You’re viewing a text-only version of this website that uses less data. View the main version of the website including all images and videos.
ਨਾਗਰਿਕਤਾ ਸੋਧ ਬਿੱਲ: ਗੁਹਾਟੀ ਵਿੱਚ 2 ਪ੍ਰਦਰਸ਼ਨਕਾਰੀਆਂ ਦੀ ਮੌਤ
- ਲੇਖਕ, ਰਵੀ ਪ੍ਰਕਾਸ਼
- ਰੋਲ, ਗੁਹਾਟੀ ਤੋਂ, ਬੀਬੀਸੀ ਦੇ ਲਈ
ਅਸਾਮ ਦੇ ਗੁਹਾਟੀ ਸ਼ਹਿਰ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੀ ਝੜਪ 'ਚ ਦੋ ਲੋਕਾਂ ਦੀ ਮੌਤ ਹੋ ਗਈ।
ਅਸਾਮ ਦੇ ਡੀਜੀਪੀ ਭਾਸ਼ਕਰ ਜਯੋਤੀ ਮਹੰਤਾ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਝੜਪ ਵਿੱਚ ਪੰਜ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਮੌਤਾਂ ਪੁਲਿਸ ਦੇ ਗੋਲੀ ਚਲਾਉਣ ਕਾਰਨ ਹੋਈਆਂ ਹਨ।
ਡੀਜੀਪੀ ਨੇ ਦੱਸਿਆ,''ਦੋਵੇਂ ਲੋਕਾਂ ਦੀ ਮੌਤ ਬੁਲੇਟ ਇੰਜਰੀ ਨਾਲ ਹੋਈ ਹੈ। ਅਸੀਂ ਇਸਦੀ ਜਾਂਚ ਕਰ ਰਹੇ ਹਾਂ ਕਿ ਗੋਲੀ ਕਿਵੇਂ ਲੱਗੀ। ਕਈ ਥਾਵਾਂ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ। ਇਨ੍ਹਾਂ ਵਿੱਚ 7-8 ਪੁਲਿਸ ਵਾਲੇ ਵੀ ਜ਼ਖ਼ਮੀ ਹੋਏ ਹਨ।''
ਇਹ ਵੀ ਪੜ੍ਹੋ :
ਪੀਟੀਆਈ ਮੁਤਾਬਕ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਇੱਕ ਸ਼ਖ਼ਸ ਨੇ ਹਸਪਤਾਲ ਵਿੱਚ ਲਿਆਏ ਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ ਸੀ ਉੱਥੇ ਹੀ ਦੂਜੇ ਦੀ ਮੌਤ ਇਲਾਜ ਦੇ ਦੌਰਾਨ ਹੋਈ।
ਵੀਰਵਾਰ ਨੂੰ ਸ਼ਹਿਰ ਵਿੱਚ ਕਰਫ਼ਿਊ ਦੇ ਬਾਵਜੂਦ ਹਜ਼ਾਰਾਂ ਲੋਕ ਥਾਂ-ਥਾਂ 'ਤੇ ਸੜਕਾਂ ਉੱਤੇ ਨਿਕਲ ਪਏ।
ਇਸ ਤੋਂ ਪਹਿਲਾਂ ਮਿਲੀਆਂ ਰਿਪੋਟਰਾਂ ਮੁਤਾਬਕ ਵਿਰੋਧ ਦੇ ਮੱਦੇਨਜ਼ਰ ਗੁਹਾਟੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ ਅਤੇ 10 ਜ਼ਿਲ੍ਹਿਆਂ ਵਿੱਚ ਇੰਟਰਨੈੱਟ 'ਤੇ ਪਾਬੰਦੀ ਲਗਾਈ ਗਈ ਸੀ।
ਪ੍ਰਦਰਸ਼ਨਕਾਰੀਆਂ ਨੇ ਗੁਹਾਟੀ ਹਾਈ ਕੋਰਟ ਦੇ ਮੁਹਰੇ ਇੱਕ ਵੱਡੇ ਮੈਦਾਨ ਵਿੱਚ ਸਭਾ ਕੀਤੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਉੱਥੇ ਜੈ ਅਖਮ (ਜੈ ਅਸਾਮ) ਅਤੇ ਕੈਬ ਆਮੀ ਨਾ ਮਾਨੂ ( ਕੈਬ ਨੂੰ ਅਸੀਂ ਨਹੀਂ ਮੰਨਦੇ) ਦਾ ਨਾਅਰਾ ਲਗਾਉਂਦੀ ਹੋਈ ਭੀੜ ਨੇ ਵੱਡੀ ਸਭਾ ਕੀਤੀ।
ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਭਾਸਕਰ ਜੋਤੀ ਮਹੰਤਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਸੀ ਕਿ ਗੁਹਾਟੀ ਵਿੱਚ ਸ਼ਾਮ 6.15 ਵਜੇ ਤੋਂ ਕਰਫਿਉ ਲਗਾਇਆ ਗਿਆ ਹੈ।
ਖ਼ਬਰ ਏਜੰਸੀ ਏ.ਐੱਨ.ਆਈ ਨੇ ਗੁਹਾਟੀ ਦੇ ਪੁਲਿਸ ਕਮਿਸ਼ਨਰ ਦੀਪਕ ਕੁਮਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਸਥਿਤੀ ਆਮ ਹੋਣ ਤੱਕ ਕਰਫਿਉ ਜਾਰੀ ਰਹੇਗਾ।
ਅਸਾਮ ਸਰਕਾਰ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 10 ਜ਼ਿਲ੍ਹਿਆਂ ਵਿੱਚ ਸ਼ਾਮ 7 ਵਜੇ ਤੋਂ 24 ਘੰਟੇ ਲਈ ਮੋਬਾਈਲ ਡਾਟਾ ਅਤੇ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।
ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ "ਸੂਬੇ ਦੀ ਸ਼ਾਂਤੀ ਨੂੰ ਖਤਮ ਕਰਨ ਵਿੱਚ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਚੁੱਕਿਆ ਗਿਆ ਹੈ"।
ਮੋਦੀ ਦਾ ਭਰੋਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਅਸਾਮ ਵਿਚ ਅੰਦੋਲਨ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੀ ਰਾਖੀ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, 'ਕੇਂਦਰ ਸਰਕਾਰ ਤੇ ਮੈਂ ਅਸਾਮੀ ਲੋਕਾਂ ਦੀ ਸਿਆਸੀ, ਭਾਸ਼ਾਈ, ਸੱਭਿਆਚਾਰਕ ਅਤੇ ਜ਼ਮੀਨੀ ਅਧਿਕਾਰਾਂ ਦੀ ਰੱਖਿਆ ਲਈ ਕਲੌਜ ਨੰਬਰ 6 ਮੁਤਾਬਕ ਸੰਵਿਧਾਨਕ ਤੌਰ ਉੱਤੇ ਬਚਨਬੱਧ ਹਾਂ'।
ਲਗਾਤਾਰ ਟਵੀਟ ਕਰਕੇ ਪ੍ਰਧਾਨ ਮੰਤਰੀ ਨੇ ਕਿਹ, ''ਮੈਂ ਆਪਣੇ ਅਸਾਮੀ ਭੈਣਾਂ ਅਤੇ ਭਰਾਵਾਂ ਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਨਾਗਰਿਕਤਾ ਬਿੱਲ ਪਾਸ ਹੋਣ ਉੱਤੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ''।
''ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਅਧਿਕਾਰਾਂ, ਵੱਖਰੀ ਪਛਾਣ ਅਤੇ ਅਦਭੁੱਤ ਸੱਭਿਆਚਾਰ। ਇਸ ਦੇ ਵਿਕਾਸ ਲਈ ਯਤਨ ਕੀਤੇ ਜਾਣਗੇ''।
ਇਮਰਾਨ ਖ਼ਾਨ ਵੱਲੋਂ ਤਿੱਖੀ ਆਲੋਚਨਾ
ਪਾਕਿਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤੀ ਸੰਸਦ ਵਿੱਚ ਇਸ ਕਾਨੂੰਨ ਸੋਧ ਬਿੱਲ਼ ਦੇ ਪਾਸ ਹੋਣ ਮਗਰੋਂ ਭਾਰਤ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਟਵੀਟ ਕੀਤਾ, ''ਅਸੀਂ ਭਾਰਤ ਦੇ ਇਸ ਕਦਮ ਦੀ ਘੋਰ ਨਿੰਦਾ ਕਰਦੇ ਹਾਂ। ਇਹ ਸੋਧ ਬਿੱਲ ਪਾਸ ਹੋਣਾ ਮਨੁੱਖੀ ਅਧਿਕਾਰ ਕਾਨੂੰਨਾਂ ਅਤੇ ਪਾਕਿਸਤਾਨ ਨਾਲ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹੈ।''
ਮੁਜ਼ਾਹਰਾਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ
ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਨੂੰ ਬੰਦ ਕੀਤਾ ਗਿਆ ਹੈ ਉਹ ਲਖੀਮਪੁਰ, ਤਿਨਸੁਕਿਆ, ਧੇਮਾਜੀ, ਦਿਬਰੂਗੜ, ਸਰਾਇਦੇਵ, ਸਿਬਸਾਗਰ, ਜੋਰਹਾਟ, ਗੋਲਾਘਾਟ, ਕਾਮਰੂਪ (ਮੈਟਰੋ) ਅਤੇ ਕਾਮਰੂਪ ਹਨ।
ਇਹ ਫ਼ੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਜਦੋਂ ਅਸਾਮ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਬਿੱਲ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰ ਆਏ ਹਨ।
ਇਸ ਸਮੇਂ ਦੌਰਾਨ ਕਈ ਥਾਵਾਂ 'ਤੇ ਪੁਲਿਸ ਨਾਲ ਉਹਨਾਂ ਦੀ ਝੜਪ ਹੋਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਵਰਤੋਂ ਕੀਤੀ।
ਪੀਟੀਆਈ ਦੇ ਅਨੁਸਾਰ, ਅਸਾਮ ਸਰਕਾਰ ਨੇ ਫੌਜ ਦੀਆਂ ਦੋ ਟੁਕੜੀਆਂ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਬੋਂਗਾਗਾਓਂ ਅਤੇ ਡਿਬਰੂਗੜ ਵਿੱਚ ਤਿਆਰ ਰੱਖਿਆ ਗਿਆ ਹੈ।
ਸਥਾਨਕ ਮੀਡੀਆ ਵਿੱਚ ਇਹ ਵੀ ਖ਼ਬਰ ਹੈ ਕਿ ਕਸ਼ਮੀਰ ਵਿੱਚ ਤਾਇਨਾਤ ਪੈਰਾ ਮਿਲਿਟਰੀ ਦੇ ਪੰਜ ਹਜ਼ਾਰ ਜਵਾਨ ਅਸਾਮ ਅਤੇ ਪੂਰਬੀ ਭਾਰਤ ਦੇ ਦੂਜੇ ਸੂਬਿਆਂ ਵਿੱਚ ਭੇਜਿਆ ਜਾ ਰਿਹਾ ਹੈ।
ਗੁਹਾਟੀ ਦੇ ਪੁਲਿਸ ਕਮਿਸ਼ਨਰ ਦੀਪਕ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਕਰਫਿਊ ਦੇ ਦੌਰਾਨ ਜ਼ਰੂਰੀ ਸੇਵਾਵਾਂ 'ਤੇ ਰੋਕ ਨਹੀਂ ਲਗਾਈ ਗਈ ਹੈ। ਐਂਬੁਲੈਂਸ, ਮੀਡੀਆ ਅਤੇ ਵਿਸ਼ੇਸ਼ ਲੋੜਾਂ ਲਈ ਨਿਕਲੇ ਲੋਕਾਂ ਦੇ ਪਾਸ ਦੇਖਣ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਨਹੀਂ ਰੋਕ ਰਹੀ।
ਆਵਾਜਾਹੀ 'ਤੇ ਵੀ ਅਸਰ
ਡਿਬਰੂਗੜ੍ਹ ਵਿੱਚ ਪ੍ਰਦਰਸ਼ਕਾਰੀਆਂ ਨੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਦੇ ਘਰ ਨੂੰ ਨਿਸ਼ਾਨਾ ਬਣਾਇਆ। ਮੁੱਖ ਮੰਤਰੀ ਦੇ ਘਰ 'ਤੇ ਪਥਰਾ ਕੀਤਾ ਗਿਆ।
ਅਸਾਮ ਜਾਣ ਵਾਲੀਆਂ ਕਈ ਰੇਲਗੱਡੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਤਾਂ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਗਿਆ ਹੈ। ਬੁੱਧਵਾਰ ਰਾਤ ਮੁਜ਼ਾਹਰਾਕਾਰੀਆਂ ਨੇ ਡਿਬਰੂਗੜ੍ਹ ਦੇ ਚਾਬੁਆ ਵਿੱਚ ਇੱਕ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਦਿੱਤੀ।
ਤਿਨਸੁਕੀਆ ਵਿੱਚ ਪਾਨੀਟੋਲਾ ਰੇਲਵੇ ਸਟੇਸ਼ਨ ਨੂੰ ਵੀ ਅੱਗ ਲਗਾ ਦਿੱਤੀ ਗਈ। ਅਸਾਮ ਦੇ ਗੁਆਂਢੀ ਸੂਬੇ ਤ੍ਰਿਪੁਰਾ ਵਿੱਚ ਅਸਾਮ ਰਾਈਫਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਵੀਰਵਾਰ ਨੂੰ ਵਿਰੋਧੀ ਧਿਰ ਕਾਂਗਰਸ ਨੇ ਤ੍ਰਿਪੁਰਾ ਵਿੱਚ ਬੰਦ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ:-
ਕਿਉਂ ਹੋ ਰਿਹਾ ਹੈ ਵਿਰੋਧ
ਅਸਾਮ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਅਸਾਮ ਸਮਝੌਤੇ ਦੀ ਉਲੰਘਣਾ ਕਰਦਾ ਹੈ।
ਅਸਾਮ ਸਮਝੌਤਾ ਸੂਬੇ ਦੇ ਲੋਕਾਂ ਦੀ ਸਮਾਜਕ-ਸਭਿਆਚਾਰਕ ਅਤੇ ਭਾਸ਼ਾਈ ਪਛਾਣ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਸ ਸਮਝੌਤੇ 'ਤੇ 15 ਅਗਸਤ 1985 ਨੂੰ ਭਾਰਤ ਸਰਕਾਰ ਅਤੇ ਅਸਾਮ ਅੰਦੋਲਨ ਦੇ ਆਗੂਆਂ ਵਿੱਚਕਾਰ ਦਸਤਖਤ ਹੋਏ ਸਨ।
ਇਹ ਸਮਝੌਤਾ ਵਿਦਿਆਰਥੀਆਂ ਦੀ ਅਗਵਾਈ ਵਿੱਚ ਅਸਾਮ ਵਿੱਚ ਚੱਲੇ ਛੇ ਸਾਲਾਂ ਦੇ ਅੰਦੋਲਨ ਤੋਂ ਬਾਅਦ ਹੋਇਆ ਸੀ।
ਉਨ੍ਹਾਂ ਦੀ ਮੰਗ ਸੀ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ।
ਅਸਾਮ ਸਮਝੌਤੇ ਦੇ ਅਨੁਸਾਰ ਪ੍ਰਵਾਸੀਆਂ ਨੂੰ ਵੈਧਤਾ ਦੇਣ ਦੀ ਤਰੀਕ 25 ਮਾਰਚ 1971 ਹੈ, ਪਰ ਨਾਗਰਿਕਤਾ ਸੋਧ ਬਿੱਲ ਵਿੱਚ ਇਸ ਨੂੰ 31 ਦਸੰਬਰ 2014 ਮੰਨਿਆ ਗਿਆ ਹੈ।
ਅਸਾਮ ਵਿੱਚ ਪੂਰਾ ਵਿਰੋਧ ਇਸ ਨਵੀਂ ਮਿਤੀ ਨੂੰ ਲੈ ਕੇ ਹੈ।
ਨਾਗਰਿਕਤਾ ਸੋਧ ਬਿੱਲ ਵਿੱਚ ਨਵੀਂ ਕੱਟ-ਆਫ-ਤਰੀਕ ਉਨ੍ਹਾਂ ਲੋਕਾਂ ਲਈ ਰਾਹ ਪੱਧਰਾ ਕਰੇਗੀ ਜੋ 31 ਦਸੰਬਰ 2014 ਤੋਂ ਪਹਿਲਾਂ ਅਸਾਮ ਵਿੱਚ ਦਾਖਲ ਹੋਏ ਸਨ।
ਕੌਣ ਕਰ ਰਿਹਾ ਹੈ ਵਿਰੋਧ ਪ੍ਰਦਰਸ਼ਨਾਂ ਦੀ ਨੁਮਾਇੰਦਗੀ
ਆਲ ਅਸਾਮ ਗੋਰਖਾ ਸਟੂਡੈਂਟਸ ਯੂਨੀਅਨ ਦੇ ਮੁਖੀ ਪ੍ਰੇਮ ਤਮਾਂਗ ਨੇ ਬੀਬੀਸੀ ਨੂੰ ਦੱਸਿਆ ਕਿ 11 ਦਸੰਬਰ ਦੇ ਬੰਦ ਦਾ ਸੱਦਾ ਕਿਸੇ ਵੀ ਸੰਗਠਨ ਨੇ ਨਹੀਂ ਦਿੱਤਾ ਸੀ। ਇਹ ਅੰਦੋਲਨ ਆਪਣੇ ਆਪ ਹੋ ਰਿਹਾ ਹੈ ਤੇ ਇਸਦੀ ਨੁਮਾਇੰਦਗੀ ਕੋਈ ਨਹੀਂ ਕਰ ਰਿਹਾ।
ਉਹ ਅੱਗੇ ਕਹਿੰਦੇ ਹਨ ਕਿ ਲੋਕਾਂ ਨੂੰ ਲਗਦਾ ਹੈ ਕਿ ਨਗਰਿਕ ਸੋਧ ਬਿੱਲ (CAB) ਕਾਰਨ ਅਸਮੀਆ ਵਿਰਾਸਤ ਅਤੇ ਵਜੂਦ ਨੂੰ ਖ਼ਤਰਾ ਹੈ।
ਜੀਐੱਸ ਰੋਡ ਤੇ ਪ੍ਰਦਰਸ਼ਨ ਵਿੱਚ ਸ਼ਾਮਲ ਪੰਕਜ ਹਾਤਕਰ ਨੇ ਬੀਬੀਸੀ ਨੂੰ ਕਿਹਾ ਕਿ ਸਾਨੂੰ ਅਸਮ ਵਿੱਚ ਪਹਿਲਾਂ ਹੀ ਬਹੁਤ ਸਮੱਸਿਆਵਾਂ ਹਨ। ਜਦੋਂ ਸਰਕਾਰ ਬਾਹਰੀ ਲੋਕਾਂ ਨੂੰ ਇੱਥੇ ਦਾ ਨਾਗਰਿਕ ਬਣਾ ਦੇਵੇਗੀ ਤਾਂ ਅਸੀਂ ਕਿੱਥੇ ਜਾਵਾਂਗੇ। ਅਸੀਂ ਪਹਿਲਾਂ ਹੀ ਬੇਰੁਜ਼ਗਾਰੀ ਵਰਗੀਆਂ ਮੁਸ਼ਕਿਲਾਂ ਤੋਂ ਜੂਝ ਰਹੇ ਹਾਂ।
ਇਹ ਵੀਡੀਓ ਦੇਖੋ:-