CAA ਦਾ ਵਿਰੋਧ ਕਰਨ ਗਏ ਸਾਬਕਾ IAS ਅਫ਼ਸਰ ਨੂੰ ਇਲਾਹਾਬਾਦ ਏਅਰਪੋਰਟ ਤੋਂ ਹੀ ਵਾਪਸ ਭੇਜਿਆ, ਧਾਰਾ 370 ਹਟਾਉਣ ਦੇ ਵਿਰੋਧ ’ਚ ਛੱਡੀ ਸੀ ਨੌਕਰੀ: 5 ਅਹਿਮ ਖ਼ਬਰਾਂ

ਸਾਬਕਾ ਨੌਕਰਸ਼ਾਹ ਕੰਨਨ ਗੋਪੀਨਾਥਨ ਨੂੰ ਇਲਾਹਾਬਾਦ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਇੱਕ ਸਭਾ ਨੂੰ ਸੰਬੋਧਨ ਕਰਨਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਏਅਰਪੋਰਟ ਤੋਂ ਹੀ ਬਾਹਰ ਨਹੀਂ ਨਿਲਕਣ ਦਿੱਤਾ।

ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਲਗਾਤਾਰ ਦੋ ਟਵੀਟ ਕੀਤੇ, ਪਹਿਲੇ ਟਵੀਟ ਵਿੱਚ ਹਿਰਾਸਤਨ 'ਚ ਲਏ ਜਾਣ ਦੀ ਗੱਲ੍ਹ ਆਖੀ ਅਤੇ ਦੂਜੇ 'ਚ ਇਲਾਹਾਬਾਦ ਏਅਰਪੋਰਟ ਲਿਖਿਆ।

ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਦਿੱਲੀ ਦੀ ਫਲਾਈਟ 'ਚ ਬਿਠਾ ਦਿੱਤਾ ਗਿਆ। ਇਲਾਹਾਬਾਦ ਏਅਰਪੋਰਟ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਮਿਲੀ।

ਇਲਾਹਾਬਾਦ ਐੱਸਐੱਸਪੀ ਸਤਿਆਰਥ ਅਨਿਰੁੱਧ ਪੰਕਜ ਨੇ ਬੀਬੀਸੀ ਨੂੰ ਦੱਸਿਆ, "ਕੰਨਨ ਗੋਪੀਨਾਥਨ ਜੀ ਨੂੰ ਅਸੀਂ ਸਮਝਾਇਆ ਕਿ ਕਾਨੂੰਨ-ਵਿਵਸਥਾ ਦੇ ਲਿਹਾਜ਼ ਨਾਲ ਤੁਹਾਡਾ ਉੱਥੇ ਜਾਣਾ ਸੰਵੇਦਨਸ਼ੀਲ ਹੋ ਸਕਦਾ ਹੈ। ਉਹ ਖ਼ੁਦ ਨੌਕਰਸ਼ਾਹ ਰਹੇ ਹਨ। ਉਨ੍ਹਾਂ ਨੇ ਸਾਡੀਆਂ ਗੱਲਾਂ ਸਮਝੀਆਂ ਅਤੇ ਵਾਪਸ ਚਲੇ ਗਏ।"

ਦਰਅਸਲ ਇਹ ਸਮਾਗਮ ਆਲ ਇੰਡੀਆ ਪੀਪਲਜ਼ ਫੋਰਮ ਵੱਲੋਂ ਕੀਤਾ ਜਾ ਰਿਹਾ ਸੀ। ਇਲਾਹਾਬਾਦ ਦੇ ਆਲੋਪੀਬਾਗ਼ ਦੇ ਸਰਦਾਰ ਪਟੇਲ ਇੰਸਟੀਚਿਊਟ ਵਿੱਚ 'ਨਾਗਰਿਕਤਾ ਬਚਾਓ, ਸੰਵਿਧਾਨ ਬਚਾਓ, ਲੋਕਤੰਤਰ ਬਚਾਓ' ਦੇ ਸਿਰਲੇਖ ਹੇਠ ਰੱਖੇ ਪ੍ਰੋਗਰਾਮ 'ਚ ਕੰਨਨ ਗੋਪੀਨਾਥਨ ਨੇ ਬੋਲਣਾ ਸੀ।

34 ਸਾਲਾ ਕੰਨਨ ਗੋਪੀਨਾਥਨ ਪਿਛਲੇ ਸਾਲ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਵਿਰੋਧ ਕਰਦਿਆਂ ਆਪਣੀ ਸੱਤ ਸਾਲ ਪੁਰਾਣੀ ਆਈਏਐੱਸ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ-

CAA ਨੂੰ ਲਾਗੂ ਕਰਨ ਤੋਂ ਕੋਈ ਸੂਬਾ ਇਨਕਾਰ ਨਹੀਂ ਕਰ ਸਕਦਾ- ਕਪਿਲ ਸਿੱਬਲ

ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਸੰਸਦ ਵਿੱਚ ਪਾਸ ਹੋਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਤੋਂ ਕੋਈ ਸੂਬਾ ਇਨਕਾਰ ਨਹੀਂ ਕਰ ਸਕਦਾ।

ਸਿੱਬਲ ਨੇ ਕਿਹਾ ਹੈ, "ਜੇ ਸੀਏਏ ਪਾਸ ਹੋ ਗਿਆ ਹੈ ਤਾਂ ਕੋਈ ਸੂਬਾ ਇਹ ਨਹੀਂ ਕਹਿ ਸਕਦਾ ਕਿ ਇਹ ਕਾਨੂੰਨ ਲਾਗੂ ਨਹੀਂ ਕਰੇਗਾ ਕਿਉਂਕਿ ਅਜਿਹਾ ਕਰਨਾ ਗ਼ੈਰ-ਸੰਵਿਧਾਨਕ ਹੋਵੇਗਾ। ਤੁਸੀਂ ਇਸ ਦਾ ਵਿਰੋਧ ਕਰ ਸਕਦੇ ਹੋ, ਵਿਧਾਨ ਸਭਾ 'ਚ ਵਿਰੋਧੀ ਮਤਾ ਪਾਸ ਕਰ ਸਕਦੇ ਹੋ ਅਤੇ ਕੇਂਦਰ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਲਈ ਕਹਿ ਸਕਦੇ ਹੋ। ਪਰ ਸੰਵਿਧਾਨਕ ਤੌਰ 'ਤੇ ਇਹ ਕਹਿਣਾ ਕਿ ਇਸ ਨੂੰ ਲਾਗੂ ਨਹੀਂ ਕਰ ਕਰਾਂਗੇ, ਵਧੇਰੇ ਸਮੱਸਿਆ ਦਾ ਸਬੱਬ ਬਣ ਸਕਦਾ ਹੈ।"

ਕੇਰਲ ਤੇ ਬੰਗਾਲ ਤੋਂ ਬਾਅਦ ਪੰਜਾਬ ਨੇ ਵੀ ਸੀਏਏ ਦਾ ਤਿੱਖਾ ਵਿਰੋਧ ਕੀਤਾ ਹੈ ਅਤੇ ਇਸ ਦੇ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਐੱਨਪੀਆਰ (NPR) ਲਈ ਵਰਤੇ ਜਾਂਦੇ ਫਾਰਮਾਂ ਵਿੱਚ ਵੀ ਸੋਧ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਸੀਏਏ ਵਿਰੁੱਧ ਪਾਸ ਹੋਏ ਮਤੇ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਟਰੰਪ ਮਹਾਂਦੋਸ਼: ਕਾਨੂੰਨੀ ਟੀਮ ਨੇ ਕਿਹਾ, ਇਲਜ਼ਾਮ ਲੋਕਤੰਤਰ 'ਤੇ 'ਖ਼ਤਰਨਾਕ ਹਮਲਾ'

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਕਾਨੂੰਨੀ ਟੀਮ ਨੇ ਮਹਾਂਦੋਸ਼ ਕੇਸ 'ਤੇ ਪਹਿਲੀ ਰਸਮੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਲਜ਼ਾਮ ਲੋਕਤੰਤਰ 'ਤੇ 'ਖ਼ਤਰਨਾਕ ਹਮਲਾ' ਹੈ।

ਉਨ੍ਹਾਂ ਨੇ ਕਿਹਾ ਹੈ ਕਿ ਮਹਾਂਦੋਸ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੇ ਇਲਜ਼ਾਮ ਅਸਫ਼ਲ ਰਹੇ ਹਨ ਅਤੇ ਇਹ 2020 ਦੀਆਂ ਰਾਸ਼ਟਰਪਤੀ ਚੋਣਾਂ 'ਚ ਦਖ਼ਲ ਦਾ ਇੱਕ 'ਨਿਰਲੱਜ' ਯਤਨ ਸੀ।

ਉਧਰ ਡੈਮੇਕ੍ਰੇਟਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਥਿਤੀ ਨੂੰ ਲੈ ਕੇ ਜੋ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖ਼ਤਰਾ ਹੈ, ਉਸ ਨੂੰ ਖ਼ਤਮ ਕਰਨ ਲਈ ਟਰੰਪ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਹੈਰੀ ਅਤੇ ਮੇਘਨ ਨੇ ਛੱਡਿਆ ਸ਼ਾਹੀ ਟਾਈਟਲ

ਬਘਿੰਗਮ ਪੈਲੇਟ ਨੇ ਐਲਾਨ ਕੀਤਾ ਹੈ ਕਿ ਹੈਰੀ ਅਤੇ ਮੇਘਨ ਕੋਲ ਹੁਣ ਐੱਚਆਰਐੱਚ (Her/His Royal Highness) ਟਾਈਟਲ ਨਹੀਂ ਰਿਹਾ ਅਤੇ ਨਾ ਹੀ ਉਹ ਹੁਣ ਸ਼ਾਹੀ ਕਾਰਜਾਂ ਲਈ ਜਨਤਕ ਫੰਡ ਲੈ ਸਕਣਗੇ।

ਇਸ ਤੋਂ ਇਲਾਵਾ ਇਹ ਜੋੜਾ ਹੁਣ ਤੋਂ ਰਸਮੀ ਤੌਰ 'ਤੇ ਮਹਾਰਾਣੀ ਦੀ ਪ੍ਰਤੀਨਿਧਤਾ ਵੀ ਨਹੀਂ ਕਰੇਗਾ।

ਬਿਆਨ ਵਿੱਚ ਕਿਹਾ ਹੈ ਕਿ ਡਿਊਕ ਅਤੇ ਡਚੈਸ ਆਫ ਸਸੈਕਸ ਨੇ ਫਰਾਗਮੋਰ ਕੋਟੇਜ ਦੇ ਨਵੀਨੀਕਰਨ ਲਈ ਕਰਦਾਤਾਵਾਂ ਦੇ 2.4 ਮਿਲੀਅਨ ਪੌਂਡ ਵਾਪਸ ਕਰਨ ਦਾ ਇਰਾਦਾ ਬਣਾਇਆ ਹੈ।

ਪੈਲਸ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਹਾ ਕਿ ਨਵੇਂ ਪ੍ਰਬੰਧ ਇਸ ਸਾਲ ਦੇ ਬਸੰਤ ਤੋਂ ਲਾਗੂ ਹੋਣਗੇ।

ਸਾਨੀਆ ਮਿਰਜ਼ਾ ਦੀ ਮਾਂ ਬਣਨ ਮਗਰੋਂ ਪਹਿਲੀ ਜਿੱਤ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ 2 ਸਾਲ ਤੋਂ ਵੱਧ ਸਮੇਂ ਦੀ ਮੈਟਰਨਿਟੀ ਛੁੱਟੀ ਤੋਂ ਬਾਅਦ ਕੌਮਾਂਤਰੀ ਟੈਨਿਸ ਵਿੱਚ ਜਿੱਤ ਨਾਲ ਵਾਪਸੀ ਕੀਤੀ ਹੈ।

ਛੁੱਟੀ ਤੋਂ ਬਾਅਦ ਆਪਣਾ ਪਲੇਠਾ ਟੂਰਨਾਮੈਂਟ, ਹੋਬਰਟ ਇੰਟਰਨੈਸ਼ਨਲ ਟਾਈਟਲ, ਉਨ੍ਹਾਂ ਨੇ ਨਾਦੀਆ ਕਿਚਨੋਕ ਦੇ ਨਾਲ 6-4, 6-4 ਨਾਲ ਜਿੱਤਿਆ।

ਸਾਨੀਆਂ ਨੇ ਇਸ ਬਾਰੇ ਆਪਣੇ ਦੋ ਸਾਲਾ ਬੇਟੇ ਨਾਲ ਇੱਕ ਭਾਵੁਕ ਤਸਵੀਰ ਟਵੀਟ ਕੀਤੀ ਤੇ ਲਿਖਿਆ, "ਅੱਜ ਮੇਰੀ ਜ਼ਿੰਦਗੀ ਦਾਂ ਸਭ ਤੋਂ ਖ਼ਾਸ ਦਿਨ ਸੀ। ਜਦੋਂ ਮੇਰੇ ਮਾਪੇ ਤੇ ਮੇਰਾ ਛੋਟਾ ਜਿਹਾ ਬੇਟਾ ਕਾਫ਼ੀ ਲੰਬੇ ਸਮੇਂ ਬਾਅਦ ਖੇਡੇ ਗਏ ਮੈਚ ਦੌਰਾਨ ਮੇਰੇ ਨਾਲ ਸਨ। ਅਸੀਂ ਆਪਣਾ ਪਹਿਲਾ ਰਾਊਂਡ ਜਿੱਤ ਲਿਆ। ਮੈਂ ਖ਼ੁਦ ਨੂੰ ਮਿਲ ਰਹੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)