ਟੈਕਸ ਸੁਧਾਰ ਲਈ ਪੀਐੱਮ ਮੋਦੀ ਦੇ ਐਲਾਨ ਨੂੰ ਸੌਖੇ ਸ਼ਬਦਾਂ ’ਚ ਸਮਝੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟੈਕਸ ਭਰਨ ਵਾਲਿਆਂ ਲਈ 'ਟਰਾਂਸਪੇਂਰਟ ਟੈਕਸੇਸ਼ਨ- ਆਨਰਿੰਗ ਦਿ ਆਨੇਸਟ' (ਇਮਾਨਦਾਰਾਂ ਲਈ ਸਨਮਾਨ) ਪਲੇਟਫਾਰਮ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸਿਲਸਿਲੇਵਾਰ ਸੁਧਾਰ ਅੱਜ ਇੱਕ ਨਵੇਂ ਪੜਾਅ 'ਤੇ ਪਹੁੰਚ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,''ਜਦੋਂ ਦੇਸ਼ ਦੇ ਇਮਾਨਦਾਰ ਟੈਕਸਪੇਅਰ ਦੀ ਜ਼ਿੰਦਗੀ ਸੌਖੀ ਹੁੰਦੀ ਹੈ, ਉਹ ਅੱਗੇ ਵਧਦਾ ਹੈ, ਤਾਂ ਦੇਸ਼ ਦਾ ਵੀ ਵਿਕਾਸ ਹੁੰਦਾ ਹੈ, ਦੇਸ਼ ਅੱਗੇ ਵਧਦਾ ਹੈ।''

ਪ੍ਰਧਾਨ ਮੰਤਰੀ ਨੇ ਇਸ ਪਲੇਟਫਾਰਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਕਿ 'ਟਰਾਂਸਪੇਂਰਟ ਟੈਕਸੇਸ਼ਨ- ਆਨਰਿੰਗ ਦਿ ਆਨੇਸਟ' ਦੇ ਜ਼ਰੀਏ ਤਿੰਨ ਵੱਡੇ ਟੈਕਸ ਸੁਧਾਰ ਹੋਣਗੇ। ਫੇਸਲੈਸ ਅਸੈਸਮੈਂਟ, ਫੇਸਲੈਸ ਅਪੀਲ ਅਤੇ ਟੈਕਸਪੇਅਰਜ਼ ਚਾਰਟਰ।

ਫੇਸਲੈਸ ਅਸੈਸਮੈਂਟ ਅਤੇ ਟੈਕਸਪੇਅਰ ਚਾਰਟਰ ਵੀਰਵਾਰ ਨੂੰ ਹੀ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਫੇਸਲੈਸ ਅਪੀਲ ਦੀ ਸੁਵਿਧਾ 25 ਸਤੰਬਰ ਤੋਂ ਪੂਰੇ ਦੇਸ਼ ਦੇ ਨਾਗਰਿਕਾਂ ਲਈ ਮੁਹੱਈਆ ਹੋ ਜਾਵੇਗੀ।

ਹੁਣ ਤੁਹਾਨੂੰ ਦੱਸਦੇ ਹਾਂ ਕਿ ਫੇਸਲੈਸ ਅਸੈਸਮੈਂਟ ਹੈ ਕੀ ਅਤੇ ਇਹ ਕਿਵੇਂ ਕੰਮ ਕਰੇਗੀ।

ਫੇਸਲੈਸ ਅਸੈਸਮੈਂਟ ਕੀ ਹੈ

ਫੇਸਲੈਸ ਯਾਨਿ ਟੈਕਸ ਭਰਨ ਵਾਲਾ ਅਤੇ ਟੈਕਸ ਅਫਸਰ ਕੌਣ ਹੈ, ਇਸ ਨਾਲ ਮਤਲਬ ਨਹੀਂ ਹੋਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਹੁਣ ਤੱਕ ਇਹ ਹੁੰਦਾ ਸੀ ਕਿ ਜਿਸ ਸ਼ਹਿਰ ਵਿੱਚ ਅਸੀਂ ਰਹਿੰਦੇ ਹਾਂ, ਉਸੇ ਸ਼ਹਿਰ ਦਾ ਟੈਕਸ ਅਧਿਕਾਰੀ ਸਾਡੇ ਕੰਮਾਂ ਨੂੰ ਵੇਖਦਾ ਹੈ ਜਿਵੇਂ ਸਕਰੂਟਨੀ, ਨੋਟਿਸ, ਸਰਵੇ ਜਾਂ ਜਬਤੀ ਹੋਵੇ।”

“ਇਸ ਵਿੱਚ ਉਸੇ ਸ਼ਹਿਰ ਦੇ ਇਨਕਮ ਟੈਕਸ ਅਧਿਕਾਰੀ ਦੀ ਭੂਮਿਕਾ ਹੁੰਦੀ ਹੈ, ਹੁਣ ਇਹ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਈ ਹੈ। ਹੁਣ ਸਕਰੂਟਨੀ ਦੇ ਮਾਮਲੇ ਨੂੰ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਅਧਿਕਾਰੀ ਨੂੰ ਦੇ ਦਿੱਤਾ ਜਾਵੇਗਾ। ਇਸ ਨਾਲ ਜੋ ਹੁਕਮ ਨਿਕਲੇਗਾ ਉਸਦੀ ਸਮੀਖਿਆ ਕਿਸੇ ਹੋਰ ਸੂਬੇ ਦੀ ਟੀਮ ਕਰੇਗੀ।

ਫੇਸਲੈਸ ਅਸੈਸਮੈਂਟ ਇੱਕ ਤਰ੍ਹਾਂ ਦਾ ਇਲੈਕਟ੍ਰੋਨਿਕ ਮੋਡ ਹੁੰਦਾ ਹੈ, ਜੋ ਇੱਕ ਸਾਫਟਵੇਅਰ ਦੇ ਜ਼ਰੀਏ ਵਰਤਿਆ ਜਾਵੇਗਾ। ਇਸਦੇ ਤਹਿਤ ਤੁਹਾਨੂੰ ਕਿਸੇ ਨੀ ਇਨਕਮ ਟੈਕਸ ਅਧਿਕਾਰੀ ਦੇ ਸਾਹਮਣੇ ਜਾਂ ਉਸਦੇ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ।

ਕਿਸੇ ਵੀ ਸ਼ਖ਼ਸ ਨੂੰ ਇਨਕਮ ਟੈਕਸ ਸਕਰੂਟਨੀ ਅਸੈਸਮੈਂਟ ਨੋਟਿਸ ਲਈ ਕਿਸੇ ਵੀ ਤਰ੍ਹਾਂ ਦੀ ਭੱਜਦੌੜ ਕਰਨ ਜਾਂ ਚਾਰਟਡ ਅਕਾਊਂਟੈਂਟ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਗੰਭੀਰ ਜੁਰਮ, ਵੱਡੀ ਟੈਕਸ ਚੋਰੀ, ਅੰਤਰਰਾਸ਼ਟਰੀ ਟੈਕਸ ਦੇ ਮਾਮਲੇ ਜਾਂ ਦੇਸ਼ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮਸਲੇ ਤੇ ਇਸ ਸੁਵਿਧਾ ਦਾ ਲਾਭ ਨਹੀਂ ਮਿਲੇਗਾ।

ਪੀਐੱਮ ਮੋਦੀ ਨੇ ਟੈਕਸਪੇਅਰ ਚਾਰਟਰ ਲਈ ਕਿਹਾ ਹੈ ਕਿ ਇਹ ਕਰਦਾਤਾ ਦੇ ਅਧਿਕਾਰ ਅਤੇ ਸਰਕਾਰ ਦੀ ਜ਼ਿੰਮੇਦਾਰੀ ਨੂੰ ਮਜ਼ਬੂਤ ਕਰਨ ਦਾ ਇੱਕ ਕਦਮ ਹੈ। ਇਸਦੇ ਜ਼ਰੀਏ ਹੁਣ ਕਰਦਾਤਾ ਨੂੰ ਸਹੀ ਅਤੇ ਚੰਗੇ ਵਿਹਾਰ ਦਾ ਭਰੋਸਾ ਦਿੱਤਾ ਗਿਆ ਹੈ। ਹੁਣ ਇਨਕਮ ਟੈਕਸ ਵਿਭਾਗ ਨੂੰ ਕਰਦਾਤਾ ਦੇ ਆਤਮ-ਸਨਮਾਨ ਦੀ ਸੰਵੇਦਨਸ਼ੀਲਤਾ ਦਾ ਖਾਸ ਧਿਆਨ ਰੱਖਣਾ ਪਵੇਗਾ।

ਇਨਕਮ ਟੈਕਸ ਵਿਭਾਗ ਹੁਣ ਟੈਕਸਪੇਅਰ ਨੂੰ ਬਿਨਾਂ ਕਿਸੇ ਆਧਾਰ 'ਤੇ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖ ਸਕਦਾ। ਇਸ ਦੇ ਨਾਲ ਕਰਦਾਤਾ ਦੀਆਂ ਵੀ ਜ਼ਿੰਮੇਦਾਰੀਆਂ ਹੋਣਗੀਆਂ। ਕਰਦਾਤਾ ਨੇ ਟੈਕਸ ਇਸ ਲਈ ਭਰਨਾ ਹੈ ਕਿਉਂਕਿ ਉਸੇ ਦਾ ਨਾਲ ਹੀ ਸਿਸਟਮ ਚਲਦਾ ਹੈ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)