ਕੋਰੋਨਾਵਾਇਰਸ ਵੈਕਸੀਨ: ਰੂਸ ਨੇ ਬਣਾ ਲਿਆ ਹੈ ਪਹਿਲਾ ਟੀਕਾ, ਪੁਤਿਨ ਦਾ ਦਾਅਵਾ, ਧੀ 'ਤੇ ਵੀ ਕੀਤਾ ਪ੍ਰੀਖਣ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਗਿਆਨੀਆਂ ਨੇ ਅਜਿਹੀ ਵੈਕਸੀਨ ਤਿਆਰ ਕਰ ਲਈ ਹੈ ਜੋ ਕੋਰੋਨਾਵਾਇਰਸ ਦੇ ਖ਼ਿਲਾਫ਼ ਕਾਰਗਰ ਹੈ।

ਉਨ੍ਹਾਂ ਨੇ ਸਰਕਾਰ ਦੇ ਮੰਤਰੀਆਂ ਨੂੰ ਮੰਗਲਵਾਰ 11 ਅਗਸਤ ਨੂੰ ਸੰਬੋਧਨ ਕਰਦਿਆਂ ਕਿਹਾ, ''ਅੱਜ ਸਵੇਰ ਕੋਰੋਨਾਵਾਇਰਸ ਦੇ ਖ਼ਿਲਾਫ਼ ਪਹਿਲੀ ਵੈਕਸੀਨ ਦੀ ਰਜਿਸਟ੍ਰੇਸ਼ਨ ਹੋ ਗਈ ਹੈ।''

ਪੁਤਿਨ ਨੇ ਕਿਹਾ ਕਿ ਇਸ ਟੀਕੇ ਦਾ ਇਨਸਾਨਾਂ ਉੱਤੇ ਦੋ ਮਹੀਨੇ ਤੱਕ ਟੈਸਟ ਕੀਤਾ ਗਿਆ ਅਤੇ ਇਹ ਵੈਕਸੀਨ ਸਾਰੇ ਸੁਰੱਖਿਆ ਮਾਨਕਾਂ ਉੱਤੇ ਖ਼ਰੀ ਉੱਤਰੀ ਹੈ।

ਇਸ ਵੈਕਸੀਨ ਨੂੰ ਰੂਸ ਦੇ ਸਿਹਤ ਮੰਤਰਾਲੇ ਨੇ ਵੀ ਮੰਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਵਿੱਚ ਹੁਣ ਵੱਡੇ ਪੱਧਰ ਉੱਤੇ ਲੋਕਾਂ ਨੂੰ ਇਹ ਵੈਕਸੀਨ ਦੇਣ ਦੀ ਸ਼ੁਰੂਆਤ ਹੋਵੇਗੀ।

ਹਾਲਾਂਕਿ ਰੂਸ ਨੇ ਜਿਸ ਰਫ਼ਤਾਰ ਨਾਲ ਕੋਰੋਨਾ ਵੈਕਸੀਨ ਨੂੰ ਹਾਸਲ ਕਰਨ ਦਾ ਦਾਅਵਾ ਕੀਤਾ ਹੈ ਉਸ ਨੂੰ ਦੇਖਦਿਆਂ ਵਿਗਿਆਨ ਦੀ ਦੁਨੀਆਂ ਵਿੱਚ ਚਿੰਤਾਵਾਂ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ।

ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਰਕਾਰੀ ਟੈਲੀਵੀਜ਼ਨ ਉੱਤੇ ਐਲਾਨ ਕੀਤੀ ਕਿ ਮਾਕੋ ਦੇ ਗੇਮਾਲੇਯਾ ਇੰਸਟੀਚਿਊਟ ਵਿੱਚ ਵਿਕਸਤ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹ ਵੈਕਸੀਨ ਉਨ੍ਹਾਂ ਦੀ ਧੀ ਨੂੰ ਵੀ ਦਿੱਤੀ ਗਈ ਹੈ।

ਪੁਤਿਨ ਨੇ ਕਿਹਾ, ''ਮੈਂ ਇਹ ਜਾਣਦਾ ਹਾਂ ਕਿ ਇਹ ਵੈਕਸੀਨ ਕਾਫ਼ੀ ਕਾਰਗਰ ਹੈ, ਇਹ ਇਮੀਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਅਤੇ ਮੈਂ ਇਹ ਗੱਲ ਦੁਬਾਰਾ ਆਖ ਰਿਹਾ ਹਾਂ ਕਿ ਇਹ ਸਾਰੇ ਸੁਰੱਖਿਆ ਮਾਨਕਾਂ ਉੱਤੇ ਖ਼ਰੀ ਉੱਤਰੀ ਹੈ।''

ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ਉੱਤੇ ਉਤਪਾਦਨ ਕੀਤਾ ਜਾਵੇਗਾ।

ਚੀਨ 'ਚ ਵੀ ਆਖ਼ਰੀ ਪੜਾਅ ਦਾ ਟ੍ਰਾਇਲ

ਉਧਰ ਚੀਨ ਦੀ ਸਿਨੋਵੈਕ ਬਾਇਟੈਕ ਲਿਮੀਟਿਡ ਨੇ ਮੰਗਲਵਾਰ ਨੂੰ ਕੋਵਿਡ-19 ਵੈਕਸੀਨ ਦੇ ਹਿਊਮਨ ਟ੍ਰਾਇਲ ਦੇ ਆਖਰੀ ਪੜਾਅ ਦਾ ਆਗਾਜ਼ ਕੀਤਾ ਹੈ। ਇਸ ਵੈਕਸੀਨ ਦਾ ਟ੍ਰਾਇਲ ਇੰਡੋਨੇਸ਼ੀਆ ਵਿੱਚ 1620 ਮਰੀਜ਼ਾਂ ਉੱਤੇ ਕੀਤਾ ਜਾ ਰਿਹਾ ਹੈ।

ਇਹ ਵੈਕਸੀਨ ਇੰਡੋਨੇਸ਼ੀਆ ਦੀ ਸਰਕਾਰੀ ਕੰਪਨੀ ਬਾਇਓ ਫ਼ਾਰਮਾ ਦੇ ਨਾਲ ਮਿਲ ਕੇ ਬਣਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਸੋਮਵਾਰ 10 ਅਗਸਤ ਨੂੰ ਸਿਨੋਵੈਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟ੍ਰਾਇਲ ਦੇ ਦੂਜੇ ਪੜਾਅ ਵਿੱਚ ਵੈਕਸੀਨ ਸੁਰੱਖਿਅਤ ਪਾਈ ਗਈ ਹੈ ਅਤੇ ਮਰੀਜ਼ਾਂ ਵਿੱਚ ਐਂਟੀਬੌਡੀਜ਼ ਆਧਾਰਿਤ ਇਮੀਊਨ ਰਿਸਪੌਂਸ ਮਿਲੇ ਹਨ।

ਕੋਰੋਨਾਵੈਕ ਨਾਮ ਦੀ ਇਹ ਵੈਕਸੀਨ ਉਨ੍ਹਾਂ ਕੁਝ ਅਸਰਦਾਰ ਵੈਕਸੀਨ ਵਿੱਚੋਂ ਇੱਕ ਹੈ ਜੋ ਟੈਸਟ ਦੇ ਇਸ ਪੜਾਅ ਤੱਕ ਪਹੁੰਚੀ ਹੈ। ਇਨ੍ਹਾਂ ਦਾ ਅਧਿਐਨ ਕਰਕੇ ਇਨ੍ਹਾਂ ਦੇ ਅਸਰ ਨੂੰ ਲੈ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਦੁਨੀਆਂ ਭਰ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕੋਵਿਡ-19 ਲਈ ਵੈਕਸੀਨ ਤਿਆਰ ਕਰਨ 'ਚ ਸੁਰੱਖਿਆ ਮਾਨਕਾਂ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਪਰ ਹਾਲ ਹੀ ਵਿੱਚ ਇਹ ਦੇਖਿਆ ਗਿਆ ਹੈ ਕਿ ਸਰਕਾਰਾਂ ਉੱਤੇ ਵੈਕਸੀਨ ਤਿਆਰ ਕਰਨ ਦੇ ਲਈ ਲੋਕਾਂ ਦਾ ਦਬਾਅ ਵੱਧਦਾ ਜਾ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੀ ਕਾਰਗਰ ਵੈਕਸੀਨ ਤਿਆਰ ਕਰਨ ਦੇ ਲਈ 100 ਤੋਂ ਜ਼ਿਆਦਾ ਥਾਵਾਂ ਉੱਤੇ ਕੋਸ਼ਿਸ਼ਾਂ ਜਾਰੀ ਹਨ। ਜਿਨ੍ਹਾਂ ਵਿੱਚੋਂ ਚਾਰ ਥਾਵਾਂ ਉੱਤੇ ਵੈਕਸੀਨ ਇਨਸਾਨਾਂ ਉੱਤੇ ਟੈਸਟਿੰਗ ਦੇ ਆਖਰੀ ਪੜਾਅ ਵਿੱਚ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)