ਕੋਰੋਨਾਵਾਇਰਸ: 20 ਅਪ੍ਰੈਲ ਤੋਂ ਮਿਲ ਸਕਦੀ ਹੈ ਸ਼ਰਤਾਂ ਦੇ ਨਾਲ ਕੁਝ ਢਿੱਲ, ਭਾਰਤ ਵਿੱਚ 3 ਮਈ ਤੱਕ ਵਧਿਆ ਲੌਕਡਾਊਨ

21 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੌਕਡਾਊਨ ਨੂੰ 3 ਮਈ ਤੱਕ ਵਧਾਇਆ ਜਾਵੇਗਾ।

ਮੋਦੀ ਨੇ ਕਿਹਾ ਕਈ ਸੂਬੇ ਤਾਂ ਪਹਿਲਾਂ ਹੀ ਲੌਕਡਾਊਨ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕਰ ਚੁੱਕੇ ਹਨ ਅਤੇ ਸਾਰਿਆਂ ਦੀਆਂ ਸਿਫ਼ਾਰਿਸ਼ਾਂ ਨੂੰ ਮੁੱਖ ਰੱਖਦਿਆਂ ਫ਼ੈਸਲਾ ਲਿਆ ਗਿਆ ਹੈ ਕਿ 3 ਮਈ ਤੱਕ ਭਾਰਤ ਵਿੱਚ ਲੌਕਡਾਊਨ ਨੂੰ ਵਧਾਉਣਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਵਿੱਤੀ ਘਾਟਾ ਤਾਂ ਪਿਆ ਹੈ ਪਰ ਮਨੁੱਖੀ ਜ਼ਿੰਦਗੀ ਜ਼ਿਆਦਾ ਮਾਅਨੇ ਰੱਖਦੀ ਹੈ।

ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਵਧਾਉਣ ਤੋਂ ਬਾਅਦ ਪਹਿਲਾਂ ਨਾਲੋਂ ਵੀ ਜ਼ਿਆਦਾ ਸਾਵਧਾਨੀ ਵਰਤਣੀ ਹੋਵੇਗੀ, ਸਖ਼ਤੀ ਹੋਰ ਵਧਾਈ ਜਾਵੇਗੀ।

ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕੋਰੋਨਾਵਾਇਰਸ ਨੂੰ ਕਿਸੇ ਵੀ ਕੀਮਤ 'ਤੇ ਨਵੇਂ ਇਲਾਕਿਆਂ ਵਿੱਚ ਫੈਲਣ ਨਹੀਂ ਦੇਣਾ। ਜੇਕਰ ਸਥਾਨਕ ਪੱਧਰ 'ਤੇ ਇੱਕ ਵੀ ਮਰੀਜ਼ ਵੱਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ।

ਕੋਰੋਨਾਵਾਇਰਸ ਕਰਕੇ ਜੇ ਕਿਸੇ ਦੀ ਮੌਤ ਹੁੰਦੀ ਹੈ ਤਾਂ ਸਾਡੇ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ। ਜਿਹੜੇ ਹੌਟਸਪੋਟ ਹਨ ਉਨ੍ਹਾਂ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਨਵੇਂ ਹੋਟਸਪੋਟ ਬਣਨ ਵਾਲਿਆਂ ਇਲਾਕਿਆਂ ਬਾਰੇ ਸੁਚੇਤ ਹੋਣ ਦੀ ਲੋੜ ਹੈ।

20 ਅਪ੍ਰੈਲ ਤੋਂ ਸ਼ਰਤਾਂ ਦੇ ਨਾਲ ਢਿੱਲ

ਅਗਲੇ ਹਫ਼ਤਿਆਂ ਲਈ ਕੋਰੋਨਾਵਾਇਰਸ ਨਾਲ ਲੜਨ ਲਈ ਹੋਰ ਸਖ਼ਤੀ ਕੀਤੀ ਜਾਵੇਗੀ। 20 ਅਪ੍ਰੈਲ ਤੱਕ ਹਰੇਕ ਸੂਬੇ, ਜ਼ਿਲ੍ਹੇ ਨੂੰ ਬੜੀ ਬਰੀਕੀ ਨਾਲ ਪਰਖਿਆ ਜਾਵੇਗਾ।

ਜੇਕਰ ਕੋਰੋਨਾਵਾਇਰਸ ਦੇ ਨਿਯਮਾਂ ਦਾ ਪਾਲਣ ਠੀਕ ਤਰ੍ਹਾਂ ਕੀਤਾ ਜਾਵੇਗਾ ਤਾਂ ਕੁਝ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਛੋਟ ਵੀ ਬਹੁਤ ਸਾਰੀਆਂ ਸ਼ਰਤਾਂ ਨਾਲ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ 20 ਅਪ੍ਰੈਲ ਤੋਂ ਸੀਮਤ ਇਲਾਕਿਆਂ ਵਿੱਚ ਹੀ ਸੀਮਤ ਢਿੱਲਾਂ ਦਿੱਤੀਆਂ ਜਾਣਗੀਆਂ। ਇਹ ਸੀਮਤ ਢਿੱਲ ਸਿਰਫ਼ ਉਨ੍ਹਾਂ ਇਲਾਕਿਆਂ ਨੂੰ ਦਿੱਤੀ ਜਾਵੇਗੀ, ਜਿੱਥੇ ਕੋਰੋਨਾਵਾਇਰਸ ਦੇ ਕੇਸ ਵਧਣ ਦਾ ਸ਼ੱਕ ਨਹੀਂ ਹੋਵੇਗਾ।

ਮੋਦੀ ਦੀਆਂ 7 ਮੁੱਖ ਗੱਲਾਂ

  • ਆਪਣੇ ਘਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ, ਖ਼ਾਸ ਕਰਕੇ ਜਿਨ੍ਹਾਂ ਨੂੰ ਪੁਰਾਣੀ ਬਿਮਾਰੀ ਹੋਵੇ
  • ਲੌਕਡਾਊਨ ਤੇ ਸੋਸ਼ਲ ਡਿਸਟੈਂਸਿੰਗ ਦੀ ਲਕਸ਼ਮਣ ਰੇਖਾ ਦੀ ਪਾਲਣ ਤੇ ਘਰ 'ਚ ਬਣੇ ਮਾਸਕ ਦੀ ਵਰਤੋਂ ਲਾਜ਼ਮੀ
  • ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਆਯੂਸ਼ਮਾਨ ਮੰਤਰਾਲੇ ਵੱਲੋਂ ਸੁਝਾਈਆਂ ਹਦਾਇਤਾਂ ਦੀ ਵਰਤੋਂ
  • ਕੋਰੋਨਾਵਾਇਰਸ ਲਾਗ ਦੇ ਫੈਲਾਅ ਨੂੰ ਰੋਕਣ ਲਈ ਆਰੋਗਿਆ ਸੇਤੂ ਐਪ ਦੀ ਵਰਤੋਂ ਤੇ ਦੂਜਿਆਂ ਨੂੰ ਇਸ ਦੀ ਵਰਤੋਂ ਲਈ ਪ੍ਰੇਰਿਤ ਕਰੋ
  • ਗਰੀਬ ਪਰਿਵਾਰ ਦੀ ਦੇਖਭਾਲ ਕਰੋ ਤੇ ਲੋੜਵੰਦ ਦੀ ਭੋਜਨ ਦੀ ਲੋੜ ਪੂਰੀ ਕਰੋ
  • ਕਿਸੇ ਨੂੰ ਨੌਕਰੀ ਤੋਂ ਨਾ ਕੱਢੋ, ਸਾਰਿਆਂ ਪ੍ਰਤੀ ਸੰਵੇਦਨਾ ਰੱਖੋ
  • ਦੇਸ਼ ਦੇ ਕੋਰੋਨਾਯੋਧਾਵਾਂ ਨੂੰ ਡਾਕਟਰ, ਸਫ਼ਾਈ ਕਰਮੀ, ਪੁਲਿਸ ਤੇ ਹੋਰਨਾਂ ਦਾ ਸਨਮਾਨ ਕਰੇ

ਉਨ੍ਹਾਂ ਨੇ ਕਿਹਾ ਪੂਰੀ ਨਿਸ਼ਠਾ ਨਾਲ 3 ਮਈ ਤੱਕ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰੋ, ਤੇ ਜਿੱਥੇ ਹੋ ਉੱਥੇ ਰਹੋ।

ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਜਨਤਾ ਦਾ ਸਾਥ ਮੰਗਿਆ।

ਇਹ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)