ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ

ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਵੱਡਾ ਝਟਕਾ ਲੱਗਿਆ ਹੈ। ਸੈਂਟਰਲ ਐਡਮਿਨਿਸਟਰੇਟਿਵ ਟ੍ਰਿਬਿਊਨਲ (CAT) ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਖ਼ਾਰਿਜ ਕਰ ਦਿੱਤੀ ਹੈ।

ਕੈਟ ਨੇ ਡੀਜੀਪੀ ਦੀ ਨਿਯੁਕਤੀ ਲਈ ਚਾਰ ਹਫਤਿਆਂ ਦੇ ਅੰਦਰ ਦੁਬਾਰਾ ਪੈਨਲ ਬਣਾ ਕੇ ਭੇਜਣ ਲਈ ਕਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਇਜ਼ਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ।

ਉਨ੍ਹਾਂ ਕੈਟ ਦੇ ਫੈਸਲੇ ਬਾਰੇ ਕਿਹਾ, ''ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮਸਲਾ CAT, UPSC ਅਤੇ ਉਸ ਅਫਸਰ ਵਿਚਾਲੇ ਸੁਲਜਾਇਆ ਜਾਣਾ ਹੈ। ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਬਣੇ ਰਹਿਣਗੇ।''

CAT ਨੇ ਕੀ ਕਿਹਾ

ਕੈਟ ਦੇ ਚੇਅਰਮੈਨ ਐੱਲ ਨਰਸਿਮਹਾ ਰੈੱਡੀ ਅਤੇ ਮੈਂਬਰ ਐੱਮ ਜਮਸ਼ੇਦ ਨੇ ਇਹ ਫੈਸਲਾ ਸੁਣਾਇਆ। ਡੀਜੀਪੀ ਮੁਹੰਮਦ ਮੁਸਤਫਾ ਅਤੇ ਸਿਧਾਰਥ ਚਟੋਪਾਧਿਆਏ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ਼ ਇਹ ਕਹਿ ਕੇ ਅਪੀਲ ਕੀਤੀ ਸੀ ਕਿ ਸਾਡੇ ਸੀਨੀਅਰ ਹੋਣ ਦੇ ਬਾਵਜੂਦ ਗੁਪਤਾ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ।

ਕੈਟ ਨੇ ਕਿਹਾ ਹੈ ਕਿ ਗੁਪਤਾ ਦੀ ਨਿਯੁਕਤੀ ਤੋਂ ਪਹਿਲਾਂ ਬਣਾਏ ਗਏ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚ ਖਾਮੀਆਂ ਸਨ ਅਤੇ ਇਸ ਪੈਨਲ ਦਾ ਗਠਨ ਸੁਪਰੀਮ ਕੋਰਟ ਵੱਲੋਂ ਪ੍ਰਕਾਸ਼ ਸਿੰਘ ਮਾਮਲੇ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੇ ਵਿਰੁੱਧ ਸੀ।

ਕੈਟ ਨੇ ਆਪਣੇ ਹੁਕਮ ਵਿੱਚ ਡੀਜੀਪੀ ਦੀ ਨਿਯੁਕਤੀ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਅਤੇ ਯੂਪੀਐੱਸਸੀ ਨੂੰ ਹੁਕਮ ਦਿੱਤਾ ਹੈ ਕਿ ਚਾਰ ਹਫਤਿਆਂ ਦੇ ਅੰਦਰ ਦੁਬਾਰਾ ਤਿੰਨ ਸੀਨੀਅਰ ਅਫਸਰਾਂ ਦਾ ਪੈਨਲ ਬਣਾ ਕੇ ਇਸ ਅਹੁਦੇ 'ਤੇ ਨਿਯੁਕਤੀ ਕਰਨ ਲਈ ਭੇਜਿਆ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)