You’re viewing a text-only version of this website that uses less data. View the main version of the website including all images and videos.
ਹਰਿਆਣਾ ਤੇ ਮਹਾਰਾਸ਼ਟਰ ਚੋਣ ਨਤੀਜੇ: 'ਮੈਚ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਕਾਂਗਰਸ' ਦਾ ਸਵੇਰੇ ਤੋਂ ਸ਼ਾਮ ਤੱਕ ਬਦਲਦੇ ਮੂਡ ਦਾ ਵਿਸ਼ਲੇਸ਼ਣ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਜੇਕਰ ਤੁਸੀਂ ਦਿੱਲੀ 'ਚ ਕਾਂਗਰਸ ਪਰਟੀ ਦੇ ਮੁੱਖ ਦਫ਼ਤਰ 'ਚ ਮੌਜੂਦ ਸੀ ਤਾਂ ਤੁਹਾਨੂੰ ਚੋਣ ਨਤੀਜਿਆਂ ਦਾ ਰੁਝਾਨ ਜਾਣਨ ਲਈ ਟੀਵੀ ਜਾਂ ਮੋਬਾਈਲ ਫ਼ੋਨ 'ਤੇ ਨਜ਼ਰ ਰੱਖਣ ਦੀ ਲੋੜ ਨਹੀਂ ਸੀ। ਸਵੇਰੇ ਕੁਝ ਘੰਟਿਆਂ ਤੱਕ ਸੰਨਾਟਾ ਪਸਰਿਆ ਰਹੇ ਤਾਂ ਸਮਝ ਲਓ ਨਤੀਜਿਆਂ ਦਾ ਰੁਝਾਨ ਨਕਾਰਾਤਮਕ ਹੋਣਗੇ।
ਜੇਕਰ ਰੁਝਾਨ ਵਿੱਚ ਟਵਿਸਟ ਹੋਵੇ ਜਾਂ ਕੋਈ ਨਵਾਂ ਮੋੜ ਆਇਆ ਹੋਵੇ ਤਾਂ ਥੋੜ੍ਹੀ ਹਿਲ-ਡੁੱਲ ਪੈਦਾ ਹੋਵੇਗੀ, ਬਾਡੀ ਲੈਂਗਵੇਜ਼ ਬਦਲਦਾ ਨਜ਼ਰ ਆਵੇਗਾ, ਉਤਸ਼ਾਹ ਵਧਦਾ ਦਿਖਾਈ ਦੇਵੇਗਾ।
ਜੇਕਰ ਨਤੀਜੇ ਆਪਣੀ ਸੋਚ ਤੋਂ ਬਿਹਤਰ ਹੋਣ ਤਾਂ ਪਾਰਟੀ ਦੇ ਵੱਡੇ-ਵੱਡੇ ਨੇਤਾ ਵੱਡੀਆਂ-ਵੱਡੀਆਂ ਗੱਡੀਆਂ 'ਚ ਦਫ਼ਤਰ ਦਾ ਰੁਖ਼ ਕਰਨ ਲਗਦੇ ਹਨ। ਗਾਇਬ ਨੇਤਾ ਅਚਾਨਕ ਸਾਹਮਣੇ ਆਉਣ ਲਗਦੇ ਹਨ।
ਵੀਰਵਾਰ ਨੂੰ ਵੀ ਅਜਿਹਾ ਹੀ ਕੁਝ ਹੋਇਆ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਸ਼ੁਰੂਆਤੀ ਰੁਝਾਨ ਆਉਣ ਤੱਕ 24 ਅਕਬਰ ਰੋਡ ਯਾਨਿ ਕਾਂਗਰਸ ਦੇ ਮੁੱਖ ਦਫ਼ਤਰ ਅੰਦਰ ਮਾਹੌਲ ਠੰਢਾ ਸੀ।
ਇਹ ਵੀ ਪੜ੍ਹੋ-
ਪਰ ਦਿਨ ਚੜਦਿਆਂ ਜਦੋਂ ਨਤੀਜਿਆਂ ਦੇ ਰੁਝਾਨ 'ਚ ਇੱਕ ਟਵਿਸਟ ਆਇਆ ਤਾਂ ਉਤਸ਼ਾਹ ਵਧਣ ਲੱਗਾ। ਵਰਕਰਾਂ ਦੀ ਗਿਣਤੀ ਵਧਣ ਲੱਗੀ ਅਤੇ ਕੁਝ ਸੀਨੀਅਰ ਆਗੂ ਵੀ ਆਉਣ ਲੱਗੇ।
ਸਵੇਰ ਤੱਕ ਉਹ ਆਪਣੀ ਯਕੀਨਣ ਹਾਰ ਮੰਨ ਰਹੇ ਹਨ। ਪਾਰਟੀ ਦੇ ਹਰਿਆਣਾ ਦੇ ਨੇਤਾ ਜਗਦੀਸ਼ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਦੀ ਹਾਰ ਹੋਵੇਗੀ ਪਰ ਉਨ੍ਹਾਂ ਮੁਤਾਬਕ ਉਸ ਦਾ ਕਾਰਨ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਗ਼ਲਤ ਵਰਤੋਂ ਹੈ।
ਦੁਪਹਿਰ ਤੋਂ ਬਾਅਦ ਰੁਝਾਨ ਥੋੜ੍ਹਾ ਹੋਰ ਸਾਫ਼ ਹੋਣ ਲੱਗਾ ਤਾਂ ਕਾਂਗਰਸ ਦੇ ਦਫ਼ਤਰ 'ਚ ਮਾਹੌਲ ਹੋਰ ਵੀ ਗਰਮ ਹੋਇਆ। ਹੁਣ ਥੋੜ੍ਹਾ ਜੋਸ਼ ਵੀ ਦਿਖਿਆ।
ਬਿਹਤਰ ਪ੍ਰਦਰਸ਼ਨ
ਹਰਿਆਣਾ ਤੋਂ ਪਾਰਟੀ ਨੇਤਾ ਜੈਵੀਰ ਸ਼ੇਰਗਿੱਲ ਨੇ ਸਾਨੂੰ ਦੱਸਿਆ ਕਿ ਜਨਤਾ ਨੇ ਉਨ੍ਹਾਂ ਦੇ ਸੂਬੇ ਵਿੱਚ ਭਾਜਪਾ ਨੂੰ ਖ਼ਾਰਿਜ ਕਰ ਦਿੱਤਾ ਹੈ।
ਉਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਅਤੇ ਜੇਜੇਪੀ ਦੇ 36 ਸਾਲਾਂ ਨੇਤਾ ਦੁਸ਼ਯੰਤ ਚੌਟਾਲਾ ਦੇ ਸਹਿਯੋਗ ਨਾਲ ਸਰਕਾਰ ਬਣਾਉਣ ਦੀ ਸੰਭਾਵਨਾ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ।
ਸ਼ੇਰਗਿੱਲ ਨੇ ਮਹਾਰਾਸ਼ਟਰ 'ਚ ਵੀ ਪਾਰਟੀ ਦਾ ਹੁਣ ਤੱਕ ਦੇ ਰੁਝਾਨ ਮੁਤਾਬਕ ਪ੍ਰਦਰਸ਼ਨ ਨੂੰ ਬਿਹਤਰ ਦੱਸਿਆ।
ਪਾਰਟੀ ਮੁੱਖ ਦਫ਼ਤਰ ਵਿੱਚ ਜਗਦੀਸ਼ ਸ਼ਰਮਾ ਅਤੇ ਦੂਜੇ ਵਰਕਰਾਂ ਨੇ ਕਿਹਾ ਹੈ ਉਨ੍ਹਾਂ ਦੀ ਪਾਰਟੀ ਵੱਲੋਂ ਆਸ ਤੋਂ ਵਧੀਆ ਪ੍ਰਦਰਸ਼ਨ ਦਾ ਮੁੱਖ ਕਾਰਨ ਚੋਣ ਮੁਹਿੰਮ 'ਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਚੁੱਕਣਾ ਸੀ।
ਉਹ ਕਹਿੰਦੇ ਹਨ, "ਮੋਦੀ ਨੇ ਕਸ਼ਮੀਰ ਅਤੇ ਧਾਰਾ 370 ਦੇ ਮੁੱਦੇ ਨੂੰ ਚੁੱਕਿਆ। ਜਨਤਾ ਨੇ ਇਸ ਨੂੰ ਰੱਦ ਕਰ ਦਿੱਤਾ।"
ਕਾਂਗਰਸ ਦੇ ਦਫ਼ਤਰ 'ਚ ਪਾਰਟੀ ਦੇ ਨੇਤਾ ਜਿੰਨੀਆਂ ਆਨ ਰਿਕਾਰਡ ਗੱਲਾਂ ਕਰਦੇ ਹਨ ਉਸ ਤੋਂ ਵੱਧ ਆਫ ਦਿ ਰਿਕਾਰਡ ਆਪਣੀ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦਿਆਂ ਹੋਇਆ ਇੱਕ ਬੁਲਾਰੇ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਜੇਕਰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਾ ਦਿੰਦੇ ਅਤੇ ਵਰਕਰਾਂ ਮੰਗ 'ਤੇ ਅਸਤੀਫ਼ਾ ਵਾਪਸ ਲੈ ਲੈਂਦੇ ਤਾਂ ਮਹਾਰਾਸ਼ਟਰ 'ਚ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਸੀ।
'ਡੁੱਬਦੀ ਕਾਂਗਰਸ ਨੂੰ ਤਿਨਕੇ ਦਾ ਸਹਾਰਾ ਮਿਲ ਗਿਆ ਹੈ'
ਹੁਣ ਹਰਿਆਣਾ ਅਤੇ ਮਹਾਰਾਸ਼ਟਰ 'ਚ ਕਾਂਗਰਸ ਪਾਰਟੀ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਸ਼ੇਰਗਿੱਲ ਨੇ ਕਿਹਾ, "ਮੀਡੀਆ ਅਤੇ ਐਗਜ਼ਿਟ ਪੋਲ ਨੇ ਸਾਨੂੰ ਟੰਗ ਦਿੱਤਾ ਸੀ, ਕਿਹਾ ਅਸੀਂ ਮਿਟ ਜਾਵਾਂਗੇ। ਹੁਣ ਜੋ ਨਤੀਜੇ ਆਏ ਹਨ, ਉਸ ਨਾਲ ਉਹ ਕੀ ਕਹਿਣਗੇ?"
ਮੀਡੀਆ ਅਤੇ ਐਗਜ਼ਿਟ ਪੋਲ ਤਾਂ ਦੂਰ, ਸੱਚ ਤਾਂ ਇਹ ਹੈ ਕਿ ਕਾਂਗਰਸ ਮੁੱਖ ਦਫ਼ਤਰ 'ਚ ਮੌਜੂਦ ਭਾਰਤ ਮੀਡੀਆ ਦੇ ਪੱਤਰਕਾਰ ਰੁਝਾਨ 'ਚ ਟਵਿਸਟ ਤੋਂ ਬਾਅਦ ਵੀ ਕਾਂਗਰਸ ਨੂੰ ਚੋਣਾਵੀਂ ਡਸਟਬਿਨ 'ਚ ਸੁੱਟਣ 'ਤੇ ਤੁਲੇ ਸਨ।
ਰੁਝਾਨ ਦੇ ਰੁਖ਼ ਬਦਲਣ ਤੋਂ ਬਾਅਦ ਇੱਕ ਪੱਤਰਕਾਰ ਨੇ ਲਾਈਵ ਇੰਟਰਐਕਸ਼ਨ 'ਚ ਕਿਹਾ, "ਡੁੱਬਦੀ ਕਾਂਗਰਸ ਨੂੰ ਤਿਨਕੇ ਦਾ ਸਹਾਰਾ ਮਿਲ ਗਿਆ ਹੈ।"
ਸੱਚ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਅੰਦਰ ਵੀ ਲੋਕਾਂ ਨੂੰ ਇਹ ਆਸ ਨਹੀਂ ਸੀ ਕਿ ਦੋਵਾਂ ਸੂਬਿਆਂ 'ਚ ਉਨ੍ਹਾਂ ਦਾ ਪ੍ਰਦਰਸ਼ਨ ਇੰਨਾ ਚੰਗਾ ਹੋਵੇਗਾ।
ਉਹ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੇ ਸਨ। ਚੋਣ ਮੁਹਿੰਮ ਦੌਰਾਨ ਬੀਬੀਸੀ ਨਾਲ ਗੱਲ ਕਰਦਿਆਂ ਹੋਇਆਂ ਮਹਾਰਾਸ਼ਟਰ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੇ ਕਿਹਾ ਸੀ ਕਿ ਉਹ ਲੀਡਰਸ਼ਿਪ ਤੋਂ ਮਾਯੂਸ ਹਨ।
ਕਿਉਂਕਿ ਉਨ੍ਹਾਂ ਨੇ ਪੂਰੀ ਵਾਹ ਨਹੀਂ ਲਗਾਈ। ਵੀਰਵਾਰ ਨੂੰ ਸ਼ੇਰਗਿੱਲ ਨੇ ਇਹ ਸਵੀਕਾਰ ਕੀਤਾ ਕਿ ਜੇਕਰ ਸੂਬੇ ਵਿੱਚ ਪਾਰਟੀ ਦੇ ਨੇਤਾਵਾਂ ਵਿਚਾਲੇ ਖਿਚੋਤਾਨ ਨਾ ਹੁੰਦੀ ਤਾਂ ਪਾਰਟੀ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਹੁੰਦਾ।
ਇਹ ਵੀ ਪੜ੍ਹੋ-
ਮੈਚ ਤੋਂ ਪਹਿਲਾਂ ਹੀ ਹਾਰ ਮੰਨ ਗਏ
ਰਾਹੁਲ ਗਾਂਧੀ ਨੇ ਮਹਾਰਾਸ਼ਟਰ 'ਚ ਕੇਵਲ 'ਚ 6 ਰੈਲੀਆਂ ਕੀਤੀਆਂ ਅਤੇ ਹਰਿਆਣਾ 'ਚ ਦੋ ਰੈਲੀਆਂ 'ਚ ਗਏ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਹੈਲੀਕਾਪਟਰ 'ਚ ਕੋਈ ਤਕਨੀਕੀ ਖ਼ਰਾਬੀ ਆ ਗਈ ਅਤੇ ਰੈਲੀ ਨੂੰ ਰੱਦ ਕਰਨਾ ਪਿਆ।
ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਦੋਵਾਂ ਸੂਬਿਆਂ 'ਚ ਇੱਕ ਵੀ ਰੈਲੀ ਨਹੀਂ ਕੀਤੀ। ਅਜਿਹਾ ਲਗਦਾ ਸੀ ਕਿ ਦੋਵੇਂ ਨੇਤਾ ਮੈਚ ਤੋਂ ਪਹਿਲਾਂ ਹੀ ਹਾਰ ਮੰਨ ਗਏ ਸਨ।
ਪਰ ਅਸਲ 'ਚ ਗੱਲ ਇਹ ਹੈ ਕਿ ਪਿਛਲੇ ਸਾਲ 'ਚ ਮਹਾਰਾਸ਼ਟਰ ਦੇ ਤਿੰਨ ਦੌਰਿਆਂ 'ਚ ਮੈਨੂੰ ਲੱਗਾ ਕਿ ਕਾਂਗਰਸ ਵਰਕਰ ਰਾਹੁਲ ਗਾਂਧੀ ਪ੍ਰਤੀ ਓਨੇ ਹੀ ਵਫ਼ਾਦਾਰ ਹਨ ਜਿਵੇਂ ਕਿ ਭਾਜਪਾ ਦੇ ਵਰਕਰ ਨਰਿੰਦਰ ਮੋਦੀ ਪ੍ਰਤੀ ਹਨ।
ਮੈਂ ਇਹ ਵੀ ਦੇਖਿਆ ਹੈ ਕਿ ਕਾਂਗਰਸ ਦੀ ਪਹੁੰਚ ਝੋਪੜ-ਪੱਟੀਆਂ ਤੋਂ ਲੈ ਕੇ ਪਿੰਡਾਂ ਤੱਕ ਅਜੇ ਵੀ ਬਾਕੀ ਹੈ।
ਦੂਜੇ ਪਾਸੇ ਕਾਂਗਰਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਦਰਜਨਾਂ ਰੈਲੀਆਂ ਕੀਤੀਆਂ।
ਇੱਕ ਰੈਲੀ ਦੌਰਾਨ ਤੇਜ਼ ਮੀਂਹ ਵਰ੍ਹਨ ਲੱਗਾ ਅਤੇ 78 ਸਾਲਾਂ ਸ਼ਰਦ ਪਵਾਰ ਪੂਰੇ ਭਿੱਜ ਗਏ।
ਕੀ ਉਨ੍ਹਾਂ ਦੀ ਇਸ ਤਸਵੀਰ ਨੇ ਮਹਾਰਾਸ਼ਟਰ ਦੇ ਵੋਟਰਾਂ 'ਤੇ ਡੂੰਘਾ ਅਸਰ ਪਾਇਆ?
ਸ਼ਾਇਦ। ਐੱਨਸੀਪੀ ਦੇ ਕਈ ਨੇਤਾ ਪਾਰਟੀ ਛੱਡ ਕੇ ਭਾਜਪਾ ਅਤੇ ਸ਼ਿਵ ਸੈਨਾ 'ਚ ਸ਼ਾਮਿਲ ਹੋ ਗਏ ਸਨ। ਚੋਣਾਂ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਪਾਰਟੀ ਆਪਣੇ ਵਜੂਦ ਲਈ ਲੜ ਰਹੀ ਹੈ।
ਪਰ ਚੋਣ ਮੁਹਿੰਮ ਦੌਰਾਨ ਮੈਨੂੰ ਪਾਰਟੀ ਦੇ ਨੇਤਾ ਨਵਾਬ ਮਲਿਕ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨਾਲ ਬਗ਼ਾਵਤ ਕਰ ਕੇ ਪਾਰਟੀ ਛੱਡਣ ਵਾਲੇ ਨੇਤਾਵਾਂ ਨਾਲ ਉਨ੍ਹਾਂ ਦੀ ਰਾਤਾਂ ਦੀਆਂ ਨੀਂਦਾਂ ਹਰਾਮ ਹੋ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਸੀ, "ਸਾਡੇ ਨੌਜਵਾਨ ਨੇਤਾਵਾਂ ਲਈ ਇਹ ਇੱਕ ਚੰਗਾ ਮੌਕਾ ਹੋਵੇਗਾ, ਇਸ ਵਾਰ ਨਹੀਂ ਤਾਂ ਅਗਲੀ ਵਾਰ ਉਹ ਜ਼ਰੂਰ ਜਿੱਤਣਗੇ।"
ਸ਼ਰਦ ਪਵਾਰ ਨੇ ਵੀ ਪਾਰਟੀ ਦੇ ਬਾਗ਼ੀਆਂ ਦਾ ਪਰਵਾਹ ਨਹੀਂ ਕੀਤੀ ਪਰ ਮੀਡੀਆ ਨੇ ਪਾਰਟੀ ਦਾ ਮ੍ਰਿਤ ਲੇਖ ਲਿਖਣਾ ਸ਼ੁਰੂ ਕਰ ਦਿੱਤਾ ਸੀ।
ਮਜ਼ਬੂਤ ਧਿਰ
ਬਾਗ਼ੀ ਨੇਤਾਵਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਜਿਸ ਤੋਂ ਬਾਅਦ ਪਵਾਰ ਨੇ ਕਿਹਾ ਹੈ ਕਿ ਜਨਤਾ ਨੇ ਉਨ੍ਹਾਂ ਨੂੰ ਖਾਰਿਜ ਕਰ ਦਿੱਤਾ ਹੈ।
ਐੱਨਸੀਪੀ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਗਠਜੋੜ ਤੋੜ ਕੇ ਇਕੱਲੇ ਲੜੀਆਂ ਸੀ। ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਨੇ ਇਕੱਠਿਆਂ ਤਿੰਨ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਇਨ੍ਹਾਂ ਨੇ ਲਗਾਤਾਰ ਤਿੰਨ ਵਾਰ ਸਰਕਾਰ ਬਣਾਈ ਸੀ।
ਇਸ ਤਰ੍ਹਾਂ 2014 ਦੀ ਭੁੱਲ ਨੂੰ ਦੋਵੇਂ ਪਾਰਟੀਆਂ ਨੇ ਦੁਹਰਾਉਣ ਦੀ ਮੂਰਖ਼ਤਾ ਨਾ ਕਰਦਿਆਂ ਹੋਇਆਂ ਗਠਜੋੜ ਬਣਾਇਆ ਜਿਸ ਦਾ ਸਿੱਟਾ ਹੁਣ ਰੁਝਾਨ ਮੁਤਾਬਕ ਸਕਾਰਾਤਮਕ ਰਿਹਾ ਹੈ।
ਕਾਂਗਰਸ ਅਤੇ ਐੱਨਸੀਪੀ ਮਹਾਰਾਸ਼ਟਰ 'ਚ ਬੇਸ਼ੱਕ ਸਰਕਾਰ ਨਾ ਬਣਾਵੇ ਪਰ ਨਿਸ਼ਚਿਤ ਤੌਰ 'ਤੇ ਉਹ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਸਕਦੇ ਹਨ।
ਇਸੇ ਤਰ੍ਹਾਂ ਹਰਿਆਣਾ 'ਚ ਕਾਂਗਰਸ ਸਰਕਾਰ ਨਾ ਵੀ ਬਣਾਵੇ ਤਾਂ ਪਾਰਟੀ ਇੱਕ ਮਜ਼ਬੂਕ ਵਿਰੋਧ ਧਿਰ ਵਾਂਗ ਸਰਕਾਰ 'ਤੇ ਸਖ਼ਤ ਨਜ਼ਰ ਰੱਖ ਸਕਦੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਜ਼ਰੂਰ ਦੇਖੋ