You’re viewing a text-only version of this website that uses less data. View the main version of the website including all images and videos.
Natasa Stankovic: ਹਾਰਦਿਕ ਪਾਂਡਿਆ ਦੀ ਹੋਈ 'ਡੀਜੇ ਵਾਲੇ ਬਾਬੂ' ਗਰਲ
ਬਾਦਸ਼ਾਹ ਦੇ ਚਰਚਿਤ ਗਾਣੇ 'ਡੀਜੇ ਵਾਲੇ ਬਾਬੂ' ਦੀ ਮਾਡਲ ਨਤਾਸਾ ਨਾਲ ਕੀਤੀ ਹੈ ਭਾਰਤੀ ਕ੍ਰਿਕਟ ਟੀਮ ਦੇ ਆਲਰਾਉਂਡਰ ਖ਼ਿ਼ਡਾਰੀ ਹਾਰਦਿਕ ਪਾਂਡਿਆ ਨੇ ਸਗਾਈ। ਪਾਂਡਿਆ ਨੇ ਨਵੇਂ ਸਾਲ ਦੇ ਪਹਿਲੇ ਦਿਨ ਇੰਸਟਾਗ੍ਰਾਮ 'ਤੇ ਦੋ ਪੋਸਟ ਪਾ ਕੇ ਆਪਣੀ ਸਗਾਈ ਦੀ ਖੁਸ਼ੀ ਸਾਂਝੀ ਕੀਤੀ।
ਹਾਰਦਿਕ ਨੇ ਸਰਬੀਆਈ ਅਦਾਕਾਰਾ ਨਤਾਸਾ ਸਟੈਨਕੋਵਿਕ ਨਾਲ ਸਗਾਈ ਕੀਤੀ ਹੈ। ਇਸ ਦੇ ਨਾਲ ਹੀ ਨਤਾਸਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਹਾਰਦਿਕ ਵਲੋਂ ਕੀਤੇ ਪ੍ਰਪੋਜ਼ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।
ਨਵੇਂ ਸਾਲ ਦੇ ਮੌਕੇ 'ਤੇ, ਬੀਤੀ ਰਾਤ ਪਾਂਡਿਆ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਨਤਾਸਾ ਦੀ ਇੱਕ ਫੋਟੋ ਪੋਸਟ ਕੀਤੀ ਅਤੇ ਉਸਦੇ ਨਾਲ ਅੰਗਰੇਜ਼ੀ ਵਿੱਚ ਲਿਖਿਆ, "ਸਾਲ ਦੀ ਸ਼ੁਰੂਆਤ ਮੇਰੇ ਪਟਾਖੇ ਨਾਲ..."
ਇਹ ਵੀ ਪੜੋ
ਇਸ ਤੋਂ ਬਾਅਦ ਹਾਰਦਿਕ ਨੇ ਨਤਾਸਾ ਨੂੰ ਅਗੂੰਠੀ ਪਾ ਕੇ ਵਿਆਹ ਲਈ ਪ੍ਰਪੋਜ਼ ਕਰਨ ਦੀਆਂ ਕੁਝ ਤਸਵੀਰਾਂ ਅਤੇ ਇਕ ਵੀਡੀਓ ਪੋਸਟ ਕੀਤੀ। ਇਹ ਪ੍ਰਪੋਜ਼ਲ ਉਨ੍ਹਾਂ ਦੁਬੱਈ ਵਿੱਚ ਇਕ ਬੋਟ 'ਚ ਆਪਣੇ ਕਰੀਬ਼ੀ ਦੋਸਤਾਂ ਸਾਹਮਣੇ ਕੀਤਾ।
ਇਸ ਪੋਸਟ ਵਿੱਚ, ਉਨ੍ਹਾਂ ਲਿਖਿਆ, "ਮੈਂ ਤੇਰਾ, ਤੂੰ ਮੇਰੀ ਜਾਨੇ, ਸਾਰਾ ਹਿੰਦੁਸਤਾਨ"।
ਇਸ ਦੇ ਨਾਲ ਹੀ ਨਤਾਸਾ ਨੇ ਵੀ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ ਅਤੇ ਇੱਕ ਵੀਡੀਓ ਤੇ ਕੁਝ ਤਸਵੀਰਾਂ ਪੋਸਟ ਕਰਦਿਆਂ ਲਿਖਿਆ, "ਸਦਾ ਲਈ ਹਾਂ।"
ਨਤਾਸਾ ਕੌਣ ਹੈ?
ਮੂਲ ਰੂਪ ਵਿੱਚ ਸਰਬੀਆ ਦੀ ਰਹਿਣ ਵਾਲੀ, ਨਤਾਸਾ ਭਾਰਤੀ ਫਿਲਮ ਉਦਯੋਗ ਵਿੱਚ ਸਰਗਰਮ ਹੈ ਅਤੇ ਮੁੰਬਈ ਵਿੱਚ ਰਹਿੰਦੀ ਹੈ। ਅਭਿਨੇਤਰੀ ਤੋਂ ਇਲਾਵਾ, ਉਹ ਇਕ ਮਾਡਲ ਅਤੇ ਡਾਂਸਰ ਵੀ ਹੈ।
27 ਸਾਲਾ ਨਤਾਸਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਪ੍ਰਕਾਸ਼ ਝਾਅ ਦੀ ਫ਼ਿਲਮ 'ਸੱਤਿਆਗ੍ਰਹਿ' ਨਾਲ ਕੀਤੀ ਸੀ। ਇਸ ਵਿੱਚ ਉਸਨੇ ਇੱਕ ਆਇਟਮ ਸਾਂਗ ਕੀਤਾ ਸੀ। ਇਸ ਤੋਂ ਬਾਅਦ ਉਹ ਐਕਸ਼ਨ ਜੈਕਸਨ, ਫ਼ੁਕਰੇ ਰਿਟਰਨਜ਼, ਡੈਡੀ, ਜ਼ੀਰੋ ਅਤੇ ਯਾਰਮ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਈ।
ਬਾਦਸ਼ਾਹ ਦੇ ਗਾਣੇ 'ਡੀਜੇ ਵਾਲੇ ਬਾਬੂ' 'ਤੋਂ ਇਸ ਨੂੰ ਪੰਜਾਬ ਵਿੱਚ ਵੀ ਚੰਗੀ ਪੱਛਾਣ ਮਿਲੀ।
ਹਾਲ ਹੀ ਵਿੱਚ ਉਹ ਫਿਲਮ 'ਦਿ ਬਾਡੀ' ਵਿੱਚ ਇਮਰਾਨ ਹਾਸ਼ਮੀ ਅਤੇ ਰਿਸ਼ੀ ਕਪੂਰ ਨਾਲ ਨਜ਼ਰ ਆਈ।
ਇਸ ਤੋਂ ਇਲਾਵਾ, ਉਸਨੇ 2014 ਵਿੱਚ 'ਬਿੱਗ ਬੌਸ' ਅਤੇ 2019 ਵਿੱਚ 'ਨੱਚ ਬਾਲੀਏ' ਵਰਗੇ ਟੀਵੀ ਰਿਐਲਿਟੀ ਸ਼ੋਅ ਵਿੱਚ ਵੀ ਹਿੱਸਾ ਲਿਆ ਹੈ।
ਕੌਣ ਹੈ ਹਾਰਦਿਕ ਪਾਂਡਿਆ?
26 ਸਾਲਾ ਆਲਰਾਉਂਡਰ ਖ਼ਿਡਾਰੀ ਹਾਰਦਿਕ ਪਾਂਡਿਆ ਇਸ ਸਮੇਂ ਕਮਰ ਵਿੱਚ ਸੱਟ ਲੱਗਣ ਕਾਰਨ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਹੈ।
ਇਸ ਕਾਰਨ ਉਹ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਖ਼ਿਲਾਫ਼ ਟੀ -20 ਅਤੇ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ।
ਹਾਰਦਿਕ ਨੂੰ ਸ਼੍ਰੀਲੰਕਾ ਅਤੇ ਆਸਟਰੇਲੀਆ ਖ਼ਿਲਾਫ਼ ਘਰੇਲੂ ਸੀਰੀਜ਼ ਤੋਂ ਵੀ ਬਾਹਰ ਰੱਖਿਆ ਜਾਵੇਗਾ। ਹਾਲਾਂਕਿ, ਬੀਸੀਸੀਆਈ ਨੇ ਪਾਂਡਿਆ ਨੂੰ ਨਿਊਜ਼ੀਲੈਂਡ ਦੌਰੇ 'ਤੇ ਭਾਰਤ-ਏ ਟੀਮ' ਚ ਸ਼ਾਮਲ ਕੀਤਾ ਹੈ।
ਹਾਰਦਿਕ ਨੇ ਆਪਣਾ ਆਖ਼ਰੀ ਮੈਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸਤੰਬਰ 2019 ਵਿੱਚ ਖੇਡਿਆ ਸੀ, ਜੋ ਇੱਕ ਟੀ -20 ਮੈਚ ਸੀ।
ਕੋਹਲੀ ਨੇ ਦਿੱਤੀ ਵਧਾਈ
ਹਾਰਦਿਕ ਦੇ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਉਸ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੁਬਾਰਕਾਂ ਦੇਣ ਵਾਲਿਆਂ ਵਿੱਚ ਉਸ ਦੇ ਸਾਥੀ ਕੁਲਦੀਪ ਯਾਦਵ ਸਭ ਤੋਂ ਅੱਗੇ ਰਹੇ। ਉਨ੍ਹਾਂ ਲਿਖਿਆ, 'ਲੱਖ, ਲੱਖ ਵਧਾਈਆਂ।'
ਇਸ ਦੇ ਨਾਲ ਹੀ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪਾਂਡਿਆ ਦੀ ਪੋਸਟ 'ਤੇ ਕਮੈਂਟ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।