ਰਾਮ ਮੰਦਰ ਦੇ ਭੂਮੀ ਪੂਜਨ 'ਚ ਅਕਾਲ ਤਖ਼ਤ ਜਥੇਦਾਰ ਜਾਣਗੇ ਜਾਂ ਨਹੀਂ? - ਪ੍ਰੈੱਸ ਰਿਵੀਊ

ਰਾਮ ਮੰਦਰ ਦੇ ਭੂਮੀ ਪੂਜਨ ਅਕਾਲ ਤਖ਼ਤ ਜਥੇਦਾਰ ਜਾਣਗੇ ਜਾਂ ਨਹੀਂ?

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ 5 ਅਗਸਤ ਨੂੰ ਅਯੁੱਧਿਆ ਵਿਖੇ ਰਾਮ ਮੰਦਰ ਲਈ ਹੋ ਰਹੇ ਭੂਮੀ ਪੂਜਨ ਲਈ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਆਇਆ ਹੈ। ਸੱਦਾ ਸ੍ਰੀ ਰਾਮ ਜਨਮ ਭੂਮੀ ਤੀਰਥ ਖ਼ੇਤਰ ਜਥੇਬੰਦੀ ਦੇ ਜਨਰਲ ਸਕੱਤਰ ਚੰਪਤ ਰਾਏ ਵੱਲੋਂ ਆਇਆ ਹੈ।

ਇਹ ਵੀ ਪੜ੍ਹੋ-

ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਸੱਦਾ ਮਿਲਣ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਇਸ ਬਾਰੇ ਫ਼ੈਸਲਾ ਖ਼ੁਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੀ ਲੈਣਗੇ।

ਹਾਲਾਂਕਿ ਪੰਜਾਬੀ ਟ੍ਰਿਬਿਊਨ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਜਥੇਦਾਰ ਵੱਲੋਂ ਆਪਣੇ ਨੇੜਲੇ ਲੋਕਾਂ ਨੂੰ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੇ ਸੰਕੇਤ ਦਿੱਤੇ ਗਏ ਹਨ।

ਪੰਜਾਬ ਦੀ ਕੋਰੋਨਾ ਪੌਜ਼ਿਟਿਵ ਬੀਬੀ ਘਰੋਂ ਗਾਇਬ, ਕੇਸ ਦਰਜ

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਕਸਬੇ ਦੀ ਕੋਰੋਨਾ ਪੌਜ਼ਿਟਿਵ ਔਰਤ ਦੇ ਘਰੋਂ ਚਲੇ ਜਾਣ ਤੋਂ ਬਾਅਦ ਹਲਚਲ ਮੱਚ ਗਈ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੋਰੋਨਾਵਾਇਰਸ ਪੌਜ਼ਿਟਿਵ ਆਈ ਡੇਰਾਬੱਸੀ ਦੀ ਇੱਕ ਔਰਤ ਨੂੰ ਏਕਾਂਤਵਾਸ ਕੀਤੀ ਗਿਆ ਸੀ ਅਤੇ ਉਸ ਦੇ ਘਰੋਂ ਗਾਇਬ ਹੋਣ ਤੋਂ ਬਾਅਦ ਸਥਾਨਕ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਅਜੇ ਤੱਕ ਔਰਤ ਦਾ ਕੁਝ ਪਤਾ ਨਹੀਂ ਲੱਗਿਆ ਹੈ।

ਡੇਰਾਬੱਸੀ ਦੇ ਮੈਡੀਕਲ ਅਫ਼ਸਰ ਵਿਕਰਾਂਤ ਨਾਗਰ ਨੇ ਪੁਲਿਸ ਨੂੰ ਦੱਸਿਆ ਕਿ ਜਵਾਹਪੁਰ ਪਿੰਡ ਦੀ ਇਸ ਔਰਤ ਵਿੱਚ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਘਰ ਵਿੱਚ ਹੀ ਆਈਸੋਲੇਟ ਕੀਤਾ ਗਿਆ ਸੀ।

ਵਿਸ਼ੇਸ਼ ਅਧਿਕਾਰ ਖ਼ਤਮ ਹੋਣ ਦੀ ਵਰੇਗੰਢ ਮੌਕੇ ਕਸ਼ਮੀਰ ਵਿੱਚ ਕਰਫ਼ਿਊ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਨੂੰ ਖ਼ਤਮ ਹੋਇਆਂ ਇੱਕ ਸਾਲ ਹੋ ਗਿਆ ਹੈ।

ਇਸੇ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਵੱਲੋਂ ਭਾਰਤ-ਸ਼ਾਸਿਤ ਕਸ਼ਮੀਰ ਵਿੱਚ 4 ਅਗਸਤ ਸੋਮਵਾਰ ਤੋਂ ਲੈ ਕੇ 6 ਅਗਸਤ ਬੁੱਧਵਾਰ ਤੱਕ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਇਹ ਫ਼ੈਸਲਾ ਸੁਰੱਖਿਆ ਅਫ਼ਸਰਾਂ, ਪ੍ਰਸ਼ਾਸਨ ਅਤੇ ਇੰਟੈਲੀਜੈਂਸ ਏਜੰਸੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

ਪਟਿਆਲਾ ਦੇ 2 ਸ਼ਹਿਰਾਂ ਦੇ 'ਜ਼ਹਿਰੀਲੀ ਸ਼ਰਾਬ' ਨਾਲ ਜੁੜੇ ਤਾਰ

ਦਿ ਟ੍ਰਿਬਿਊਨ ਦੀ ਇੱਕ ਸ਼ਰਾਬ ਦੇ ਠੇਕੇਦਾਰ ਨਾਲ ਹੋਈ ਗੱਲਬਾਤ ਮੁਤਾਬਕ ਘਨੌਰ ਤੇ ਰਾਜਪੁਰਾ ਵਿੱਚ ਡਿਸਟਲਰੀ ਅਤੇ ਟਰੱਕਾਂ ਵਾਲੇ ਮੋਢੀ ਹਨ ਅਤੇ ਇਨ੍ਹਾਂ ਨੂੰ ਸਿਆਸੀ ਥਾਪੀ ਹਾਸਿਲ ਹੈ।

ਟਰੱਕਾਂ ਵਾਲਿਆਂ ਨੂੰ ਇਸ ਕੰਮ ਲਈ ਕੋਈ ਤਨਖ਼ਾਹ ਨਹੀਂ ਮਿਲਦੀ ਕਿਉਂਕਿ ਇਨ੍ਹਾਂ ਦੀ ਟਰੱਕ ਮਾਲਕਾਂ ਨਾਲ ਅਜਿਹੀ ਸਮਝ ਹੈ ਕਿ ਇਹ ਹਰ ਚੱਕਰ ਵਿੱਚ ਇੱਕ ਡਰੱਮ ਭਰਕੇ ਲਿਆਉਣਗੇ।

ਇਸ ਤੋਂ ਬਾਅਦ ਦਿ ਟ੍ਰਿੂਬਿਊਨ ਦੀ ਇੱਕ ਪੁਲਿਸ ਅਫ਼ਸਰ ਨਾਲ ਹੋਈ ਗੱਲਬਾਤ ਮੁਤਾਬਕ ਇਹ ਟਰੱਕ ਵਾਲੇ ਸ਼ਰਾਬ ਦਾ ਭਰਿਆ ਡਰੱਮ ਢਾਬੇ ਵਾਲਿਆਂ ਅਤੇ ਸਮਗਲਾਂ ਨੂੰ 1500 ਤੋਂ 2000 ਰੁਪਏ ਵਿੱਚ ਵੇਚਦੇ ਹਨ।

ਇਸ ਖ਼ਬਰ ਮੁਤਾਬਕ ਹਾਈਵੇਅ 'ਤੇ ਬਣੇ ਢਾਬੇ, ਗੁਦਾਮ ਅਤੇ ਪਿੰਡਾਂ ਵਿੱਚ ਰਿਹਾਇਸ਼ੀ ਇਮਾਰਤਾਂ ਵਿੱਚ ਸ਼ਰਾਬ ਦਾ ਕਾਰੋਬਾਰ ਹੁੰਦਾ ਹੈ।

1992 ਤੋਂ ਹੁਣ ਤੱਕ ਫਲ ਖਾਂਦੀ 82 ਸਾਲਾ ਬੀਬੀ ਨੂੰ ਰਾਮ ਮੰਦਰ ਦੀ ਉਡੀਕ

ਟਾਇਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮੱਧ ਪ੍ਰਦੇਸ਼ ਦੇ ਜਬਲਪੁਰ ਦੀ 82 ਸਾਲਾ ਸਾਬਕਾ ਸੰਸਕ੍ਰਿਤ ਅਧਿਆਪਕ 1992 ਤੋਂ ਲੈ ਕੇ ਹੁਣ ਤੱਕ ਸਿਰਫ਼ ਫਲ ਖਾਂਦੀ ਹੈ ਅਤੇ ਦੁੱਧ ਪੀਂਦੀ ਹੈ।

ਅਯੁੱਧਿਆ ਦੇ ਰੌਲੇ ਦੇ ਖ਼ਾਤਮੇ ਲਈ ਕਾਮਨਾ ਕਰਦੀ ਉਰਮਿਲਾ ਚਤੁਰਵੇਦੀ ਦਾ ਕਹਿਣਾ ਹੈ ਕਿ ਉਹ ਆਪਣਾ ਖਾਣ-ਪੀਣ ਅਗਲੇ ਤਿੰਨ ਸਾਲਾਂ ਤੱਕ ਇਸੇ ਤਰ੍ਹਾਂ ਜਾਰੀ ਰੱਖੇਗੀ ਜਦੋਂ ਤੱਕ ਰਾਮ ਮੰਦਰ ਬਣ ਨਹੀਂ ਜਾਂਦਾ।

ਅੰਮ੍ਰਿਤਸਰ ਦਾ ਮੁੰਡਾ ਵਿਕਾਸ ਖੰਨਾ 1 ਕਰੋੜ ਰੇਹੜੀ ਫੜੀ ਵਾਲਿਆਂ ਨੂੰ ਪਹੁੰਚਾਏਗਾ ਖਾਣਾ

ਮਸ਼ਹੂਰ ਮਿਸ਼ਲੇਨ ਸਟਾਰ ਸ਼ੈੱਫ ਵਿਕਾਸ ਖੰਨਾ ਕੋਰੋਨਾਵਾਇਰਸ ਕਾਰਨ ਲੱਗੇ ਲੌਕਾਡਾਊਨ ਦੌਰਾਨ ਜ਼ਰੂਰਮੰਦਾਂ ਤੱਕ ਖਾਣਾ, ਰਾਸ਼ਨ ਅਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਕਰਕੇ ਲਗਾਤਾਰ ਚਰਚਾ ਵਿੱਚ ਹੈ।

NDTV ਦੀ ਖ਼ਬਰ ਮੁਤਾਬਕ ਹੁਣ ਇਸ ਸ਼ੈੱਫ਼ ਦਾ ਮਕਸਦ 1 ਕਰੋੜ ਰੇਹੜੀ ਫੜੀ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਰਾਸ਼ਨ, ਜ਼ਰੂਰੀ ਸਮਾਨ ਅਤੇ ਖਾਣਾ ਪਹੁੰਚਾਉਣਾ ਹੈ।

ਨਿਊਯਾਰਕ ਦੇ ਮੈਨਹੈਟਨ 'ਚ ਰਹਿੰਦੇ ਵਿਕਾਸ ਖੰਨਾ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਭਾਰਤ ਵਿੱਚ ਇੱਕ ਵੱਡੀ ਖਾਣਾ ਸਪਲਾਈ ਕਰਨ ਦੀ ਡਰਾਈਵ ਚਲਾ ਰਹੇ ਹਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)