You’re viewing a text-only version of this website that uses less data. View the main version of the website including all images and videos.
ਮਹਿਲਾ ਰੋਬੋਟ ‘ਵਿਓਮ ਮਿੱਤਰ’ ਨੂੰ ਪੁਲਾੜ ਭੇਜੇਗਾ ਇਸਰੋ
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਆਪਣੀ ਪਹਿਲੀ ਮਹਿਲਾ ਹਿਊਮਨੌਇਡ (ਔਰਤ ਦੀ ਦਿੱਖ ਵਾਲਾ ਰੋਬੋਟ) ਦਾ ਪਹਿਲਾ ਪ੍ਰੋਟੋਟਾਈਪ ਪੇਸ਼ ਕੀਤਾ ਹੈ। ਇਸ ਰੋਬੋਟ ਦਾ ਨਾਮ 'ਵਿਓਮ ਮਿੱਤਰ' ਹੈ।
ਦਸੰਬਰ 2021 ਵਿੱਚ ਭੇਜੇ ਜਾਣ ਵਾਲੇ ਮਨੁੱਖੀ ਪੁਲਾੜ ਮਿਸ਼ਨ ਦੀ ਵਿਓਮ ਮਿੱਤਰ, ਪੁਰੂਸ਼ ਪੁਲਾੜ ਯਾਤਰੀਆਂ ਦੀ ਮਦਦ ਕਰੇਗੀ।
"ਗਗਨਯਾਨ" ਪ੍ਰੋਗਰਾਮ ਦੇ ਤਹਿਤ, ਪੁਲਾੜ ਯਾਤਰੀਆਂ ਦੇ ਜਾਣ ਤੋਂ ਪਹਿਲਾਂ ਵਿਓਮ ਮਿੱਤਰ ਨੂੰ ਇਸ ਸਾਲ ਦੇ ਅੰਤ ਵਿੱਚ ਅਤੇ ਅਗਲੇ ਸਾਲ ਵੀ ਮਨੁੱਖ ਰਹਿਤ ਮਿਸ਼ਨ 'ਤੇ ਭੇਜਿਆ ਜਾਵੇਗਾ।
ਇਸ ਹਫ਼ਤੇ ਬੰਗਲੁਰੂ ਵਿੱਚ ਆਯੋਜਿਤ ਤਿੰਨ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ "ਮਨੁੱਖ ਪੁਲਾੜ ਯਾਨ ਅਤੇ ਅਨਵੇਸ਼ਨ: ਮੌਜੂਦਾ ਚੁਣੌਤੀਆਂ ਅਤੇ ਭਵਿੱਖ ਦੇ ਰੁਝਾਨ" ਵਿੱਚ, ਵਿਓਮ ਮਿੱਤਰ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਇਹ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀ ਰਹੀ।
ਪ੍ਰੋਗਰਾਮ ਵਿੱਚ ਮੌਜੂਦ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਵਿਓਮ ਮਿੱਤਰ ਨੇ ਖੁਦ ਆਪਣੀ ਭੂਮਿਕਾ ਬੰਨੀ।
ਇਹ ਵੀ ਪੜੋ
ਕੀ ਕਿਹਾ ਵਿਓਮ ਮਿੱਤਰ ਨੇ?
ਰੋਬੋਟ ਨੇ ਕਿਹਾ, "ਸਭ ਨੂੰ ਨਮਸਕਾਰ। ਮੈਂ ਵਿਓਮ ਮਿੱਤਰ ਹਾਂ ਅਤੇ ਮੈਨੂੰ ਅਰਧ-ਮਨੁੱਖੀ ਰੋਬੋਟ ਦੇ ਨਮੂਨੇ ਵਜੋਂ ਪਹਿਲੇ ਮਨੁੱਖ ਰਹਿਤ ਗਗਨਯਾਨ ਮਿਸ਼ਨ ਲਈ ਬਣਾਇਆ ਗਿਆ ਹੈ।"
ਵਿਓਮ ਮਿੱਤਰ ਦੇ ਸ਼ਬਦਾਂ ਵਿੱਚ, "ਮੈਂ ਪੂਰੇ ਵਾਹਨ ਦੇ ਪੈਰਾਮੀਟਰਾਂ 'ਤੇ ਨਿਗਰਾਨੀ ਕਰਾਂਗੀ, ਤੁਹਾਨੂੰ ਸੁਚੇਤ ਕਰਾਂਗੀ ਅਤੇ ਜੀਵਨ-ਬਚਾਓ ਪ੍ਰਣਾਲੀ ਦੇ ਕੰਮ ਨੂੰ ਵੇਖਾਂਗੀ। ਮੈਂ ਸਵਿਚ ਪੈਨਲ ਦੇ ਸੰਚਾਲਨ ਸਮੇਤ ਕਈ ਕੰਮ ਕਰ ਸਕਦੀ ਹਾਂ।"
ਤਿਰੁਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੇ ਨਿਦੇਸ਼ਕ ਸੋਮਨਾਥ ਨੇ ਬੀਬੀਸੀ ਨੂੰ ਕਿਹਾ, "ਮਨੁੱਖ ਰਹਿਤ ਮਿਸ਼ਨਾਂ ਦੇ ਪਰੀਖਨਾਂ ਤੋਂ ਬਾਅਦ ਬਹੁਤ ਸਾਰੀਆਂ ਸੰਭਾਵਨਾਵਾਂ ਹੋਣਗੀਆਂ। ਇਹ ਪੁਲਾੜ ਯਾਤਰੀਆਂ ਦੇ ਸਵਾਲਾਂ ਦਾ ਜਵਾਬ ਦੇ ਸਕਦੀ ਹੈ। ਇਹ ਇੱਕ ਦੋਸਤ ਹੋ ਸਕਦੀ ਹੈ, ਜਿਸ ਨਾਲ ਪੁਲਾੜ ਯਾਤਰੀ ਗੱਲ ਕਰ ਸਕਦੇ ਹਨ। ਅਮੇਜ਼ਨ ਦੀ ਏਲੇਕਸਾ ਵਾਂਗ ਇਹ ਮਨੋਵਿਗਿਆਨਿਕ ਪਹਿਲੂ ਨੂੰ ਵੀ ਹੈਂਡਲ ਕਰ ਸਕਦੀ ਹੈ।"
ਇਸਰੋ ਦੇ ਚੇਅਰਮੈਨ ਡਾ. ਕੇ. ਸਿਵਨ ਨੇ ਬੀਬੀਸੀ ਨੂੰ ਕਿਹਾ, "ਫਿਲਹਾਲ ਮਨੁੱਖ ਰਹਿਤ ਮਿਸ਼ਨ 'ਚ ਇਸ ਦਾ ਇਸਤੇਮਾਲ ਵਾਤਾਵਰਨ ਕੰਟਰੋਲ ਸਪੋਰਟ ਸਿਸਟਮ ਨੂੰ ਟੇਸਟ ਕਰਨ ਲਈ ਹੋਵੇਗਾ। ਇਹ ਪੁਲਾੜ ਯਾਤਰੀਆਂ ਵਾਂਗ ਹੀ ਕੰਮ ਕਰੇਗੀ।"
ਸੋਮਨਾਥ ਦੇ ਅਨੁਸਾਰ, "ਇਸ ਵੇਲੇ ਕਾਨਫਰੰਸ ਵਿੱਚ ਦਰਸਾਏ ਗਏ ਪ੍ਰੋਟੋਟਾਈਪ 'ਤੇ ਫਿਲਹਾਲ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਹੁਣ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਅਸੀਂ ਹਿਊਮਨੌਇਡ ਦੇ ਤਕਨੀਕੀ ਪਹਿਲੂ 'ਤੇ ਕੰਮ ਕਰਾਂਗੇ ਤਾਂ ਜੋ ਉਹ ਆਵਾਜ਼ਾਂ ਦੀ ਪਛਾਣ ਕਰਨ ਅਤੇ ਕੁਝ ਹੋਰ ਕੰਮ ਕਰਨ ਵਿੱਚ ਸਮਰਥ ਹੋਵੇਗੀ।"
ਸੋਮਨਾਥ ਕਹਿੰਦੇ ਹਨ, "ਇਹ ਦੇਖਣ ਵਿੱਚ ਵੱਖਰੀ ਹੋ ਸਕਦੀ ਹੈ, ਪਰ ਇਹ ਐਲਗੋਰਿਦਮ ਤਰਕ 'ਤੇ ਹੀ ਅਧਾਰਤ ਹੋਵੇਗੀ। ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਕਿੰਨੇ ਹਿਊਮਨੌਇਡ ਬਣਾਏ ਜਾਣਗੇ। ਬਾਅਦ ਵਿੱਚ ਇਹ ਮਨੁੱਖਾਂ ਦੀ ਮਦਦ ਕਰਨਗੇ।"
ਉਹ ਕਹਿੰਦੇ ਹਨ, "ਇਨ੍ਹਾਂ ਵਿੱਚੋਂ ਇੱਕ ਕੰਮ ਕਾਰਬਨ ਡਾਈਆਕਸਾਈਡ ਸਿਲੰਡਰ ਨੂੰ ਬਦਲਣ ਦਾ ਵੀ ਹੋ ਸਕਦਾ ਹੈ, ਤਾਂ ਜੋ ਪੁਲਾੜ ਯਾਤਰੀ ਮੁਸ਼ਕਲ ਹਾਲਤਾਂ ਵਿੱਚ ਵੀ ਜ਼ਿੰਦਾ ਰਹਿ ਸਕਣ।"
ਗਗਨਯਾਨ ਪ੍ਰੋਗਰਾਮ ਲਈ ਇਸਰੋ ਨੇ ਤਿੰਨ ਭਾਰਤੀ ਹਵਾਈ ਸੈਨਾ ਦੇ ਪਾਇਲਟ ਚੁਣੇ ਹਨ, ਜੋ ਇਸ ਸਮੇਂ ਰੂਸ ਵਿੱਚ ਸਿਖਲਾਈ ਲੈ ਰਹੇ ਹਨ।
ਸਿਵਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇਸਰੋ ਦਸੰਬਰ 2021 ਵਿੱਚ ਭਾਰਤ ਦੇ ਮਨੁੱਖੀ ਮਿਸ਼ਨ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਦੋ ਮਨੁੱਖ ਰਹਿਤ ਮਿਸ਼ਨਾਂ - ਦਸੰਬਰ 2020 ਅਤੇ ਜੂਨ 2021 ਨੂੰ ਪੁਲਾੜ ਵਿੱਚ ਭੇਜੇਗਾ।