You’re viewing a text-only version of this website that uses less data. View the main version of the website including all images and videos.
Delhi Violence: ਪੁਲਿਸ ਵਾਲੇ ਉੱਤੇ ਪਿਸਤੌਲ ਤਾਣਨ ਵਾਲਾ ਸਖ਼ਸ਼ ਕੀ ਸੀਏਏ ਦਾ ਸਮਰਥਕ ਸੀ?- ਫ਼ੈਕਟ ਚੈੱਕ
ਸੋਮਵਾਰ ਤੋਂ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿਚ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਅਤੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚਾਲੇ ਹਿੰਸਕ ਝੜਪਾਂ ਹੋ ਰਹੀਆਂ ਹਨ।
ਹਿੰਸਾ ਵਿਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। 48 ਪੁਲਿਸ ਅਧਿਕਾਰੀ ਅਤੇ ਲਗਭਗ 130 ਆਮ ਲੋਕ ਜ਼ਖਮੀ ਹਨ। ਪਰ ਇਸ ਸਭ ਦੇ ਵਿਚਕਾਰ, ਸੋਮਵਾਰ ਨੂੰ ਸਾਹਮਣੇ ਆਈ ਇੱਕ ਵੀਡੀਓ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ।
ਵੀਡੀਓ ਵਿੱਚ, ਇੱਕ ਵਿਅਕਤੀ ਦਿਨ-ਦਿਹਾੜੇ ਇੱਕ ਪੁਲਿਸ ਮੁਲਾਜ਼ਮ 'ਤੇ ਪਿਸਤੌਲ ਤਾਣ ਰਿਹਾ ਹੈ। ਇਸ ਲੜਕੇ ਦੇ ਪਿੱਛੇ ਇਕ ਭੀੜ ਹੈ ਜੋ ਪੱਥਰ ਸੁੱਟ ਰਹੀ ਹੈ।
ਲੜਕਾ ਲਾਲ ਕਮੀਜ਼ ਪਹਿਨੇ ਇਕ ਪੁਲਿਸ ਮੁਲਾਜ਼ਮ 'ਤੇ ਗੋਲੀ ਚਲਾਉਣ ਲਈ ਅੱਗੇ ਵੱਧ ਰਿਹਾ ਹੈ। ਭੀੜ ਮੁੰਡੇ ਦੇ ਨਾਲ ਅੱਗੇ ਵਧਦੀ ਹੈ, ਇਨ੍ਹੇਂ ਵਿਚ ਫਾਇਰਿੰਗ ਦੀ ਆਵਾਜ਼ ਆਉਂਦੀ ਹੈ।
ਦਿ ਹਿੰਦੂ ਦੇ ਪੱਤਰਕਾਰ ਸੌਰਭ ਤ੍ਰਿਵੇਦੀ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਲਿਖਿਆ, "ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀ ਜਾਫ਼ਰਾਬਾਦ ਵਿੱਚ ਫਾਇਰਿੰਗ ਕਰ ਰਹੇ ਹਨ। ਇਸ ਵਿਅਕਤੀ ਨੇ ਪੁਲਿਸ ਕਰਮਚਾਰੀ 'ਤੇ ਬੰਦੂਕ ਤਾਣੀ, ਪਰ ਉਹ ਦ੍ਰਿੜ ਰਿਹਾ।"
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਇਸ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਪੀਟੀਆਈ ਪੱਤਰਕਾਰ ਰਵੀ ਚੌਧਰੀ ਮੁਤਾਬਕ ਇਸ ਆਦਮੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੀਟੀਆਈ ਦੀ ਪੱਤਰਕਾਰ ਰਵੀ ਚੌਧਰੀ ਨੇ ਇਸ ਸ਼ਖ਼ਸ ਦੀ ਫੋਟੋ ਲਈ ਹੈ, ਪਰ ਇਸ ਤਸਵੀਰ ਨਾਲ ਪ੍ਰਦਰਸ਼ਨਕਾਰੀ ਦਾ ਨਾਮ ਨਹੀਂ ਦੱਸਿਆ ਗਿਆ ਹੈ।
ਇਸ ਦੇ ਨਾਲ ਹੀ ਐਨਡੀਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਵਿਅਕਤੀ ਦਾ ਨਾਮ ਸ਼ਾਹਰੁਖ ਹੈ। ਬੀਬੀਸੀ ਨੇ ਵੀ ਦਿੱਲੀ ਪੁਲਿਸ ਨਾਲ ਸੰਪਰਕ ਕੀਤਾ ਪਰ ਸਾਨੂੰ ਅਜੇ ਤੱਕ ਪੁਲਿਸ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਦਿੱਲੀ ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜੋ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ 'ਤੇ ਫਾਇਰ ਕਰਨ ਵਾਲੇ ਇਸ ਵਿਅਕਤੀ ਬਾਰੇ ਬਹਿਸ ਹੋ ਗਈ। ਇਸ ਨੂੰ CAA ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀ ਭੀੜ ਦਾ ਹਿੱਸਾ ਦੱਸਿਆ ਗਿਆ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਖੜ੍ਹੀ ਭੀੜ ਵਿਚ ਭਗਵੇਂ ਝੰਡੇ ਹਨ।
ਦਿੱਲੀ ਦੀ ਓਖਲਾ ਸੀਟ ਤੋਂ ਵਿਧਾਇਕ ਅਮਾਨਤੁੱਲਾਹ ਖ਼ਾਨ ਨੇ ਇੱਕ ਤਸਵੀਰ ਟਵੀਟ ਕਰਦਿਆਂ ਕਿਹਾ, "ਭਾਜਪਾ ਦੇ ਲੋਕ ਦਿੱਲੀ ਵਿੱਚ ਫੈਸਲਾ ਲੈ ਰਹੇ ਹਨ। ਗੋਲੀ ਮਾਰਨ ਵਾਲੇ ਵਿਅਕਤੀ ਦਾ ਰਿਸ਼ਤਾ ਜ਼ਰੂਰ ਕਪਿਲ ਮਿਸ਼ਰਾ ਅਤੇ ਬੀਜੇਪੀ ਤੋਂ ਨਿਕਲੇਗਾ ਤਾਂ ਹੀ ਇਹ ਦਿੱਲੀ ਪੁਲਿਸ ਦੇ ਸਾਹਮਣੇ ਫਾਇਰਿੰਗ ਕਰ ਰਿਹਾ ਹੈ। ਦਿੱਲੀ ਪੁਲਿਸ ਫਸਾਦੀਆਂ ਨੂੰ ਸੁਰੱਖਿਆ ਦੇ ਰਹੀ ਹੈ।"
ਕੀ ਮੁਹੰਮਦ ਸ਼ਾਹਰੁਖ ਸੀਏਏ ਪੱਖੀ ਪ੍ਰਦਰਸ਼ਨ ਦਾ ਹਿੱਸਾ ਸਨ?
ਕੀ ਮੁਹੰਮਦ ਸ਼ਾਹਰੁਖ ਸੀਏਏ ਪੱਖੀ ਪ੍ਰਦਰਸ਼ਨ ਦਾ ਹਿੱਸਾ ਸੀ? ਅਤੇ ਕੀ ਉਸਦੀ ਭੀੜ ਵਿਚ ਭਗਵੇਂ ਝੰਡੇ ਹਨ? ਬੀਬੀਸੀ ਨੇ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।
ਅੰਗਰੇਜ਼ੀ ਅਖਬਾਰ ਦਿ ਹਿੰਦੂ ਦੇ ਪੱਤਰਕਾਰ ਸੌਰਭ ਤ੍ਰਿਵੇਦੀ ਸੋਮਵਾਰ ਨੂੰ ਘਟਨਾ ਵਾਲੀ ਥਾਂ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਬੀਬੀਸੀ ਨੂੰ ਇਸ ਵੀਡੀਓ ਬਾਰੇ ਦੱਸਿਆ," ਮੈਂ ਮੌਜਪੁਰ ਤੋਂ ਬਾਬਰਪੁਰ ਜਾ ਰਿਹਾ ਸੀ। ਫੇਰ ਮੈਨੂੰ ਪਤਾ ਲੱਗਿਆ ਕਿ ਜਾਫ਼ਰਾਬਾਦ ਅਤੇ ਮੌਜਪੁਰ ਦੀ ਹੱਦ ਦੇ ਆਸ ਪਾਸ ਵਾਹਨਾਂ ਵਿੱਚ ਅੱਗ ਲੱਗੀ ਹੋਈ ਹੈ, ਪੱਥਰਬਾਜ਼ੀ ਹੋ ਰਹੀ ਹੈ।"
" ਦੋਵਾਂ ਪਾਸਿਆਂ ਤੋਂ ਭੀੜ ਆ ਰਹੀ ਸੀ। ਜਿੱਥੇ ਮੈਂ ਸੀ, ਲੋਕ ਸੀਏਏ ਦੇ ਸਮਰਥਨ ਵਿਚ ਖੜੇ ਸਨ। ਮੇਰੇ ਸਾਹਮਣੇ ਭੀੜ ਸੀਏਏ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਉਨ੍ਹਾਂ ਵਿੱਚੋਂ ਇੱਕ ਅੱਗੇ ਆਇਆ ਅਤੇ ਉਸਦੇ ਹੱਥ ਵਿੱਚ ਇੱਕ ਪਿਸਤੌਲ ਸੀ। ਭੀੜ ਪਿੱਛੇ ਤੋਂ ਪੱਥਰ ਮਾਰ ਰਹੀ ਸੀ। ਉਸਨੇ ਪਹਿਲਾਂ ਪੁਲਿਸ ਵਾਲੇ ਨੂੰ ਗੋਲੀ ਮਾਰ ਦਿੱਤੀ ਅਤੇ ਭੱਜਣ ਲਈ ਕਿਹਾ ਪਰ ਪੁਲਿਸ ਵਾਲਾ ਖੜਾ ਹੋ ਗਿਆ। ਉਸ ਤੋਂ ਬਾਅਦ ਲੜਕੇ ਨੇ ਅੱਠ ਦੇ ਕਰੀਬ ਗੋਲੀਆਂ ਚਲਾਈਆਂ।"
ਸੌਰਭ ਅੱਗੇ ਦੱਸਦੇ ਹਨ, "ਮੇਰੇ ਪਿੱਛੇ ਭੀੜ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੀ ਸੀ। ਯਾਨੀ ਦੋਵੇਂ ਭੀੜ ਦੇ ਵਿਚਕਾਰ ਇੱਕ ਪੁਲਿਸ ਵਾਲਾ ਖੜ੍ਹਾ ਸੀ। ਗੋਲੀ ਮਾਰਨ ਵਾਲਾ ਲੜਕਾ ਸੀਏਏ ਦਾ ਵਿਰੋਧ ਕਰ ਰਿਹਾ ਸੀ।"
ਸਾਨੂੰ ਸੌਰਭ ਤੋਂ ਇਸ ਘਟਨਾ ਦੀ ਬਿਹਤਰ ਗੁਣਵੱਤਾ ਵਾਲੀ ਵੀਡੀਓ ਮਿਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਸਾਨੂੰ ਪਤਾ ਚੱਲਿਆ ਕਿ ਜਿਸ ਨੂੰ ਭੀੜ ਦੇ ਹੱਥਾਂ ਵਿਚ ਭਗਵਾ ਝੰਡਾ ਦੱਸਿਆ ਜਾ ਰਿਹਾ ਹੈ ਉਹ ਅਸਲ ਵਿਚ ਠੇਲੇ 'ਤੇ ਸਬਜ਼ੀਆਂ ਅਤੇ ਫਲ ਰੱਖਣ ਵਾਲੇ ਪਲਾਸਟਿਕ ਦੇ ਕਰੇਟ ਹਨ, ਜਿਸ ਨੂੰ ਪ੍ਰਦਰਸ਼ਨਕਾਰੀ ਢਾਲ ਵਜੋਂ ਵਰਤ ਰਹੇ ਸਨ।
ਹਾਲਾਂਕਿ, ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਮੁਹੰਮਦ ਸ਼ਾਹਰੁਖ ਦੇ ਪਰਿਵਾਰ ਨਾਲ ਗੱਲ ਨਹੀਂ ਕਰ ਸਕੇ।
ਚਸ਼ਮਦੀਦ ਗਵਾਹ ਅਤੇ ਵੀਡੀਓ ਨੂੰ ਨੇੜਿਓਂ ਵੇਖਣ ਤੋਂ ਬਾਅਦ, ਦੋ ਚੀਜ਼ਾਂ ਸਪੱਸ਼ਟ ਹੋ ਗਈਆਂ ਕਿ ਮੁਹੰਮਦ ਸ਼ਾਹਰੁਖ ਨਾ ਤਾਂ ਸੀਏਏ ਪੱਖੀ ਪ੍ਰਦਰਸ਼ਨ ਦਾ ਹਿੱਸਾ ਸੀ ਅਤੇ ਨਾ ਹੀ ਉਸਦੇ ਪਿੱਛੇ ਭੀੜ ਦੇ ਹੱਥਾਂ ਵਿੱਚ ਭਗਵੇਂ ਝੰਡੇ ਸਨ।