ਦਿੱਲੀ ਚੋਣਾਂ 2020: ਭਾਜਪਾ ਜਿੱਥੇ ਡਿਊਟੀ ਲਾਏਗੀ ਉੱਥੇ ਪ੍ਰਚਾਰ ਕਰਾਂਗੇ : ਸੁਖਬੀਰ

''ਅਸੀਂ ਗਠਜੋੜ ਨਹੀਂ ਤੋੜਿਆ ਸੀ, ਅਸੀਂ ਸਿਰਫ਼ ਚੋਣਾਂ ਨਾ ਲੜਨ ਦਾ ਫੈਸਲਾ ਲਿਆ ਸੀ। ਅਸੀ ਸੀਏਏ ਦੇ ਹੱਕ ਵਿਚ ਹਾਂ ਕਿਉਂ ਕਿ ਇਸ ਕਾਨੂੰਨ ਨਾਲ ਸਾਡੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਉਜੜ ਕੇ ਆਏ ਹਜ਼ਾਰਾਂ ਸਿੱਖਾਂ ਨੂੰ ਫਾਇਦਾ ਹੋਇਆ ਹੈ'', ਸੁਖਬੀਰ ਬਾਦਲ ਨੇ ਇਹ ਸ਼ਬਦ ਦਿੱਲੀ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਹੇ।

ਦਿੱਲੀ ਵਿਚ ਸੁਖਬੀਰ ਬਾਦਲ ਦੀ ਰਿਹਾਇਸ਼ ਉੱਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਦੋਵਾਂ ਆਗੂਆਂ ਨੇ ਸਾਂਝੀ ਕਾਨਫਰੰਸ ਕਰਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ, ਦਿੱਲੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰੇਗਾ। ਦਿੱਲੀ ਅਤੇ ਪੰਜਾਬ ਦੇ ਅਕਾਲੀ ਲੀਡਰਸ਼ਿਪ ਭਾਜਪਾ ਦੀ ਲੋੜ ਮੁਤਾਬਕ ਪ੍ਰਚਾਰ ਕਰੇਗੀ।

ਸੁਖਬੀਰ ਨੇ ਕਿਹਾ, ''ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਸਿਆਸੀ ਨਹੀਂ ਬਲਕਿ ਭਾਵਨਾਤਮਕ , ਦੇਸ, ਪੰਜਾਬ ਅਤੇ ਵਿਕਾਸ ਲਈ ਹੈ। ਕੁਝ ਕਮਿਊਨੀਕੇਸ਼ਨ ਦਾ ਗੈਪ ਸੀ ਜੋ ਚਰਚਾ ਕਰਕੇ ਪੂਰਾ ਕਰ ਲਿਆ ਗਿਆ ਹੈ''।

ਦਿੱਲੀ ਤੇ ਪੰਜਾਬ ਦੇ ਆਗੂ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਪ੍ਰਚਾਰ ਕਰਨਗੇ। ਮੈਂ ਸਿੱਖ ਸੰਗਤ ਤੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਮਿਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰੀਏ।

ਇਹ ਵੀ ਪੜ੍ਹੋ

ਮੋਦੀ ਸਰਕਾਰ ਸਿੱਖਪੱਖ਼ੀ

ਕਰਤਾਰਪੁਰ ਲਾਂਘਾ ਖੁਲ਼ਵਾਉਣ, 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਅਤੇ 100 ਹੋਰ ਕੇਸ ਖੁਲਵਾਉਣ ਸਣੇ ਕਾਲੀ ਸੂਚੀ ਖਤਮ ਕਰਵਾਉਣ ਵਰਗੇ ਕੰਮ ਕਰਵਾਉਣ ਦਾ ਸਿਹਰਾ ਵੀ ਸੁਖਬੀਰ ਨੇ ਮੋਦੀ ਸਰਕਾਰ ਨੂੰ ਦਿੱਤਾ।

ਇਸ ਮੌਕੇ ਦਿੱਲੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਣੇ, ਦਿੱਲੀ ਕਮੇਟੀ ਦੇ ਸਾਰੇ 50 ਚੁਣੇ ਹੋਏ ਮੈਂਬਰ ਅਤੇ ਪੰਜਾਬ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ।

ਇਸ ਬੈਠਕ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ, ''ਕੁਝ ਗਲ਼ਤਫ਼ਹਿਮੀਆ ਸੀ ਜੋ ਹੁਣ ਦੂਰ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਹੁਣ ਜਦੋਂ ਸਿਆਸੀ ਹਾਲਾਤ ਬਣੇ ਤਾਂ ਉਹ ਦੂਰ ਹੋ ਗਈਆਂ ਹਨ''।

ਜੇਪੀ ਨੱਡਾ ਕੀ ਕਿਹਾ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਅਕਾਲੀ ਦਲ ਵਲੋਂ ਭਾਜਪਾ ਦਾ ਸਮਰਥਨ ਕਰਨ ਲਈ ਉਹ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਅਕਾਲੀ ਦਲ ਦੇ ਕੌਮੀ ਤੇ ਦੂਜੇ ਸਾਰੇ ਮਸਲਿਆਂ ਉੱਤੇ ਸਮਰਥਨ ਲਈ ਉਹ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਅੱਗੇ ਆਏ ਹਨ। ਜੇਪੀ ਨੱਡਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਮਜ਼ਬੂਤ ਰਹੇਗਾ ਅਤੇ ਅੱਗੇ ਵਧੇਗਾ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)