ਇੱਕੋ ਦਿਨ ਵਿਆਹ ਕਰਵਾ ਰਹੀਆਂ ਚਾਰ ਭੈਣਾਂ ਦੀ ਦਿਲਚਸਪ ਕਹਾਣੀ

ਉੱਤਰਾਜਾ, ਉਥਰਾ, ਉਥਮਾ, ਉਥਾਰਾ ਚਾਰ ਭੈਣਾਂ ਹਨ ਜੋ ਆਪਣੇ ਜਨਮ ਤੋਂ ਲੈ ਕੇ ਬਿਲਕੁਲ ਸਾਮਾਨ ਜ਼ਿੰਦਗੀ ਜੀਉਂਦੀਆਂ ਆ ਰਹੀਆਂ ਹਨ - 18 ਨਵੰਬਰ 1995।

ਹੁਣ ਉਹ ਇੱਕੋ ਦਿਨ ਵਿਆਹ ਕਰਨ ਦੀ ਯੋਜਨਾ ਵੀ ਬਣਾ ਰਹੀਆਂ ਹਨ। ਉਨ੍ਹਾਂ ਨੇ ਬੀਬੀਸੀ ਨਾਲ ਆਪਣੀ ਜ਼ਿੰਦਗੀ ਅਤੇ ਭਵਿੱਖ ਦੀ ਉਮੀਦ ਬਾਰੇ ਗੱਲ ਕੀਤੀ।

ਦੱਖਣੀ ਭਾਰਤ ਦੇ ਕੇਰਲਾ ਸੂਬੇ ਦੀਆਂ ਚਾਰ ਭੈਣਾਂ ਇੱਕੋ ਦਿਨ ਪੈਦਾ ਹੋਈਆਂ ਸਨ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕੋ ਛੱਤ ਦੇ ਹੇਠਾਂ ਬਤੀਤ ਕੀਤੀ, ਇੱਕੋ ਖਾਣਾ ਖਾਦਾ ਅਤੇ ਇੱਕੋ ਜਿਹੇ ਕੱਪੜੇ ਪਹਿਨੇ - ਅਤੇ ਇਥੋਂ ਤੱਕ ਕਿ ਉਹ 15 ਸਾਲ ਦੀ ਉਮਰ ਤੱਕ ਸਕੂਲ ਵਿੱਚ ਇੱਕੋ ਕਤਾਰ ਵਿੱਚ ਬੈਠੀਆਂ।

ਹੁਣ ਚਾਰੋਂ ਭੈਣਾਂ ਇੱਕੋ ਦਿਨ ਵਿਆਹ ਕਰਨ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਕੁਇਨਟੁਪਲੇਟ੍ਸ (ਇੱਕ ਪੰਜਵਾਂ ਬੱਚਾ, ਇੱਕ ਭਰਾ) ਹੋਣ ਦੇ ਕਾਰਨ ਚਾਰੋਂ ਭੈਣਾਂ ਆਪਣੇ ਜਨਮ ਤੋਂ ਹੀ ਸੁਰਖੀਆਂ ਵਿੱਚ ਰਹਿੰਦੀਆਂ ਸਨ, ਅਤੇ ਸਥਾਨਕ ਮੀਡੀਆ ਨੇ ਉਨ੍ਹਾਂ ਦੇ ਤਜਰਬਿਆਂ ਅਤੇ ਮੁਸੀਬਤਾਂ ਨੂੰ ਹਮੇਸ਼ਾ ਕਵਰ ਕੀਤਾ।

ਵੱਡਾ ਦਿਨ

ਚਾਰ ਭੈਣਾਂ ਉਥਰਾ, ਉਥਰਾਜਾ, ਉਥਾਰਾ, ਉਥਾਮਾ ਅਤੇ ਉਨ੍ਹਾਂ ਦੇ ਭਰਾ ਉਥਰਾਜਨ ਦਾ ਜਨਮ 18 ਨਵੰਬਰ 1995 ਨੂੰ ਹੋਇਆ ਸੀ। ਉਨ੍ਹਾਂ ਦੀ ਅਗਲੇ ਸਾਲ 26 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੰਨ੍ਹਣ ਦੀ ਯੋਜਨਾ ਹੈ।

ਉਥਰਾ ਕਹਿੰਦੀ ਹੈ, "ਸਾਡੇ ਘਰ ਦੀਆਂ ਬਹੁਤੀਆਂ ਗੱਲਾਂ ਹੁਣ ਵਿਆਹ ਦੇ ਦੁਆਲੇ ਘੁੰਮਦੀਆਂ ਹਨ। ਅਸੀਂ ਅਜੇ ਆਪਣੇ ਵਿਆਹ ਲਈ ਰੇਸ਼ਮ ਦੀਆਂ ਸਾੜੀਆਂ ਵੀ ਖਰੀਦਣੀਆਂ ਹਨ। ਪਰ ਅਸੀਂ ਇੱਕੋਂ ਡਿਜ਼ਾਈਨ ਅਤੇ ਇੱਕੋਂ ਰੰਗ ਦੀਆਂ ਸਾੜੀਆਂ ਖਰੀਦਾਂਗੇ।"

ਉਥਰਾ ਇੱਕ ਪੱਤਰਕਾਰ ਹੈ ਅਤੇ ਉਸ ਦਾ ਹੋਣ ਵਾਲਾ ਪਤੀ ਵੀ ਇੱਕ ਰਿਪੋਰਟਰ ਹੈ।

ਇਹ ਇੱਕ ਰਵਾਇਤੀ ਵਿਆਹ ਹੋਵੇਗਾ। ਆਪਣੇ ਸਾਥੀ ਖ਼ੁਦ ਚੁਣਨ ਦੀ ਬਜਾਏ ਪਰਿਵਾਰ ਦੇ ਬਜ਼ੁਰਗ ਮੈਂਬਰ ਵਿਚੋਲਿਆਂ ਦੀ ਭੂਮਿਕਾ ਅਦਾ ਕਰਦੇ ਹਨ।

ਇਸ ਕੇਸ ਵਿੱਚ ਉਨ੍ਹਾਂ ਦੀ ਮਾਂ ਰੀਮਾ ਦੇਵੀ ਨੇ ਇੱਕ ਵਿਆਹ ਕਰਵਾਉਣ ਵਾਲੀ ਵੈਬਸਾਈਟ ਰਾਹੀਂ ਆਪਣੀ ਧੀਆਂ ਲਈ ਪਤੀਆਂ ਨੂੰ ਚੁਣਨ ਵਿੱਚ ਮਦਦ ਲਈ।

ਉਨ੍ਹਾਂ ਨੇ ਸਤੰਬਰ ਵਿੱਚ ਆਪਣੀ ਸਗਾਈ ਦੀ ਰਸਮ ਕੀਤੀ ਸੀ, ਪਰ ਚਾਰ ਵਿਚੋਂ ਤਿੰਨ ਲਾੜੇ ਇਸ ਲਈ ਨਹੀਂ ਆ ਸਕੇ ਕਿਉਂਕਿ ਉਹ ਮਿਡਲ ਈਸਟ ਵਿਚ ਕੰਮ ਕਰਦੇ ਹਨ।

ਹੁਣ ਚਾਰੋਂ ਭੈਣਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਵਿਆਹ ਦੇ ਸਾਰੇ ਪਹਿਲੂ ਇੱਕੋਂ ਜਿਹੇ ਦਿਖਾਈ ਦੇਣ।

ਸਾਂਝਾ ਤਜਰਬਾ

ਇਹ ਕੁੜੀਆਂ ਜਨਮ ਤੋਂ ਲੈ ਕੇ ਹਰ ਚੀਜ਼ ਵਿੱਚ ਇਕੱਠੀਆਂ ਰਹੀਆਂ ਹਨ, ਹਾਲਾਂਕਿ ਉਨ੍ਹਾਂ ਨੇ ਇੱਕ ਦੂਜੇ ਨਾਲ ਮੁਕਾਬਲਾ ਵੀ ਕੀਤਾ ਅਤੇ ਇਸ ਨਾਲ ਉਨ੍ਹਾਂ ਦੀਆਂ ਵਿਅਕਤੀਗਤ ਸ਼ਖਸੀਅਤਾਂ ਦਾ ਰੂਪ ਨਿਖਰ ਕੇ ਸਾਹਮਣੇ ਆਇਆ।

ਉਥਰਾਜਾ ਪੜ੍ਹਾਈ ਵਿੱਚ ਕਾਫੀ ਚੰਗੀ ਹੈ। ਉਥਾਮਾ ਨੇ ਸੰਗੀਤ ਦੀ ਦਿਲਚਸਪੀ ਪੈਦਾ ਕੀਤੀ ਅਤੇ ਵਾਇਲਨ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਕਿ ਉਹਨਾਂ ਦੇ ਭਰਾ ਉਥਰਾਜਨ ਦੀ ਤਬਲਾ ਵਜਾਉਣ ਵਿੱਚ ਦਿਲਚਸਪੀ ਹੈ।

ਉਥਰਾ ਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ। ਉਥਰਾਜਾ ਅਤੇ ਉਥਾਮਾ ਅਨਸਥੀਸੀਆ ਟੈਕਨੀਸ਼ੀਅਨ ਬਣ ਗਈਆਂ।

ਜਦੋਂ ਉਨ੍ਹਾਂ ਨੇ ਪਤੀਆਂ ਨੂੰ ਲੱਭਣਾ ਸ਼ੁਰੂ ਕੀਤਾ, ਤਾਂ ਉਥਰਾਜਾ ਨੇ ਲਗਭਗ ਇੱਕ ਸਾਲ ਪਹਿਲਾਂ ਸਾਥੀ ਲੱਭ ਲਿਆ, ਪਰ ਜਲਦਬਾਜ਼ੀ ਨਾ ਕਰਨ ਦਾ ਫ਼ੈਸਲਾ ਕੀਤਾ।

ਇੰਤਜ਼ਾਰ ਕਰਨ 'ਚ ਖੁਸ਼ ਹਾਂ

ਉੱਤਰਾਜਾ ਨੇ ਬੀਬੀਸੀ ਨੂੰ ਦੱਸਿਆ, "ਸਾਡੀ ਮਾਂ ਦੀ ਇੱਛਾ ਹੈ ਕਿ ਸਾਨੂੰ ਇੱਕੋਂ ਦਿਨ ਵਿਆਹ ਕਰਵਾਉਣਾ ਚਾਹੀਦਾ ਹੈ। ਸੋ, ਅਸੀਂ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ।"

ਲੜਕੀਆਂ ਲਈ ਚਾਰ ਵੱਖਰੇ ਵਿਆਹ ਕਰਵਾਉਣਾ ਉਨ੍ਹਾਂ ਦੀ ਮਾਂ ਲਈ ਵਿੱਤੀ ਤੌਰ 'ਤੇ ਬਹੁਤ ਜ਼ਿਆਦਾ ਮੁਸ਼ਕਲ ਸੀ, ਪਰ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਵਲੋਂ ਸਾਂਝੇ ਵਿਆਹ ਦੀ ਪੇਸ਼ਕਸ਼ ਪਿੱਛੇ ਇੱਕ ਮਜ਼ਬੂਤ ਭਾਵਨਾ ਵੀ ਹੈ।

ਖੁਸ਼ਕਿਸਮਤੀ ਨਾਲ ਉਥਰਾਜਾ ਦੇ ਹੋਣ ਵਾਲੇ ਪਤੀ ਨੇ ਛੇਤੀ ਵਿਆਹ ਲਈ ਮਜਬੂਰ ਨਹੀਂ ਕੀਤਾ।

ਨਵੀਂ ਸ਼ੁਰੂਆਤ

ਉਥਰਾਜਾ ਦਾ ਵਿਆਹ ਆਕਾਸ਼ ਕੁਮਾਰ ਨਾਲ ਹੋ ਰਿਹਾ ਹੈ, ਜੋ ਮਿਡਲ ਈਸਟ ਵਿੱਚ ਅਨਸਥੀਸੀਆ ਟੈਕਨੀਸ਼ੀਅਨ ਹੈ।

ਉਹ ਕਹਿੰਦੀ ਹੈ, "ਦਰਅਸਲ ਅਸੀਂ ਕੁਵੈਤ ਜਾਣ ਤੋਂ ਪਹਿਲਾਂ ਇੱਕੋਂ ਹਸਪਤਾਲ ਵਿੱਚ ਕੰਮ ਕੀਤਾ ਸੀ। ਅਸੀਂ ਇੱਕ ਦੂਜੇ ਨੂੰ ਜਾਣਦੇ ਸੀ। ਉਸਦਾ ਪਰਿਵਾਰ ਮੇਰੀ ਮਾਂ ਨੂੰ ਮਿਲ ਕੇ ਖੁਸ਼ ਸੀ।"

ਉਹ ਦੇਸ਼ ਛੱਡਣ ਤੋਂ ਪਹਿਲਾਂ ਆਪਣੀ ਮੌਜੂਦਾ ਨੌਕਰੀ ਵਿੱਚ ਦੋ ਸਾਲਾਂ ਦੇ ਕੰਮ ਦਾ ਤਜਰਬਾ ਇਕੱਠੀ ਕਰਨਾ ਚਾਹੁੰਦੀ ਹੈ। ਇਸਦਾ ਅਰਥ ਹੈ ਕਿ ਉਹ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਆਪਣੇ ਪਤੀ ਕੋਲ ਜਾਵੇਗੀ।

ਉਸਨੇ ਕਿਹਾ, "ਇਹ ਥੋੜਾ ਔਖਾ ਅਤੇ ਦੁਖ ਦੇਣ ਵਾਲਾ ਹੈ। ਸਾਧਾਰਣ ਡਰ ਤਾਂ ਹੁੰਦਾ ਹੀ ਹੈ। ਮੈਂ ਕਦੇ ਕਿਸੇ ਹੋਰ ਦੇਸ਼ ਨਹੀਂ ਗਈ। ਇਸਦੇ ਨਾਲ ਹੀ ਮੈਂ ਬਹੁਤ ਉਤਸਾਹਿਤ ਵੀ ਹਾਂ ਅਤੇ ਵਿਆਹ ਦੀ ਉਡੀਕ ਕਰ ਰਹੀ ਹਾਂ।"

ਉਥਰਾਜਾ ਨੂੰ ਉਮੀਦ ਹੈ ਕਿ ਕੁਵੈਤ ਵਿੱਚ ਨੌਕਰੀ ਲੱਭਣਾ ਉਸ ਦੇ ਲਈ ਆਸਾਨ ਹੋ ਜਾਵੇਗਾ। ਉਥਰਾ ਅਤੇ ਉਥਾਮਾ ਵੀ ਪੱਛਮ ਏਸ਼ੀਆ ਵਿੱਚ ਕੰਮ ਕਰ ਰਹੇ ਆਦਮੀਆਂ ਨਾਲ ਵਿਆਹ ਕਰਵਾ ਰਹੀਆਂ ਹਨ।

ਇਹ ਵੀ ਪੜ੍ਹੋ:

ਚਾਰੇ ਭੈਣਾਂ ਇੱਕ ਨਵੀਂ ਸ਼ੁਰੂਆਤ ਲਈ ਉਤਸ਼ਾਹਿਤ ਹਨ ਅਤੇ ਭਰਾ ਉਥਰਾਜਨ ਨੂੰ ਵਿਆਹ ਦੀ ਅਜੇ ਕੋਈ ਕਾਹਲੀ ਨਹੀਂ ਹੈ। ਉਹ ਪਰਿਵਾਰਕ ਜੀਵਨ ਸ਼ੁਰੂ ਕਰਨ ਤੋਂ ਪਹਿਲਾਂ ਵਿਦੇਸ਼ ਜਾਣ ਅਤੇ ਕੁਝ ਸਾਲਾਂ ਲਈ ਉਥੇ ਕੰਮ ਕਰਨ ਦਾ ਵੀ ਇੱਛੁਕ ਹੈ।

ਵਿਆਹ ਦੀਆਂ ਯੋਜਨਾਵਾਂ ਨੇ ਬੀਤੇ ਸਮੇਂ ਦੇ ਦੁੱਖ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਹੈ।

ਪੰਜ ਰਤਨ

ਉਨ੍ਹਾਂ ਦੇ ਮਾਤਾ-ਪਿਤਾ ਪੰਜ ਬੱਚਿਆਂ ਦਾ ਸਵਾਗਤ ਕਰਦਿਆਂ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਘਰ ਦਾ ਨਾਮ "ਪੰਚ-ਰਤਨ" ਰੱਖਿਆ - ਭਾਵ ਪੰਜ ਰਤਨ ਜਾਂ ਗਹਿਣੇ।

ਬੱਚਿਆਂ ਨੇ ਆਪਣੀ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਦੀ ਸਿਹਤ ਇੱਕ ਬਹੁਤ ਵੱਡੀ ਚਿੰਤਾ ਸੀ।

ਉਨ੍ਹਾਂ ਦੀ ਮਾਂ ਰੀਮਾ ਦੇਵੀ ਯਾਦ ਕਰਦੀ ਹੈ, "ਉਹ ਘੱਟ ਭਾਰ ਵਾਲੇ ਪੈਦਾ ਹੋਏ ਸਨ ਅਤੇ ਕਮਜ਼ੋਰ ਸਨ ਅਤੇ ਉਹ ਅਕਸਰ ਬਿਮਾਰ ਰਹਿੰਦੇ ਸਨ।

ਉਨ੍ਹਾਂ ਦੇ ਮਾਪੇ ਪ੍ਰੇਮਾ ਕੁਮਾਰ ਅਤੇ ਰੀਮਾ ਦੇਵੀ ਨੇ ਇੱਕੋ ਸਮੇਂ ਪੰਜ ਬੱਚਿਆਂ ਨੂੰ ਪਾਲਣ ਲਈ ਸੰਘਰਸ਼ ਕੀਤਾ। ਇਸ ਦਾ ਅਸਰ ਰੀਮਾ ਦੇਵੀ ਦੀ ਸਿਹਤ 'ਤੇ ਵੀ ਪਿਆ।

ਉਨ੍ਹਾਂ ਕੋਲ ਬਹੁਤ ਜ਼ਿਆਦਾ ਪੈਸੇ ਸਨ ਅਤੇ ਉਨ੍ਹਾਂ ਨੇ ਆਪਣੀ ਸਾਰੀ ਤਾਕਤ ਬੱਚਿਆਂ ਦੀ ਸਿੱਖਿਆ 'ਤੇ ਕੇਂਦਰਿਤ ਕੀਤੀ ਬੈ।

ਭਾਰਤ ਵਿੱਚ ਮੁੰਡਿਆਂ ਲਈ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਅਤੇ ਬਹੁਤ ਸਾਰੇ ਘਰਾਂ ਵਿਚ ਮੁੰਡਿਆਂ ਨੂੰ ਹੀ ਘਰ ਦਾ ਮੁਖੀ ਮੰਨਿਆ ਜਾਂਦਾ ਹੈ।

ਪਰ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਪਿਆਂ ਨੇ ਸਾਰਿਆਂ ਨਾਲ ਇੱਕੋ ਜਿਹਾ ਵਤੀਰਾ ਕੀਤਾ ਅਤੇ ਬੱਚਿਆਂ ਲਈ ਇੱਕੋ ਜਿਹੇ ਕੱਪੜੇ ਵੀ ਹਮੇਸ਼ਾ ਖਰੀਦੇ। ਕਈ ਵਾਰ ਭੈਣਾਂ ਨੇ ਇੱਕ-ਦੂਜੇ ਦੇ ਪਹਿਰਾਵੇ ਵੀ ਪਾਏ।

ਉਥਰਾ ਕਹਿੰਦੀ ਹੈ, " ਸਾਡੇ ਦਰਮਿਆਨ ਕਦੇ ਵੀ ਕੋਈ ਮੁਸ਼ਕਲਾਂ ਖੜ੍ਹੀਆਂ ਨਹੀਂ ਹੋਈਆਂ। ਅਸੀਂ ਕਦੇ ਵੀ ਇਕ ਦੂਜੇ ਦੇ ਕੱਪੜੇ ਪਹਿਨਣ 'ਤੇ ਇਤਰਾਜ਼ ਨਹੀਂ ਕੀਤਾ।"

ਪਰ ਦੁਖਾਂਤ ਉਦੋਂ ਵਾਪਰਿਆ ਜਦੋਂ ਲੜਕੀਆਂ ਸਿਰਫ ਨੌਂ ਸਾਲਾਂ ਦੀਆਂ ਸਨ। ਉਨ੍ਹਾਂ ਦੇ ਪਿਤਾ ਇੱਕ ਸਟੇਸ਼ਨਰੀ ਦੁਕਾਨ ਚਲਾਉਂਦੇ ਸਨ, ਜਿਸ ਨਾਲ ਪਰਿਵਾਰ ਨੂੰ ਆਮਦਨੀ ਹੁੰਦੀ ਸੀ। ਪਿਤਾ ਨੇ ਕਾਰੋਬਾਰ ਵਿੱਚ ਬਹੁਤ ਸਾਰਾ ਪੈਸਾ ਗੁਆ ਦਿੱਤਾ ਅਤੇ 2004 ਵਿੱਚ ਖੁਦਕੁਸ਼ੀ ਕਰ ਲਈ।

ਲੋਕਾਂ 'ਚ ਸਭ ਤੋਂ ਵਧੀਆ ਲੱਭਣਾ

ਪਰਿਵਾਰ ਨੇ ਆਪਣਾ ਇਕਲੌਤਾ ਰੋਟੀ ਕਮਾਉਣ ਵਾਲਾ ਗੁਆ ਦਿੱਤਾ। ਮੀਡੀਆ ਨੇ ਉਨ੍ਹਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ। ਸਰਕਾਰ ਮਦਦ ਲਈ ਅੱਗੇ ਆਈ ਅਤੇ ਰੀਮਾ ਦੇਵੀ ਨੂੰ ਸਥਾਨਕ ਬੈਂਕ ਵਿਚ ਨੌਕਰੀ ਦੇ ਦਿੱਤੀ।

"ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ 'ਤੇ ਧਿਆਨ ਦਿੱਤਾ। ਮੇਰੀ ਨੌਕਰੀ ਨੇ ਰੋਟੀ ਅਤੇ ਸਿੱਖਿਆ ਲਈ ਮਦਦ ਕੀਤੀ।"

ਉਨ੍ਹਾਂ ਦੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ, ਗੁਆਂਢ ਦੇ ਇੱਕ ਡਾਕਟਰ ਨੇ ਉਨ੍ਹਾਂ ਨੂੰ ਰਹਿਣ ਲਈ ਇੱਕ ਘਰ ਦਿੱਤਾ, ਜਿਸ ਲਈ ਪਰਿਵਾਰ ਬਹੁਤ ਸ਼ੁਕਰਗੁਜ਼ਾਰ ਹੈ।

ਰੀਮਾ ਦੇਵੀ ਕਹਿੰਦੀ ਹੈ, "ਸੰਕਟ ਵਿੱਚ ਲੋਕਾਂ ਦੀ ਪਛਾਣ ਹੁੰਦੀ ਹੈ।"

ਪੰਜਾਂ ਬੱਚਿਆਂ ਨੇ ਸਕੂਲ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਚੁਣੇ ਹੋਏ ਖੇਤਰਾਂ ਵਿਚ ਗ੍ਰੈਜੂਏਟ ਹੋਏ।

ਉਥਾਰਾ ਕਹਿੰਦੀ ਹੈ, "ਸਾਡੀ ਮਾਂ ਬਹੁਤ ਖੁਸ਼ ਹੈ। ਉਹ ਹਮੇਸ਼ਾਂ ਚਾਹੁੰਦੀ ਸੀ ਕਿ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋਈਏ।"

ਮੀਡਿਆ ਦੀਆਂ ਸੁਰਖੀਆਂ

ਪਰਿਵਾਰ ਵਾਲੇ ਹਿੰਦੂ ਹਨ ਅਤੇ ਉਹਨਾਂ ਦਾ ਵਿਆਹ ਮਸ਼ਹੂਰ ਮੰਦਰ ਵਿੱਚ ਹੋਵੇਗਾ।

ਸਿਰਫ਼ ਨਜ਼ਦੀਕੀ ਪਰਿਵਾਰਕ ਮੈਂਬਰ ਅਤੇ ਦੋਸਤਾਂ ਨੂੰ ਬੁਲਾਇਆ ਜਾਵੇਗਾ। ਰਿਪੋਰਟਰਾਂ ਅਤੇ ਕੈਮਰਾਮੈਨ ਦੇ ਆਉਣ ਦੀ ਵੀ ਉਮੀਦ ਹੈ।

ਉਥਾਰਾ ਨੇ ਕਿਹਾ, "ਸੁਰਖੀਆਂ 'ਚ ਰਹਿਣਾ ਇੱਕ ਆਸ਼ੀਰਵਾਦ ਹੈ।"

ਪੰਜ ਬੱਚੇ ਹੋਣਾ ਕਾਫੀ ਦੁਰਲਭ ਹੈ ਅਤੇ ਮੀਡਿਆ ਕਰਕੇ ਲੋਕਾਂ ਦੀ ਕਾਫੀ ਰੁਚੀ ਇਸ ਪਰਿਵਾਰ ਵਿੱਚ ਰਹੀ ਹੈ। ਉਹਨਾਂ ਦਾ ਜਨਮ, ਜਦੋਂ ਉਹ ਸਕੂਲ ਗਏ...ਸਭ ਕੁਝ ਮੀਡਿਆ ਨੇ ਕਵਰ ਕੀਤਾ।

ਭਾਵਨਾਤਮਕ ਲਗਾਵ

ਹੁਣ ਭੈਣਾਂ ਇਹ ਹੀ ਸੋਚਦੀਆਂ ਹਨ ਕਿ ਉਹ ਆਪਣੀ ਮਾਂ ਦੀ ਮਦਦ ਕਿਵੇਂ ਕਰ ਸਕਦੀਆਂ ਹਨ।

ਉਹ ਇਹ ਵੀ ਕਹਿੰਦੀਆਂ ਹਨ ਕਿ ਉਹ ਕਦੇ ਵੀ ਇੱਕ-ਦੂਜੇ ਨੂੰ ਨਹੀਂ ਛੱਡਣਗੀਆਂ।

"ਅਸੀਂ ਭਾਵੇਂ ਵੱਖ-ਵੱਖ ਜਗ੍ਹਾਂ 'ਤੇ ਚਲੀਆਂ ਜਾਈਏ, ਅਸੀਂ ਭਾਵਨਾਤਮਕ ਤੌਰ 'ਤੇ ਹਮੇਸ਼ਾ ਇੱਕ-ਦੂਜੇ ਦੇ ਨਾਲ ਹਾਂ ਅਤੇ ਇੱਕ-ਦੂਜੇ ਦੇ ਬਾਰੇ ਸੋਚਾਗੇਂ।"

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)