
- ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਆਰਥਿਕ ਖੇਤਰ ਬਣਾਏ ਜਾਣਗੇ।
- ਪਿਛਲੇ ਸਾਲ ਮੈਂ ਜਲ ਮਿਸ਼ਨ ਯੋਜਨਾ ਦਾ ਐਲਾਨ ਕੀਤਾ ਸੀ। ਅੱਜ ਮੈਨੂੰ ਸੰਤੋਸ਼ ਹੈ ਕਿ ਹਰ ਰੋਜ਼ ਇੱਕ ਲੱਖ ਤੋਂ ਵਧੇਰੇ ਘਰਾਂ ਤੱਕ ਪਾਣੀ ਪਹੁੰਚਾ ਰਿਹਾ ਹਾਂ ਤੇ ਪਿਛਲੇ ਇੱਕ ਸਾਲ ਦੌਰਾਨ ਇੱਕ ਕਰੋੜ ਘਰਾਂ ਤੱਕ ਪਾਣੀ ਪਹੁੰਚਾਇਆ ਜਾ ਸਕਿਆ ਹੈ।
- ਮੱਧਮ ਵਰਗ ਨੂੰ ਸਰਕਾਰੀ ਦਖ਼ਲ ਤੋਂ ਮੁਕਤੀ ਚਾਹੀਦੀ ਹੈ। ਮੱਧਮ ਵਰਗ ਚਮਤਕਾਰ ਕਰ ਸਕਦਾ ਹੈ। ਇਸ ਨੂੰ ਜਿੰਨੀਆਂ ਸਹੂਲਤਾਂ ਮਿਲਦੀਆਂ ਹਨ ਉਹ ਉਨਾਂ ਦਾ ਵਿਕਾਸ ਕਰਦਾ ਹੈ।
- ਦੇਸ਼ ਦੇ ਵਿਕਾਸ ਵਿੱਚ ਸਿੱਖਿਆ ਦਾ ਬਹੁਤ ਵੱਡਾ ਮਹੱਤਵ ਹੈ ਜਿਸ ਲਈ ਤਿੰਨ ਦਹਾਕਿਆਂ ਬਾਅਦ ਅਸੀਂ ਨਵੀਂ ਸਿੱਖਿਆ ਨੀਤੀ ਦੇਣ ਵਿੱਚ ਸਫ਼ਲ ਹੋਏ ਹਾਂ।
- ਕੋਰੋਨਾ ਕਾਲ ਦੌਰਾਨ ਔਨਲਾਈਲ ਕਲਾਸਾਂ ਅਤੇ ਔਨਲਾਈਨ ਲੈਣ ਦੇਣ ਇੱਕ ਸੱਭਿਆਚਾਰ ਬਣ ਗਿਆ ਹੈ। ਕਈ ਵਾਰ ਸੰਕਟ ਦੇ ਸਮੇਂ ਵੀ ਲਾਭਦਾਇਕ ਗੱਲਾਂ ਹੋ ਜਾਂਦੀਆਂ ਹਨ।
- ਦੇਸ਼ ਵਿੱਚ ਫਾਈਬਰ ਔਪਟਿਕਸ ਦੇ ਨੈਟਵਰਕ ਦਾ ਵਿਸਥਾਰ ਕੀਤਾ ਗਿਆ ਹੈ ਤਾਂ ਜੋ ਉਹ ਵੀ ਡਿਜੀਟਲ ਇੰਡੀਆ ਦਾ ਹਿੱਸਾ ਬਣ ਸਕਣ। ਅਉਣ ਵਾਲੇ ਸਮੇਂ ਵਿੱਚ ਇੱਕ ਹਜ਼ਾਰ ਦਿਨਾਂ ਵਿੱਚ ਛੇ ਲੱਖ ਪਿੰਡਾਂ ਤੱਕ ਫਾਈਬਰ ਔਪਟਿਕਸ ਦੇ ਨੌਟਵਰਕ ਦਾ ਵਿਸਥਾਰ ਕਰ ਦਿੱਤਾ ਜਾਵੇਗਾ।
- ਸਾਈਬਰ ਦੇ ਖੇਤਰ ਵਿੱਚ ਸੰਭਾਵਨਾਵਾਂ ਵੀ ਹਨ ਅਤੇ ਖ਼ਤਰੇ ਵੀ ਹਨ। ਆਉਣ ਵਾਲੇ ਸਮੇਂ ਵਿੱਚ ਸਾਈਬਰ ਸੁਰੱਖਿਆ ਨੀਤੀ ਲਿਆਂਦੀ ਜਾਵੇਗੀ।
- ਅਸੀਂ ਜਨ ਔਸ਼ਧੀ ਕੇਂਦਰਾਂ ਰਾਹੀਂ ਇੱਕ ਰੁਪਏ ਵਿੱਚ ਸੈਨਟਰੀ ਪੈਡ ਭੇਜਣਾ ਸ਼ੁਰੂ ਕੀਤਾ ਹੈ। ਜਲਦੀ ਹੀ ਬੇਟੀਆਂ ਦੇ ਵਿਆਹ ਦੀ ਉਮਰ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ।
- ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾ ਰਹੀ ਹੈ। ਇਸ ਅਧੀਨ ਇਲਾਜ ਵਿੱਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
- ਕੋਰੋਨਾ ਦੀ ਵੈਕਸੀਨ ਦੀ ਸਾਰੇ ਉਡੀਕ ਕਰ ਰਹੇ ਹਨ। ਸਾਡੇ ਵਿਗਿਆਨੀ ਇਸ ਵਿੱਚ ਤਪੱਸਿਆ ਕਰ ਰਹੇ ਹਨ। ਭਾਰਤ ਵਿੱਚ ਕੋਰੋਨਾ ਦੀਆਂ ਤਿੰਨ ਵੈਕਸੀਨਾਂ ਪ੍ਰੀਖਣ ਦੇ ਵੱਖ-ਵੱਖ ਪੜਾਵਾਂ ਉੱਪਰ ਹਨ। ਸਾਇੰਸਦਾਨਾਂ ਦੀ ਹਰੀ ਝੰਡੀ ਮਿਲਦਿਆਂ ਹੀ ਇਸ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।
- ਕਿਵੇਂ ਜਲਦੀ ਤੋਂ ਜਲਦੀ ਇਹ ਵੈਕਸੀਨ ਸਾਰੇ ਨਾਗਰਿਕਾਂ ਤੱਕ ਪਹੁੰਚੇ ਇਸ ਦੀ ਯੋਜਨਾ ਵੀ ਤਿਆਰ ਹੈ।
- 370 ਖ਼ਤਮ ਹੋਇਆਂ ਇੱਕ ਸਾਲ ਪੂਰਾ ਹੋ ਚੁੱਕਿਆ ਹੈ ਜੋ ਖਿੱਤੇ ਲਈ ਵਿਕਾਸ ਦੀ ਨਵੀਂ ਸ਼ੁਰੂਆਤ ਦਾ ਸਮਾਂ ਰਿਹਾ ਹੈ। ਉੱਥੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ।
- ਲਦਾਖ਼ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਉਨ੍ਹਾਂ ਦੀ ਚਿਰੋਕਣੀਨ ਮੰਗ ਪੂਰੀ ਕੀਤੀ ਗਈ ਹੈ। ਉੱਥੇ ਕੇਂਦਰੀ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਰਿਸਰਚ ਸੈਂਟਰ ਬਣਾਏ ਜਾ ਰਹੇ ਹਨ।
- ਲਦਾਖ਼ ਕਾਰਬਨ ਨਿਊਟਰਲ ਇਕਾਈ ਦਾ ਨਮੂਨਾ ਬਣ ਸਕਦਾ ਹੈ। ਜਿਸ ਦਿਸ਼ਾ ਵਿੱਚ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਮਿਲ ਕੇ ਵੱਧ ਰਹੇ ਹਾਂ।
- ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਾਰਤ ਦੁਨੀਆਂ ਦੇ ਸਿਖਰਲੇ ਪੰਜ ਦੇਸ਼ਾਂ ਵਿੱਚ ਸ਼ੁਮਾਰ ਹੈ।
- ਐੱਲਓਸੀ ਤੋਂ ਲੈ ਕੇ ਐੱਲਏਸੀ ਤੱਕ ਜਿਸ ਨੇ ਵੀ ਸਾਡੇ ਵੱਲ ਅੱਖ ਚੁੱਕੀ ਸਾਡੇ ਦੇਸ਼ ਦੀ ਫ਼ੌਜ ਨੇ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ।
- 192 ਵਿੱਚੋਂ 184 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਸਥਾਈ ਮੈਂਬਰੀ ਲਈ ਭਾਰਤ ਦੀ ਹਮਾਇਤ ਕੀਤੀ ਹੈ। ਇਹ ਤਾਂ ਹੀ ਸੰਭਵ ਹੈ ਕਿਉਂਕਿ ਭਾਰਤ ਮਜ਼ਬੂਤ ਹੈ।
- ਦੱਖਣੀ ਏਸ਼ੀਆ ਵਿੱਚ ਦੁਨੀਆਂ ਦੀ ਇੱਕ ਚੌਥਾਈ ਵਸੋਂ ਰਹਿੰਦੀ ਹੈ। ਜਿਸ ਦੇ ਵਿਕਾਸ ਲਈ ਰਲ-ਮਿਲ ਕੇ ਕੰਮ ਕਰਨ ਦੀ ਲੋੜ ਹੈ ਤੇ ਇਹ ਖਿੱਤੇ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ।
- ਅੱਜ ਗੁਆਂਢੀ ਉਹੀ ਨਹੀਂ ਜਿੰਨਾਂ ਨਾਲ ਸਡੀਆਂ ਸਰਹੱਦਾਂ ਮਿਲਦੀਆਂ ਹਨ ਸਗੋਂ ਉਹ ਵੀ ਹਨ ਜਿਨ੍ਹਾਂ ਨਾਲ ਸਾਡੇ ਦਿਲ ਮਿਲਦੇ ਹਨ। ਅਸੀਂ ਇਨ੍ਹਾਂ ਐਕਸਟੈਂਡਡ ਨੇਬਰਹੁੱਡ ਦੇ ਦੇਸ਼ਾਂ ਨਾਲ ਆਪਣੇ ਸੰਬੰਧ ਸੁਧਾਰੇ ਹਨ, ਵਿਸ਼ਵਾਸ ਵਧਿਆ ਹੈ।
- ਪਿਛਲੇ ਸਮੇਂ ਦੌਰਾਨ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੌ ਤੋਂ ਵਧੇਰੇ ਰੱਖਿਆ ਉਤਪਾਦਾਂ ਦੇ ਇੰਪੋਰਟ ਉੱਪਰ ਰੋਕ ਲਗਾਈ ਹੈ।
- ਸਾਡਾ ਵਿਸ਼ਾਲ ਸਮੁੰਦਰੀ ਤਟ ਹੈ ਅਤੇ ਸਾਡੇ ਕੋਲ 1300 ਤੋਂ ਵਧੇਰੇ ਦੀਪ ਹਨ। ਜਿਨ੍ਹਾਂ ਵਿੱਚੋਂ ਚੁਣਿਦਾ ਦੀਪਾਂ ਦੇ ਵਿਕਾਸ ਲਈ ਕੰਮ ਸ਼ੁਰੂ ਕੀਤਾ ਗਿਆ ਹੈ।
- ਆਉਣ ਵਾਲੇ 1000 ਦਿਨਾਂ ਵਿੱਚ ਅੰਡੇਮਾਨ ਤੇ ਨਿਕੋਬਾਰ ਨੂੰ ਵੀ ਫਾਈਬਰ ਔਪਟਿਕਸ ਨਾਲ ਜੋੜਿਆ ਜਾਵੇਗਾ।
- ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਐੱਨਸੀਸੀ ਦਾ ਵਿਸਥਾਰ ਕੀਤਾ ਜਾਵੇਗਾ। ਤਟੀ ਜ਼ਿਲ੍ਹਿਆਂ ਵਿੱਚ ਜਲ ਸੈਨਾ ਅਤੇ ਦੂਜੀਆਂ ਥਾਵਾਂ 'ਤੇ ਫੌਜ ਅਤੇ ਜਿੱਥੇ ਹਵਾਈ ਟਿਕਾਣੇ ਹਨ ਉੱਥੋਂ ਦੇ ਨੌਜਵਾਨਾਂ ਨੂੰ ਹਵਾਈ ਫ਼ੌਜ ਲਈ ਸਿਖਲਾਈ ਦਿੱਤੀ ਜਾਏਗੀ।
- ਦਸ ਦਿਨ ਪਹਿਲਾਂ ਅਯੁਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ। ਦੇਸ਼ ਵਾਸੀਆਂ ਨੇ ਜਿਸ ਸਮਝਦਾਰੀ ਦਾ ਸਬੂਤ ਦਿੱਤਾ ਉਹ ਆਉਣ ਵਾਲੇ ਸਮੇਂ ਲਈ ਸਾਡੀ ਪ੍ਰੇਰਣਾ ਦਾ ਸਰੋਤ ਹੈ।
- ਆਉਣ ਵਾਲੇ ਸਮੇਂ ਵਿੱਚ ਨਵੀਂ ਨੀਤੀ ਅਤੇ ਰੀਤੀ ਨਾਲ ਅੱਗੇ ਵਧੇਗਾ। 'ਚਲਦਾ ਹੈֹ','ਹੁੰਦਾ ਹੈ' ਇਹ ਸਮਾਂ ਚਲਿਆ ਗਿਆ। ਉਹ ਅਸੀਂ ਸਭ ਕੁਝ ਉੱਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਹੀ 'ਏਕ ਭਾਰਤ, ਸਰੇਸ਼ਟ ਭਾਰਤ 'ਦਾ ਸੰਕਲਪ ਪੂਰਾ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ:-