ਕੋਰੋਨਾਵਾਇਰਸ ਨੂੰ ਰੋਕਣ ਲਈ ਲੱਗੇ ਕਰਫਿਊ ਦੇ ਕੀ ਮਾਅਨੇ ਹਨ

ਪੰਜਾਬ ਦੇ ਲੋਕ ਘਰੋਂ ਬਾਹਰ ਨਿਕਲ ਕੇ ਇੱਕ-ਦੂਜੇ ਨੂੰ ਬਿਮਾਰ ਨਾ ਕਰਨ, ਕੋਰੋਨਾਵਾਇਰਸ ਨਾ ਫੈਲਾਉਣ — ਇਸ ਟੀਚੇ ਨਾਲ ਸੂਬਾ ਸਰਕਾਰ ਨੇ ਪਹਿਲਾਂ ਤਾਂ ਕੁਝ ਚੀਜ਼ਾਂ ਬੰਦ ਕੀਤੀਆਂ ਸਨ ਤੇ ਕੁਝ ਸੇਵਾਵਾਂ ਦਾ ਸਮਾਂ ਨਿਯਮਿਤ ਕਰ ਕੇ ਲੌਕਡਾਊਨ ਐਲਾਨਿਆ ਸੀ।

ਪੰਜਾਬ ਵਿੱਚ ਅਜੇ ਤੱਕ ਕੋਰੋਨਾਵਾਇਰਸ ਦੇ 29 ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਤੇ ਇੱਕ ਸ਼ਖਸ ਦੀ ਮੌਤ ਹੋਈ ਹੈ।

ਪਰ 23 ਮਾਰਚ ਦੁਪਹਿਰ 2 ਵਜੇ ਤੋਂ ਪੂਰੇ ਪੰਜਾਬ ਵਿੱਚ ਰਸਮੀ ਤੌਰ 'ਤੇ ਕਰਫਿਊ ਲਗਾ ਦਿੱਤਾ ਗਿਆ ਹੈ। ਅਜੇ ਪਤਾ ਨਹੀਂ ਕਿ ਇਹ ਕਦੋਂ ਤੱਕ ਜਾਰੀ ਰਹੇਗਾ।

ਉਂਝ ਇਸ ਵਾਇਰਸ ਦਾ ਪ੍ਰਸਾਰ ਰੋਕਣ ਲਈ ਮਾਹਿਰ ਘੱਟੋ-ਘੱਟ ਦੋ ਹਫਤਿਆਂ ਲਈ ਪੂਰੀ ਤਰ੍ਹਾਂ ਬੰਦ ਦੀ ਸਲਾਹ ਦਿੰਦੇ ਹਨ। ਨਾਲ ਹੀ ਸੋਸ਼ਲ ਡਿਸਟੈਂਸਿੰਗ ਭਾਵ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਆਉਣ ਵਾਲੇ ਕਈ ਮਹੀਨਿਆਂ ਲਈ ਦਿੰਦੇ ਹਨ।

ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਵਿੱਚ ਕੀ ਹਨ ਹਾਲਾਤ

  • ਪੰਜਾਬ ਵਿੱਚ 29 ਪੌਜ਼ੀਟਿਵ ਕੇਸ, ਇੱਕ ਮੌਤ। ਚੰਡੀਗੜ੍ਹ 'ਚ ਵੀ 7 ਕੇਸ ਪੌਜ਼ੀਟਿਵ। ਪੰਜਾਬ ਵਿੱਚ ਕਰਫਿਊ
  • ਪੰਜਾਬ, ਹਰਿਆਣਾ ਤੇ ਦਿੱਲੀ ਦੀਆਂ ਸਰਹੱਦਾਂ ਸੀਲ।
  • ਭਾਰਤ 'ਚ ਹੁਣ ਤੱਕ ਪੰਜਾਬ, ਕਰਨਾਟਕ, ਮੁੰਬਈ ਤੇ ਦਿੱਲੀ ਵਿੱਚ 9 ਮੌਤਾਂ।
  • ਦੁਨੀਆਂ ਭਰ ਪੀੜਤਾਂ ਦੀ ਗਿਣਤੀ 3 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 16,500 ਤੋਂ ਪਾਰ।
  • ਦੁਨੀਆਂ ਭਰ ਵਿੱਚ ਚੀਨ ਮਗਰੋਂ ਇਟਲੀ ਸਭ ਤੋਂ ਵੱਧ ਤ੍ਰਸਤ। ਇਟਲੀ ਵਿੱਚ ਮੌਤਾਂ ਦਾ ਅੰਕੜਾ 6000 ਤੋਂ ਵੱਧ।

ਪਰ ਇਸ ਕਰਫਿਊ ਦਾ ਮਤਲਬ ਕੀ ਹੋਵੇਗਾ?

ਪੂਰੇ ਭਾਰਤ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਕਰਫਿਊ ਲਾਉਣ ਦਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸੇ ਲਈ ਕੋਈ ਵੀ ਢਿੱਲ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਦੇ ਹੁਕਮ ਪੁਲਿਸ ਰਾਹੀਂ ਲਾਗੂ ਹੋਣਗੇ ਅਤੇ ਮੈਡੀਕਲ ਐਮਰਜੈਂਸੀ ਲਈ ਹੀ ਢਿੱਲ ਮਿਲੇਗੀ, ਉਹ ਵੀ ਤੈਅ ਸਮੇਂ ਅਤੇ ਤੈਅ ਥਾਂ ਲਈ।

ਮਤਲਬ ਇਸ ਕਰਫਿਊ ਦੌਰਾਨ ਕਿਸੇ ਨੂੰ ਵੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ, ਕੋਈ ਪਬਲਿਕ ਟਰਾਂਸਪੋਰਟ ਵੀ ਨਹੀਂ ਚੱਲੇਗਾ। ਪਰ ਸਿਰਫ਼ ਹਸਪਤਾਲ ਖੁੱਲ੍ਹਣਗੇ।

ਜੇ ਕਿਸੇ ਘਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ 100 ਨੰਬਰ ਡਾਇਲ ਕੀਤਾ ਜਾ ਸਕਦਾ ਹੈ ਅਤੇ ਹਸਪਤਾਲ ਜਾਣ ਲਈ 108 ਰਾਹੀਂ ਐਂਬੂਲੈਂਸ ਸੇਵਾ ਮਿਲੇਗੀ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਦੇ ਵੀ ਨੰਬਰ ਜਾਰੀ ਕੀਤੇ ਜਾਣਗੇ ਜਿੱਥੇ ਫੋਨ ਕਰ ਕੇ ਤੁਸੀਂ ਢਿੱਲ ਲਈ ਆਪਣੀ ਦਲੀਲ ਪੇਸ਼ ਕਰ ਸਕਦੇ ਹੋ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਲੋਕ ਸੈਕਸ਼ਨ 144 ਤਹਿਤ ਜਾਰੀ ਕਰਫਿਊ ਦੇ ਹੁਕਮਾਂ ਨੂੰ ਨਹੀਂ ਮੰਨਣਗੇ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਖਾਸ ਤੌਰ 'ਤੇ ਜਿਨ੍ਹਾਂ ਸ਼ੱਕੀ ਮਰੀਜ਼ਾਂ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ, ਉਹ ਖਾਸ ਤੌਰ 'ਤੇ ਇਹ ਹਦਾਇਤਾਂ ਮੰਨਣ।

ਇਸ ਦੇ ਨਾਲ ਹੀ ਸੂਬੇ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਕਰਫਿਊ ਦੀ ਉਲੰਘਣਾ ਤੋਂ ਬਚਣ ਲਈ, ਜਿਹੜੇ ਲੋਕ ਪੰਜਾਬ ਤੋਂ ਬਾਹਰ ਹਨ, ਉਹ ਉਨ੍ਹਾਂ ਥਾਵਾਂ 'ਤੇ ਹੀ ਰੁਕਣ ਦਾ ਇੰਤਜ਼ਾਮ ਕਰਨ।

ਸਰਕਾਰ ਵਲੋਂ ਮੁਸ਼ਕਲਾਂ ਘਟ ਕਰਨ ਦੀ ਕੋਸ਼ਿਸ਼

ਇਸ ਤੋਂ ਇਲਾਵਾ ਇਸ ਕਾਰਨ ਹੁੰਦੀਆਂ ਮੁਸ਼ਕਲਾਂ ਨੂੰ ਹੌਲਾ ਕਰਨ ਦੇ ਟੀਚੇ ਨਾਲ ਸਰਕਾਰ ਨੇ ਕੁਝ ਕਦਮ ਐਲਾਨੇ ਹਨ।

  • ਸਥਾਨਕ ਸਰਕਾਰਾਂ ਦੇ ਮਹਿਕਮੇ ਸਬੰਧਿਤ ਐਲਾਨ ਹੈ ਕਿ ਪਾਣੀ ਤੇ ਸੀਵਰੇਜ ਬਿੱਲ ਦੇਣ ਦੀ ਆਖਰੀ ਤਾਰੀਖ ਇੱਕ ਮਹੀਨੇ ਅੱਗੇ ਵਧਾ ਦਿੱਤੀ ਗਈ ਹੈ।
  • ਪ੍ਰਾਪਰਟੀ ਟੈਕਸ ਮਾਫ਼ੀ ਦੀ ਚੱਲਦੀ ਸਕੀਮ ਦੀ ਆਖਰੀ ਮਿਤੀ ਵੀ ਫਿਲਹਾਲ 31 ਮਈ ਕਰ ਦਿੱਤੀ ਗਈ ਹੈ।
  • ਦਸ ਹਜ਼ਾਰ ਰੁਪਏ ਤੱਕ ਦੇ ਬਿਜਲੀ ਬਿਲ ਵਾਲਿਆਂ ਲਈ ਜਮਾ ਕਰਵਾਉਣ ਦੀ ਆਖਰੀ ਤਾਰੀਖ 20 ਮਾਰਚ ਸੀ। ਉਸ ਨੂੰ ਵੀ ਹੁਣ 15 ਅਪ੍ਰੈਲ ਕਰ ਦਿੱਤਾ ਗਿਆ ਹੈ।
  • ਟਰਾਂਸਪੋਰਟ ਡਿਪਾਰਟਮੈਂਟ ਨੇ ਟੈਕਸ ਭਰਨ ਦੀ ਆਖਰੀ ਤਾਰੀਖ ਅਗਾਂਹ ਵਧਾ ਕੇ 30 ਅਪ੍ਰੈਲ ਕਰ ਦਿੱਤੀ ਹੈ। ਜਿਸ ਸਮੇਂ ਵਕਫ਼ੇ ਲਈ ਕਮਰਸ਼ੀਅਲ ਵਾਹਨ ਨਹੀਂ ਚੱਲਣਗੇ, ਉਨ੍ਹਾਂ
  • ਜਿਨ੍ਹਾਂ ਕਿਸਾਨਾਂ ਨੇ ਜਿਹੜਾ ਕਰਜ਼ਾ ਸਹਿਕਾਰੀ ਬੈਂਕਾਂ ਅਤੇ ਸੋਸਾਇਟੀਆਂ ਤੋਂ ਲਿਆ ਹੈ, ਉਸ 'ਤੇ ਮਾਰਚ ਤੇ ਅਪ੍ਰੈਲ ਦਾ ਵਿਆਜ ਮੁਆਫ ਹੋਵੇਗਾ ਮਤਲਬ ਹੁਣ ਕਿਸ਼ਤ 30 ਅਪ੍ਰੈਲ ਤੱਕ ਦਿੱਤੀ ਜਾ ਸਕੇਗੀ।
  • ਸਮਾਜ ਭਲਾਈ ਵਿਭਾਗ ਤਹਿਤ ਮਿਲਦੀਆਂ ਪੈਨਸ਼ਨਾਂ ਤੁਰੰਤ ਜਾਰੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ
  • ਉਸਾਰੀ ਦੇ ਕੰਮ ਕਰਨ ਵਾਲੇ, 3 ਲੱਖ ਮਿਸਤਰੀ ਮਜ਼ਦੂਰ ਜੋ ਸਰਕਾਰ ਦੇ ਲੇਬਰ ਡਿਪਾਰਟਮੈਂਟ ਨਾਲ ਰਜਿਸਟਰਡ ਹਨ, ਉਨ੍ਹਾਂ ਦੀ 3000 ਰੁਪਏ ਦੀ ਮਦਦ ਬੈਂਕ ਖਾਤਿਆਂ ਵਿੱਚ ਕੀਤੀ ਜਾਵੇਗੀ

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)