ਫਰੀਦਕੋਟ ਕਿਸਾਨ ਦੀ ਮੌਤ ਦਾ ਰਹੱਸ: ‘ਧਰਨੇ 'ਚੋਂ ਉੱਠ ਕੇ ਗਿਆ ਵਾਪਸ ਆਉਂਦਿਆਂ ਹੀ ਹਾਲਤ ਵਿਗੜੀ’

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ-ਏਕਤਾ) ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਕਸਬੇ ਜੈਤੋ ਵਿਖੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਦੌਰਾਨ ਇੱਕ ਕਿਸਾਨ ਦੀ ਰਹੱਸਮਈ ਹਲਾਤ 'ਚ ਮੌਤ ਹੋ ਗਈ ।

52 ਸਾਲਾ ਮਰਹੂਮ ਜਗਸੀਰ ਸਿੰਘ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਿਆਂ ਵਾਲੀ ਦਾ ਰਹਿਣ ਵਾਲਾ ਸੀ।

ਹਾਲਾਂਕਿ ਲਾਸ਼ ਦਾ ਪੋਸਟਮਾਰਟਮ ਕੀਤਾ ਜਾਣਾ ਹਾਲੇ ਬਾਕੀ ਹੈ। ਜਦਕਿ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ-ਏਕਤਾ) ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, ''ਜਗਸੀਰ ਸਿੰਘ ਨੇ ਕੀਟਨਾਸ਼ਕ ਪੀ ਕੇ ਆਤਮ-ਹੱਤਿਆ ਕੀਤੀ ਹੈ।''

ਜਗਸੀਰ ਸਿੰਘ ਦੀ ਲਾਸ਼ ਨੂੰ ਜੈਤੋ ਦੇ ਹੀ ਕਮਿਊਨਿਟੀ ਹੈਲਥ ਸੈਂਟਰ 'ਚ ਰੱਖਿਆ ਗਿਆ ਹੈ ਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਦੀ ਉਡੀਕੀ ਕੀਤੀ ਜਾ ਰਹੀ ਹੈ। ਮਰਹੂਮ ਆਪਣੇ ਪਿੱਛੇ ਦੋ ਧੀਆਂ ਤੇ ਦੋ ਪੁੱਤਰ ਛੱਡ ਗਿਆ ਹੈ।

ਇਹ ਵੀ ਪੜ੍ਹੋ:

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ-ਏਕਤਾ) ਦੇ ਝੰਡੇ ਹੇਠ ਕਿਸਾਨ ਜੈਤੋ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਦੇ ਦਫ਼ਤਰ ਸਾਹਮਣੇ ਪਿਛਲੇ 32 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਹਨ।

ਪ੍ਰਦਰਸ਼ਨਕਾਰੀ ਕਿਸਾਨ ਮੰਗ ਕਰ ਰਹੇ ਹਨ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਪੁਲਿਸ ਕੇਸ ਬਿਨਾਂ ਸ਼ਰਤ ਰੱਦ ਕੀਤੇ ਜਾਣ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ''ਮ੍ਰਿਤਕ ਜਗਸੀਰ ਸਿੰਘ ਕੋਲ ਵਾਹੀਯੋਗ ਜ਼ਮੀਨ ਬੇਹੱਦ ਘੱਟ ਸੀ ਅਤੇ ਉਸ ਦੇ ਸਿਰ ਕਰਜ਼ਾ ਜ਼ਿਆਦਾ ਸੀ। ਉਹ ਚਾਰ ਦਿਨ ਪਹਿਲਾਂ ਹੀ ਜੈਤੋ ਦੇ ਧਰਨੇ 'ਚ ਸ਼ਾਮਲ ਹੋਣ ਲਈ ਆਇਆ ਸੀ। ਸ਼ਨਿੱਚਰਵਾਰ ਨੂੰ ਉਹ ਧਰਨੇ 'ਚੋਂ ਉੱਠ ਕੇ ਬਾਜ਼ਾਰ ਗਿਆ ਤੇ ਵਾਪਸ ਆ ਕੇ ਉਹ ਜਿਵੇਂ ਹੀ ਧਰਨੇ 'ਤੇ ਬੈਠਾ ਤਾਂ ਉਸ ਦੀ ਹਾਲਤ ਵਿਗੜ ਗਈ।''

''ਕਿਸਾਨਾਂ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਤੇ ਉਸ ਨੂੰ ਤੁਰੰਤ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।''

ਹੁਣ ਧਰਨਾਕਾਰੀ ਜੈਤੋ ਦੇ ਕਮਿਉਨਿਟੀ ਹੈਲਥ ਸੈਂਟਰ 'ਚ ਧਰਨੇ 'ਤੇ ਬੈਠ ਗਏ ਹਨ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਤੇ ਸੁਪਰਡੈਂਟ ਆਫ਼ ਪੁਲਿਸ ਭੁਪਿੰਦਰ ਸਿੰਘ ਨੇ ਜੈਤੋ ਪਹੁੰਚ ਕੇ ਕਿਸਾਨ ਆਗੂਆਂ ਤੋਂ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਗੱਲ ਨੂੰ ਲੈ ਕੇ ਹਾਲੇ ਵੀ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਖ਼ਰਕਾਰ ਕਿਸਾਨ ਜਗਸੀਰ ਸਿੰਘ ਦੀ ਮੌਤ ਦਾ ਅਸਲ ਕਾਰਨ ਕੀ ਹੈ ?

ਜੈਤੋ ਦੇ ਸਰਕਾਰੀ ਹਸਪਤਾਲ 'ਚ ਤਾਇਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ. ਕੀਮਤੀ ਆਨੰਦ ਨੇ ਦੱਸਿਆ ਕਿ ਜਗਸੀਰ ਸਿੰਘ ਦੀ ਮੌਤ ਦੇ ਸਬੰਧ ਵਿੱਚ ਤੁਰੰਤ ਪੁਲਿਸ ਪ੍ਰਸਾਸ਼ਨ ਦੇ ਵੱਡੇ ਅਫ਼ਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

''ਮਾਮਲਾ ਗੰਭੀਰ ਹੈ। ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ 'ਚ ਰੱਖਿਆ ਗਿਆ ਹੈ। ਜਿੱਥੋਂ ਤੱਕ ਪੋਸਟਮਾਰਟਮ ਦਾ ਸਵਾਲ ਹੈ, ਉਹ ਪੁਲਿਸ ਪ੍ਰਸਾਸ਼ਨ ਦੇ ਹੱਥ ਵਿੱਚ ਹੈ। ਜਦੋਂ ਪੁਲਿਸ ਲਿਖਤੀ ਤੌਰ 'ਤੇ ਪੋਸਟਮਾਰਟਮ ਕਵਾਉਣ ਦੀ ਗੱਲ ਕਹੇਗੀ, ਉਸੇ ਵੇਲੇ ਅਸੀਂ ਲਾਸ਼ ਨੂੰ ਪੁਲਿਸ ਦੇ ਹਵਾਲੇ ਕਰ ਦੇਵਾਂਗੇ।''

ਸੀਨੀਅਰ ਮੈਡੀਕਲ ਅਫ਼ਸਰ ਨੇ ਸਪਸ਼ਟ ਕੀਤਾ ਕਿ ਪੋਸਟਮਾਰਟਮ ਜ਼ਿਲਾ ਸਦਰ ਮੁਕਾਮ 'ਤੇ ਹੋਵੇਗਾ।

ਕਿਸਾਨ ਆਗੂਆਂ ਨੇ ਆਪਣੀ ਜਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਸੱਦ ਲਈ ਹੈ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਮ੍ਰਿਤਕ ਦਾ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਵੀ ਜ਼ਰੂਰਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)