ਨਾਨਾਵਤੀ ਕਮਿਸ਼ਨ ਨੇ ਗੁਜਰਾਤ ਦੰਗਿਆਂ ਦੇ ਮਾਮਲੇ 'ਚ ਮੋਦੀ ਤੇ ਮੰਤਰੀਆਂ ਨੂੰ ਦਿੱਤੀ ਕਲੀਨ ਚਿੱਟ

ਸਾਲ 2002 ਵਿੱਚ ਹੋਏ ਗੁਜਰਾਤ ਦੰਗਿਆ ਦੀ ਜਾਂਚ ਦੇ ਲਈ ਗਠਿਤ ਨਾਨਾਵਤੀ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਉਸ ਵਕਤ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਰਿਪੋਰਟ ਵਿੱਚ ਮੋਦੀ ਤੋਂ ਇਲਾਵਾ ਉਸ ਸਮੇਂ ਦੇ ਉਨ੍ਹਾਂ ਦੇ ਮੰਤਰੀਆਂ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ।

ਬੁੱਧਵਾਰ ਨੂੰ ਗੁਜਰਾਤ ਵਿਧਾਨ ਸਭਾ ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਗਈ।

ਪੰਜ ਸਾਲ ਪਹਿਲਾ ਇਹ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ ਗਈ ਸੀ। ਪਰ ਇਹ ਰਿਪੋਰਟ ਹੁਣ ਵਿਧਾਨ ਸਭਾ ਵਿੱਚ ਰੱਖੀ ਗਈ ਹੈ।

ਸਾਲ 2014 ਵਿੱਚ ਹੀ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਨਾਨਵਤੀ ਅਤੇ ਗੁਜਰਾਤ ਹਾਈ ਕੋਰਟ ਦੇ ਸਾਬਕਾ ਜਸਟਿਸ ਅਕਸ਼ੈ ਮਹਿਤਾ ਨੇ ਆਪਣੀ ਆਖ਼ਰੀ ਰਿਪੋਰਟ ਸੌਂਪ ਦਿੱਤੀ ਸੀ।

ਨਾਨਾਵਤੀ ਕਮਿਸ਼ਨ

ਸਾਲ 2002 ਵਿੱਚ, ਨਰਿੰਦਰ ਮੋਦੀ ਨੇ ਨਾਨਾਵਤੀ ਕਮਿਸ਼ਨ ਬਣਾਇਆ।

ਇਹ ਵੀ ਪੜ੍ਹੋ:-

ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਵਿਧਾਨ ਸਭਾ ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ।

ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਦੱਸਿਆ, "ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੰਗੇ ਪਹਿਲਾਂ ਤੋਂ ਯੋਜਨਾਬੱਧ ਨਹੀਂ ਸਨ। ਰਿਪੋਰਟ ਵਿੱਚ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ।"

ਤਕਰੀਬਨ 3000 ਪੰਨਿਆਂ ਦੀ ਇਸ ਰਿਪੋਰਟ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਆਰਬੀ ਸ੍ਰੀਕੁਮਾਰ, ਸੰਜੀਵ ਭੱਟ ਅਤੇ ਰਾਹੁਲ ਸ਼ਰਮਾ ਦੀ ਭੂਮਿਕਾ ਬਾਰੇ ਸਵਾਲ ਚੁੱਕੇ ਗਏ ਅਤੇ ਭੂਮਿਕਾ ਦੀ ਜਾਂਚ ਲਈ ਸਿਫਾਰਸ਼ ਕੀਤੀ ਗਈ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਥਾਵਾਂ 'ਤੇ ਪੁਲਿਸ ਅਧਿਕਾਰੀ ਦੰਗਾਕਾਰੀ ਭੀੜ ਨੂੰ ਇਸ ਲਈ ਕਾਬੂ ਨਹੀਂ ਕਰ ਪਾਏ ਕਿਉਂਕਿ ਉਹਨਾਂ ਦੀ ਗਿਣਤੀ ਘੱਟ ਸੀ ਜਾਂ ਫੇਰ ਉਨ੍ਹਾਂ ਕੋਲ ਲੋੜੀਂਦੇ ਹਥਿਆਰ ਨਹੀਂ ਸਨ।

ਆਰ ਬੀ ਸ੍ਰੀਕੁਮਾਰ ਨੇ ਗੁਜਰਾਤ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਸਰਕਾਰੀ ਜਾਂਚ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇ।

ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਦੰਗਿਆਂ ਤੋਂ ਬਾਅਦ ਗੁਜਰਾਤ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ:-

ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦਾ ਪਹਿਲਾ ਹਿੱਸਾ 2009 ਵਿੱਚ ਪੇਸ਼ ਕੀਤਾ ਗਿਆ ਸੀ। ਪਹਿਲਾਂ, ਇਸ ਕਮਿਸ਼ਨ ਨੇ ਗੋਧਰਾ ਵਿੱਚ ਲੱਗੀ ਅੱਗ ਦੀ ਜਾਂਚ ਕਰਨੀ ਸੀ ਅਤੇ ਫਿਰ ਗੁਜਰਾਤ ਦੰਗਿਆਂ ਦੀ ਜਾਂਚ ਹੋਣੀ ਸੀ।

ਗੁਜਰਾਤ ਦੰਗੇ

ਗੋਧਰਾ ਕਤਲੇਆਮ ਤੋਂ ਬਾਅਦ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਹੋਈ ਫਿਰਕੂ ਹਿੰਸਾ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਸਨ।

ਗੋਧਰਾ ਕਤਲੇਆਮ ਵਿੱਚ 59 ਹਿੰਦੂ ਮਾਰੇ ਗਏ ਸਨ। 2002 ਵਿੱਚ, ਗੋਧਰਾ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈਸ ਦੇ ਐਸ -6 ਕੋਚ ਨੂੰ ਲੱਗੀ ਅੱਗ ਵਿੱਚ ਕਈ ਕਾਰ ਸੇਵਕਾਂ ਦੀ ਮੌਤ ਹੋ ਗਈ।

ਰਿਪੋਰਟਾਂ ਦੇ ਅਨੁਸਾਰ, ਡੱਬੇ ਵਿੱਚ ਕੁੱਲ 59 ਲੋਕ ਮੌਜੂਦ ਸਨ। ਉਨ੍ਹਾਂ ਵਿੱਚੋਂ ਬਹੁਤੇ ਉਹ ਲੋਕ ਸਨ ਜੋ ਅਯੁੱਧਿਆ ਤੋਂ ਵਾਪਸ ਆ ਰਹੇ ਸਨ।

ਸਰਕਾਰੀ ਅੰਕੜਿਆਂ ਅਨੁਸਾਰ ਇਨ੍ਹਾਂ ਦੰਗਿਆਂ ਵਿੱਚ ਕੁੱਲ 1044 ਵਿਅਕਤੀਆਂ ਦੀ ਮੌਤ ਹੋਈ, ਜਿਨ੍ਹਾਂ ਵਿੱਚੋਂ 790 ਮੁਸਲਮਾਨ ਅਤੇ 254 ਹਿੰਦੂ ਸਨ।

ਗੁਜਰਾਤ ਦੰਗਿਆਂ ਦੇ ਕੇਸਾਂ ਵਿੱਚ ਅਦਾਲਤ ਨੇ 450 ਤੋਂ ਵੱਧ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ।

ਇਨ੍ਹਾਂ ਵਿੱਚੋਂ ਲਗਭਗ 350 ਹਿੰਦੂ ਅਤੇ 100 ਮੁਸਲਮਾਨ ਹਨ। ਮੁਸਲਮਾਨਾਂ ਵਿੱਚੋਂ 31 ਨੂੰ ਗੋਧਰਾ ਕਤਲੇਆਮ ਲਈ ਅਤੇ ਦੂਸਰੇ ਨੂੰ ਬਾਅਦ ਵਿੱਚ ਹੋਏ ਦੰਗਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਵੀਡੀਓ ਵੀ ਦੇਖੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)