You’re viewing a text-only version of this website that uses less data. View the main version of the website including all images and videos.
Immigration Punjab: IS ਦੀ ਚੁੰਗਲ ਦੀ 'ਚੋ ਭੱਜਣ ਵਾਲੇ ਹਰਜੀਤ ਮਸੀਹ ਨੇ ਦੱਸੀ ਇਰਾਕ 'ਚ ਪੰਜਾਬੀਆਂ ਦੀ ਕਹਾਣੀ
ਰੋਜ਼ੀ-ਰੋਟੀ ਲਈ ਵਿਦੇਸ਼ਾਂ ਵਿੱਚ ਰੁਲਦੇ ਪੰਜਾਬੀ ਨੌਜਵਾਨਾਂ ਦੀ ਹੋਣੀ ਦੀ ਗਵਾਹੀ ਕੁਝ ਮਹੀਨੇ ਪਹਿਲਾਂ ਇਰਾਕ ਤੋਂ ਪਰਤੇ ਦੁਆਬੇ ਦੇ 7 ਨੌਜਵਾਨ ਭਰਦੇ ਹਨ।
ਸੁਨਿਹਰੇ ਭਵਿੱਖ ਦਾ ਸੁਪਨਾ ਲੈ ਕੇ ਇਰਾਕ ਗਏ ਇਨ੍ਹਾਂ ਮੁੰਡਿਆਂ ਨੂੰ ਏਜੰਟ ਟੂਰਿਸਟ ਵੀਜ਼ੇ 'ਤੇ ਲੈ ਗਿਆ ਅਤੇ 9 ਮਹੀਨੇ ਤੱਕ ਇਨ੍ਹਾਂ ਨੇ ਜ਼ਿੰਦਗੀ ਨੂੰ ਨਰਕ ਵਾਂਗ ਭੋਗਿਆ।
ਇਰਾਕ ਤੋਂ ਪਰਤੇ ਇਨ੍ਹਾਂ ਨੌਜਵਾਨਾ ਨਾਲ ਬੀਬੀਸੀ ਨੇ ਸਤੰਬਰ ਮਹੀਨੇ ਵਿੱਚ ਗੱਲਬਾਤ ਕੀਤੀ ਸੀ। ਬੀਬੀਸੀ ਨੂੰ ਉਨ੍ਹਾਂ ਨੇ ਆਪਣੀ ਹੱਡਬੀਤੀ ਸੁਣਾਈ।
...................................................................................................................................
ਜਦੋਂ ਵੀ ਕਿਧਰੇ ਕੋਈ ਪਰਵਾਸ ਨਾਲ ਸਬੰਧਤ ਹਾਦਸਾ ਵਾਪਰੇ, ਕਿਸੇ ਮੁਲਕ ਦੇ ਹਾਲਾਤ ਖ਼ਰਾਬ ਹੋਣ ਤਾਂ ਪੰਜਾਬੀ ਚਿੰਤਾ ਵਿਚ ਡੁੱਬ ਜਾਂਦੇ ਹਨ। ਮਾਲਟਾ ਕਾਂਡ , ਡੌਂਕੀ ਰੂਟ ਉੱਤੇ ਮਿਲਦੀਆਂ ਲਾਸ਼ਾਂ ਅਤੇ ਡਿਟੈਸ਼ਨ ਸੈਂਟਰਾਂ ਵਿਚ ਪੰਜਾਬੀਆਂ ਦੀ ਮੌਜੂਦਗੀ ਸਣੇ ਕਈ ਹੋਰ ਅਨੇਕਾਂ ਘਟਨਾਵਾਂ ਪਰਵਾਸੀ ਪੰਜਾਬੀ ਸੰਕਟ ਦੀ ਗਵਾਹੀ ਭਰਦੀਆਂ ਹਨ। ਪੰਜਾਬ ਤੋਂ ਹੋਣ ਵਾਲੇ ਪਰਵਾਸ ਦੇ ਸੰਕਟ ਤੇ ਪੰਜਾਬੀ ਜਵਾਨੀ ਦੇ ਦੁਨੀਆਂ ਵਿਚ ਰੋਜ਼ੀ-ਰੋਟੀ ਲਈ ਰੁਲ਼ਣ ਦੇ ਵੱਖ ਵੱਖ ਪੱਖ਼ਾਂ ਨੂੰ ਉਜਾਗਰ ਕਰਦੀ ਹੈ, ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਲੜੀ Immigration Punjab . ਇਹ ਰਿਪੋਰਟਾਂ ਪਹਿਲੀ ਵਾਰ 25ਜਨਵਰੀ 2020 ਵੀ ਪ੍ਰਕਾਸ਼ਿਤ ਕੀਤੀਗਈ ਸੀ, ਇਸ ਨੂੰ ਤੁਹਾਡੀ ਰੂਚੀ ਲਈ ਦੁਬਾਰਾ ਛਾਪਿਆ ਜਾ ਰਿਹਾ ਹੈ।
......................................................................................................................................
ਜਲੰਧਰ ਦੇ ਛੋਕਰਾਂ ਪਿੰਡ ਦਾ ਰਹਿਣ ਵਾਲਾ ਰਣਦੀਪ ਕੁਮਾਰ ਆਖਦਾ ਹੈ,''ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਕੁਝ ਅਜਿਹਾ ਹੋਵੇਗਾ। ਜਿਹੋ ਜਿਹੀ ਮੇਰੀ ਜ਼ਿੰਦਗੀ ਇੱਥੇ ਸੀ ਉਸ ਤੋਂ ਕਿਤੇ ਜ਼ਿਆਦਾ ਖ਼ਰਾਬ ਹੋ ਗਈ। ਉਹ ਸਭ ਸੋਚ ਕੇ ਵੀ ਮੈਨੂੰ ਡਰ ਲਗਦਾ ਹੈ।''
ਰਣਦੀਪ ਕੁਮਾਰ ਕਹਿੰਦਾ ਹੈ,''ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਹੈ। ਕੋਈ ਅਜਿਹੀ ਕੰਪਨੀ ਨਹੀਂ ਜਿੱਥੇ ਜਾ ਕੇ ਕੰਮ ਕੀਤਾ ਜਾ ਸਕੇ। ਘਰ ਦੇ ਹਾਲਾਤਾਂ ਨੇ ਬਾਹਰ ਜਾਣ ਨੂੰ ਮਜਬੂਰ ਕਰ ਦਿੱਤਾ ਸੀ।''
ਰਣਦੀਪ ਕਹਿੰਦਾ ਹੈ ਜਾਂਦੇ ਹੀ ਸਾਡੇ ਨਾਲ ਧੋਖਾ ਹੋ ਗਿਆ। ਇੱਥੇ ਨਹੀਂ ਲਗਦਾ ਸੀ ਕਿ ਅਜਿਹਾ ਕੁਝ ਹੋਵੇਗਾ।
ਰਣਦੀਪ ਕੁਮਾਰ ਮੁਤਾਬਕ ਉਹ ਇੱਥੇ ਪਲੰਬਰ ਦਾ ਕੰਮ ਕਰਦਾ ਸੀ। "ਘਰ ਦਾ ਠੀਕ ਗੁਜ਼ਾਰਾ ਚੱਲ ਰਿਹਾ ਸੀ। ਸੋਚਿਆ ਸੀ ਕਿ ਕੁਝ ਚੰਗਾ ਕਰਾਂਗੇ ਪਰ ਉਸ ਤੋਂ 4-5 ਸਾਲ ਪਿੱਛੇ ਪਹੁੰਚ ਗਏ ਹਾਂ। ਮੌਜੂਦਾ ਸਮੇਂ 'ਤੇ ਪਹੁੰਚਣ ਲਈ ਕਰੀਬ 2-4 ਸਾਲ ਦਾ ਸਮਾਂ ਤਾਂ ਲੱਗੇਗਾ ਹੀ।"
ਢਾਈ ਮਹੀਨੇ ਚੌਲਾਂ ਦੀ ਇੱਕ ਕੋਲੀ ਨਾਲ ਕੱਟੇ
''ਸ਼ੁਰੂਆਤ ਦਾ ਇੱਕ ਮਹੀਨਾ ਠੀਕ ਸੀ। ਅਗਲੇ ਢਾਈ ਮਹੀਨੇ ਤਾਂ ਇੱਕ ਕੋਲੀ ਚਾਵਲ ਦੇ ਸਹਾਰੇ ਹੀ ਕੱਟੇ। ਸਵੇਰੇ ਉੱਠ ਕੇ ਇਹੀ ਸੋਚਦੇ ਸੀ ਕਿ ਸ਼ਾਇਦ ਅੱਜ ਆਈਡੀ ਬਣ ਜਾਵੇ, ਬਸ ਲਾਰੇ ਲਗਾਉਂਦੇ ਸੀ ਕਿ ਦੋ ਦਿਨ ਰੁੱਕ ਜਾਓ, ਚਾਰ ਦਿਨ ਰੁੱਕ ਜਾਓ।''
''ਅਸੀਂ ਇਹੀ ਸੋਚਿਆ ਕਿ ਇੰਡੀਆ ਜਾ ਕੇ ਕੀ ਕਰਨਾ, ਘਰਦਿਆਂ ਦੇ ਐਨੇ ਪੈਸੇ ਲਗਵਾ ਦਿੱਤਾ। ਉਂਝ ਵੀ ਉਹ ਪੈਸੇ ਮਿਲਣ ਦੀ ਤਾਂ ਆਸ ਨਹੀਂ ਸੀ ਕੋਈ।''
''ਸਾਡੇ ਪਿੰਡ ਦੇ ਕਰੀਬ 50 ਫ਼ੀਸਦ ਮੁੰਡੇ ਬਾਹਰ ਹਨ। ਉਨ੍ਹਾਂ ਨੇ ਕੋਠੀਆਂ ਬਣਾਈਆਂ ਹੋਈਆਂ ਹਨ। ਅਸੀਂ ਵੀ ਸੋਚਦੇ ਸੀ ਕਿ ਸਾਡੇ ਕੋਲ ਵੀ ਇਹ ਸਹੂਲਤ ਹੋਵੇ। ਇਸ ਲਈ ਏਜੰਟ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ। 9 ਮਹੀਨੇ ਅਸੀਂ ਬੜੇ ਹੀ ਔਖੇ ਕੱਟੇ।''
ਰਣਦੀਪ ਕਹਿੰਦਾ ਹੈ ਕਿ ਘਰਦਿਆਂ ਨੂੰ ਕੁਝ ਗੱਲਾਂ ਦੱਸਦੇ ਸੀ, ਕੁਝ ਗੱਲਾਂ ਨੂੰ ਲੁਕਾਉਂਦੇ ਸੀ। ਸੋਚਦੇ ਸੀ ਕਿ ਅਸੀਂ ਤਾਂ ਪ੍ਰੇਸ਼ਾਨ ਹਾਂ ਪਰਿਵਾਰ ਵਾਲਿਆਂ ਨੂੰ ਕੀ ਕਰਨਾ।
ਗੁਰਦਾਸਪੁਰ ਦਾ ਹਰਜੀਤ ਮਸੀਹ
ਹਰਜੀਤ ਉਨ੍ਹਾਂ ਭਾਰਤੀ ਅਤੇ ਬੰਗਲਾਦੇਸ਼ੀ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਆਈਐੱਸਆਈਐੱਸ ਦੇ ਕਾਰਕੁਨਾਂ ਨੇ ਅਗਵਾ ਕਰ ਲਿਆ ਸੀ।
ਹਰਜੀਤ ਸਿੰਘ ਉਨ੍ਹਾਂ ਦੀ ਚੁੰਗਲ 'ਚੋ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਿਆ ਸੀ।
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਰਜੀਤ ਨੇ ਭਾਰਤ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਉਸਦੇ ਨਾਲ ਦੇ 39 ਭਾਰਤੀਆਂ ਨੂੰ ਕਤਲ ਕਰ ਦਿੱਤਾ ਗਿਆ ਹੈ
ਹਾਲਾਂਕਿ ਭਾਰਤ ਦਾ ਵਿਦੇਸ਼ ਮੰਤਰਾਲਾ ਉਸਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਾ ਰਿਹਾ ਹੈ। ਪਰ 2018 ਵਿੱਚ 39 ਭਾਰਤੀਆਂ ਦੇ ਇਰਾਕ ਵਿੱਚ ਮਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਸੀ।
ਪਿਛਲੇ ਸਾਲ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਹਰਜੀਤ ਮਸੀਹ ਨੇ ਜਿੱਥੇ ਆਪਣੀ ਇਰਾਕ ਜਾਣ ਦੀ ਮਜਬੂਰੀ ਦੱਸੀ ਉੱਥੇ ਭਾਰਤੀ ਕਾਮਿਆਂ ਦੇ ਬਦਤਰ ਹਾਲਾਤ ਉੱਤੇ ਵੀ ਚਾਨਣਾ ਪਾਇਆ।
ਇਹ ਵੀ ਪੜ੍ਹੋ:
ਗੁਰਬਤ ਨੇ ਭੇਜਿਆ ਇਰਾਕ
ਬੇਰੁਜ਼ਗਾਰੀ ਦੇ ਸ਼ਿਕਾਰ ਹਰਜੀਤ ਸਿੰਘ ਆਪਣੇ ਗਰੀਬ ਪਰਿਵਾਰ ਲਈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਲਈ ਆਈਐੱਸਆਈਐੱਸ ਦੀ ਦਹਿਸ਼ਤਗਰਦੀ ਤੋਂ ਪੀੜਤ ਇਰਾਕ ਵਰਗੇ ਦੇਸ਼ ਵਿੱਚ ਵੀ ਜਾਣ ਲਈ ਤਿਆਰ ਹੋ ਗਏ।
ਦਸਵੀਂ ਪਾਸ ਹਰਜੀਤ ਨੂੰ ਟਰੈਵਲ ਏਜੰਟਾਂ ਨੇ ਦੱਸਿਆ ਸੀ ਕਿ ਉਸ ਵਰਗੇ ਘੱਟ ਪੜ੍ਹੇ ਲਿਖੇ ਅਤੇ ਹੁਨਰਮੰਦ ਬੰਦਿਆਂ ਨੂੰ ਅਰਬ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਹੈ ਪਰ ਭਾਰਤ ਵਿੱਚ ਨੌਕਰੀ ਮਿਲਣੀ ਔਖੀ ਹੈ।
ਹਰਜੀਤ ਨੇ ਦੱਸਿਆ ਕਿ ਉਸ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਹ ਹਰ ਮਹੀਨੇ ਘੱਟੋ ਘੱਟ 20,000 ਰੁਪਏ ਆਪਣੇ ਘਰ ਭੇਜ ਸਕੇਗਾ।
ਰੋਜ਼ੀ ਰੋਟੀ ਦਾ ਆਹਰ ਕਰਨ ਅਤੇ ਪਰਿਵਾਰ ਨੂੰ ਗੁਰਬਤ ਵਿੱਚੋਂ ਕੱਢਣ ਲਈ ਹਰਜੀਤ ਨੇ ਆਪਣੇ ਪਰਿਵਾਰ ਨੂੰ ਬਾਹਰ ਜਾਣ ਲਈ ਮਨਾ ਲਿਆ।
ਪਰ ਹਰਜੀਤ ਨੂੰ ਪਤਾ ਨਹੀਂ ਸੀ ਕਿ ਉਹ ਇਰਾਕ ਪਹੁੰਚ ਜਾਵੇਗਾ।
ਦੁਬਈ 'ਚ ਕਿਵੇਂ ਫਸੇ ਸੀ ਪੰਜਾਬੀ ਮੁੰਡੇ
ਉਹ ਦੁਬਈ ਜਾਣਾ ਚਾਹੁੰਦਾ ਸੀ। ਦੁਬਈ ਪਹੁੰਚਣ 'ਤੇ ਗੁਪਤਾ ਨਾਂ ਦੇ ਇੱਕ ਟਰੈਵਲ ਏਜੰਟ ਨੇ ਉਸਨੂੰ ਇਰਾਕ ਵਿੱਚ ਕੰਮ ਕਰਨ ਲਈ ਮਨਾ ਲਿਆ।
ਹਰਜੀਤ ਨੇ ਦੱਸਿਆ ਕਿ ਉਨ੍ਹਾਂ ਇਰਾਕ ਜਾਣ ਲਈ 1.3 ਲੱਖ ਰੁਪਏ ਉਧਾਰ ਲਏ ਸਨ। ਆਪਣੇ ਦੋਸਤਾਂ ਤੋਂ ਇਰਾਕ ਵਿੱਚ ਕੰਮ ਕਰਨ ਦੇ ਹਾਲਾਤ ਅਤੇ ਤਨਖਾਹ ਬਾਰੇ ਸੁਣ ਕੇ ਹਰਜੀਤ ਖੁਸ਼ ਹੋ ਗਿਆ।
ਸ਼ੁਰੂਆਤ ਦੇ ਕੁਝ ਮਹੀਨੇ ਵਧੀਆ ਰਹੇ, ਉਦੋਂ ਤਨਖ਼ਾਹ ਸਮੇਂ 'ਤੇ ਆ ਰਹੀ ਸੀ। ਹੌਲੀ ਹੌਲੀ ਤਨਖਾਹ ਘੱਟ ਆਉਣ ਲੱਗੀ ਅਤੇ ਹਾਲਾਤ ਵਿਗੜਨ ਲੱਗੇ।
ਇਹ ਵੀ ਪੜ੍ਹੋ:
ਇਰਾਕ 'ਚ ਕਾਮਿਆਂ ਦੇ ਹਾਲਾਤ
ਹਰਜੀਤ ਮਸੀਹ ਨੇ ਦੱਸਿਆ ਕਿ ਉਹ ਉੱਥੇ ਕਿਸੇ ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਸਖ਼ਤ ਮਿਹਨਤ ਕਰਨੀ ਪੈਂਦੀ ਸੀ ਉੱਤੋਂ ਜ਼ਿੰਦਗੀ ਵੀ ਆਮ ਵਰਗੀ ਨਹੀਂ ਸੀ।
ਹਰਜੀਤ ਮੁਤਾਬਕ ਇਰਾਕ ਵਿੱਚ ਵਰਕਰਾਂ ਨੂੰ ਫੈਕਟਰੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ।
ਜੇ ਕਿਸੇ ਨੇ ਘਰ ਪੈਸੇ ਭੇਜਣ ਲਈ ਬਾਹਰ ਜਾਣਾ ਹੁੰਦਾ ਤਾਂ ਉਸਨੂੰ ਇੱਕ ਵੱਖਰਾ ਆਈਡੀ ਕਾਰਡ ਦਿੱਤਾ ਜਾਂਦਾ ਅਤੇ ਇੱਕ ਲੋਕਲ ਬੰਦੇ ਨੂੰ ਵੀ ਨਾਲ ਭੇਜਿਆ ਜਾਂਦਾ ਸੀ।
ਹਰਜੀਤ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਖ਼ਬਰ ਦਾ ਕੋਈ ਜ਼ਰੀਆ ਨਹੀਂ ਸੀ। ਉਹ ਸਿਰਫ਼ ਇਹ ਜਾਣਦੇ ਸਨ ਕਿ ਕਈ ਵਾਰ ਸ਼ਹਿਰ ਵਿੱਚ ਕਰਫਿਊ ਲਗਦਾ ਹੈ ਅਤੇ ਗੋਲੀਆਂ ਦੀਆਂ ਆਵਾਜ਼ਾਂ ਸੁਣਦੀਆਂ ਸਨ।
ਹਰਜੀਤ ਨੂੰ ਲਗਦਾ ਹੈ ਕਿ ਅਜੇ ਵੀ ਪੰਜਾਬ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਹਾਲਾਤ ਮਾੜੇ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਵਾਪਸ ਇਰਾਕ ਨਹੀਂ ਜਾਣਗੇ ਪਰ ਪੰਜਾਬ ਵਿੱਚ ਕਈ ਹੋਰ ਨੌਜਵਾਨ ਹਨ ਜੋ ਰੋਜ਼ੀ ਰੋਟੀ ਲਈ ਇਹ ਖਤਰਾ ਚੁੱਕਣ ਨੂੰ ਤਿਆਰ ਹਨ।
ਇਹ ਵੀਡੀਓਜ਼ ਵੀ ਵੇਖੋ