ਹਿੰਦੂ ਨੇਤਾ ਕਮਲੇਸ਼ ਤਿਵਾਰੀ ਕਤਲਕਾਂਡ: ਪੁਲਿਸ ਦੇ ਦਾਅਵੇ ਵਿੱਚ ਕਿੰਨੀ ਸੱਚਾਈ?

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਲਖਨਊ ਤੋਂ, ਬੀਬੀਸੀ ਲਈ

ਲਖਨਊ ਵਿੱਚ ਸ਼ੁੱਕਰਵਾਰ ਨੂੰ ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾਰੀ ਦੇ ਕਤਲਕਾਂਡ ਨੂੰ ਯੂਪੀ ਪੁਲਿਸ ਚਾਰ ਸਾਲ ਪਹਿਲਾਂ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਨਾਲ ਜੋੜ ਕੇ ਦੇਖ ਰਹੀ ਹੈ।

ਪਰ ਪਰਿਵਾਰ ਵਾਲਿਆਂ ਨੇ ਇੱਕ ਸਥਾਨਕ ਭਾਜਪਾ ਨੇਤਾ 'ਤੇ ਇਲਜ਼ਾਮ ਲਗਾਉਂਦਿਆਂ ਹੋਇਆ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿਆ ਹੈ।

ਉੱਥੇ ਹੀ ਪੁਲਿਸ ਦੇ ਦਾਅਵਿਆਂ 'ਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾ ਰਹੇ ਹਨ।

ਸ਼ਨਿੱਚਰਵਾਰ ਨੂੰ ਸੂਬੇ ਦੇ ਡੀਜੀਪੀ ਓਪੀ ਸਿੰਘ ਪੱਤਰਕਾਰਾਂ ਦੇ ਸਾਹਮਣੇ ਆਏ ਅਤੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਇਸ ਮਾਮਲੇ ਦਾ ਕਰੀਬ ਪਰਦਾਫ਼ਾਸ਼ ਕਰ ਲਿਆ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਗੁਜਰਾਤ ਏਟੀਐੱਸ ਨੇ ਤਿੰਨ ਲੋਕਾਂ ਨੂੰ ਗੁਜਰਾਤ ਦੇ ਸੂਰਤ ਤੋਂ ਅਤੇ ਦੋ ਲੋਕਾਂ ਨੂੰ ਯੂਪੀ ਪੁਲਿਸ ਨੇ ਬਿਜਨੌਰ ਤੋਂ ਹਿਰਾਸਤ 'ਚ ਲਿਆ ਹੈ।

ਓਪੀ ਸਿੰਘ ਦਾ ਕਹਿਣਾ ਸੀ, "ਕਤਲ ਦੇ ਪਿੱਛੇ ਕਮਲੇਸ਼ ਤਿਵਾਰੀ ਦਾ ਸਾਲ 2015 ਵਿੱਚ ਦਿੱਤਾ ਗਿਆ ਇੱਕ ਬਿਆਨ ਸੀ। ਪੁਲਿਸ ਨੇ ਗੁਜਰਾਤ ਤੋਂ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਉਨ੍ਹਾਂ ਵਿੱਚ ਮੌਲਾਨਾ ਮੋਹਸਿਨ ਸ਼ੇਖ਼, ਫ਼ੈਜ਼ਾਨ ਅਤੇ ਰਾਸ਼ਿਦ ਅਹਿਮਦ ਪਠਾਣ ਸ਼ਾਮਿਲ ਹੈ। ਬਿਜਨੌਰ ਤੋਂ ਅਨਵਾਰੂਲ ਹਕ ਅਤੇ ਨਈਸ ਕਾਜ਼ਮੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਫਿਲਹਾਲ ਉਨ੍ਹਾਂ ਸਾਰਿਆਂ ਕੋਲੋਂ ਪੁੱਛਗਿੱਛ ਕਰ ਰਹੇ ਹਾਂ।"

ਇਹ ਵੀ ਪੜ੍ਹੋ-

ਕੀ ਸੀ ਬਿਆਨ

ਕਮਲੇਸ਼ ਤਿਵਾਰੀ ਨੇ ਸਾਲ 2015 ਵਿੱਚ ਪੈਗੰਬਰ ਮੁਹੰਮਦ ਸਾਬ੍ਹ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

ਉਸ ਤੋਂ ਬਾਅਦ ਬਿਜਨੌਰ ਦੇ ਅਨਵਾਰੂਲ ਹਕ ਅਤੇ ਨਈਮ ਕਾਜ਼ਮੀ ਨੇ ਕਮਲੇਸ਼ ਤਿਵਾਰੀ ਦਾ ਸਿਰ ਕੱਟ ਕੇ ਲੈ ਕੇ ਆਉਣ 'ਤੇ ਇਨਾਮ ਦਾ ਐਲਾਨ ਕੀਤਾ ਸੀ।

ਪੁਲਿਸ ਨੇ ਪਰਿਵਾਰ ਵਾਲਿਆਂ ਦੀ ਐਫ਼ਆਈਆਰ ਦੇ ਆਧਾਰ 'ਤੇ ਇਨ੍ਹਾਂ ਦੋਵਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।

ਕਮਲੇਸ਼ ਤਿਵਾਰੀ ਦੀ ਪਤਨੀ ਨੇ ਇਸੇ ਆਧਾਰ ਉੱਤੇ ਦੋ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ ਕਿ ਬਿਜਨੌਰ ਦੇ ਦੋ ਮੌਲਾਨਾ ਨੇ ਸਾਲ 2016 ਵਿੱਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।

ਉੱਥੇ ਸ਼ਨਿੱਚਰਵਾਰ ਸ਼ਾਮ, ਗੁਜਰਾਤ ਐਟੀਐੱਸ ਨੇ ਇਸੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਾਗਪੁਰ ਤੋਂ ਵੀ ਹਿਰਾਸਤ ਵਿੱਚ ਲਿਆ ਗਿਆ।

ਡੀਜੀਪੀ ਮੁਤਾਬਕ, "ਗੁਜਰਾਤ ਏਟੀਐੱਸ ਅਤੇ ਯੂਪੀ ਪੁਲਿਸ ਦੀ ਮਦਦ ਨਾਲ ਜਿਹੜੇ ਲੋਕ ਅਜੇ ਗ੍ਰਿਫ਼ਤਾਰ ਹੋਏ ਹਨ, ਉਹ ਸਿਰਫ਼ ਸਾਜ਼ਿਸ਼ ਵਿੱਚ ਸ਼ਾਮਿਲ ਦੱਸੇ ਜਾ ਰਹੇ ਹਨ। ਕਮਲੇਸ਼ ਤਿਵਾਰੀ ਦੇ ਕਤਲ ਕਰਨ ਵਾਲੇ ਦੋ ਸ਼ੱਕੀਆਂ ਦੀ ਪੁਲਿਸ ਨੂੰ ਅਜੇ ਵੀ ਭਾਲ ਹੈ।"

ਭਾਵੇਂ ਕਿ ਡੀਜੀਪੀ ਦਾ ਕਹਿਣਾ ਸੀ ਕਿ ਉਨ੍ਹਾਂ ਲੋਕਾਂ ਦੀ ਵੀ ਪਛਾਣ ਹੋ ਗਈ ਅਤੇ ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਜੀਪੀ ਮੁਤਾਬਕ ਘਟਨਾ ਵਾਲੀ ਥਾਂ 'ਤੇ ਮਿਲੇ ਮਠਿਆਈ ਵਾਲੇ ਡੱਬੇ ਤੋਂ ਅਹਿਮ ਸੁਰਾਗ ਮਿਲੇ ਹਨ ਅਤੇ ਤਾਂ ਹੀ ਪੁਲਿਸ ਸਾਜ਼ਿਸ਼ਕਰਤਾਵਾਂ ਤੱਕ ਪਹੁੰਚ ਸਕੀ।

ਪਰਿਵਾਰ ਦੇ ਸਵਾਲ

ਪਰ ਦੂਜੇ ਪਾਸੇ, ਕਮਲੇਸ਼ ਤਿਵਾਰੀ ਦੇ ਪਰਿਵਾਰ ਵਾਲਿਆਂ ਦਾ ਸਿੱਧੇ ਤੌਰ 'ਤੇ ਇਲਜ਼ਾਮ ਹੈ ਕਿ ਭਾਜਪਾ ਦੇ ਇੱਕ ਸਥਾਨਕ ਨੇਤਾ ਨਾਲ ਉਨ੍ਹਾਂ ਦੀ ਰੰਜਿਸ਼ ਸੀ ਅਤੇ ਇਸ ਕਤਲ ਲਈ ਵੀ ਉਹੀ ਜ਼ਿੰਮੇਵਾਰ ਹਨ।

ਕਮਲੇਸ਼ ਤਿਵਾਰੀ ਦੀ ਮਾਂ ਕੁਸੁਮ ਤਿਵਾਰੀ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕਿਹਾ ਹੈ ਕਿ ਵਾਰ-ਵਾਰ ਮੰਗਣ ਦੇ ਬਾਵਜੂਦ ਕਮਲੇਸ਼ ਤਿਵਾਰੀ ਦੀ ਸੁਰੱਖਿਆ ਹੌਲੀ-ਹੌਲੀ ਘਟਦੀ ਗਈ।

ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਤਿਵਾਰੀ ਨੇ ਪਿਛਲੇ ਸਾਲ ਤੋਂ ਆਪਣੀ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਨੂੰ ਕਈ ਵਾਰ ਚਿੱਠੀਆਂ ਵੀ ਲਿਖੀਆਂ ਸਨ।

ਕਮਲੇਸ਼ ਤਿਵਾਰੀ ਦੀ ਮਾਂ ਨੇ ਸੂਬਾ ਸਰਕਾਰ 'ਤੇ ਕਮਲੇਸ਼ ਤਿਵਾਰੀ ਦੇ ਖ਼ਤਰੇ ਦੇ ਸ਼ੱਕ ਨੂੰ ਅਣਦੇਖਿਆ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।

ਇਸ ਇਲਜ਼ਾਮ ਨੂੰ ਕਮਲੇਸ਼ ਤਿਵਾਰੀ ਦੇ ਇੱਕ ਵੀਡੀਓ ਸੰਦੇਸ਼ ਰਾਹੀਂ ਵੀ ਹੁੰਗਾਰਾ ਮਿਲ ਰਿਹਾ ਹੈ, ਜਿਸ ਵਿੱਚ ਉਹ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਵਧਾਉਣ ਦੀ ਮੰਗ ਕਰ ਰਹੇ ਹਨ ਅਤੇ ਸੁਰੱਖਿਆ ਨਾ ਵਧਣ ਲਈ ਸਿੱਧਾ ਯੋਗੀ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਮਲੇਸ਼ ਤਿਵਾਰੀ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਦਾ ਹੈ।

ਡੀਜੀਪੀ ਦੇ ਦਾਅਵੇ 'ਤੇ ਕਮਲੇਸ਼ ਤਿਵਾਰੀ ਦੇ ਬੇਟੇ ਸਤਿਅਮ ਤਿਵਾਰੀ ਨੇ ਸਵਾਲ ਚੁੱਕਦਿਆਂ ਹੋਇਆ ਇਸ ਦੀ ਜਾਂਚ ਐੱਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਸਤਿਅਮ ਤਿਵਾਰੀ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, "ਮੈਨੂੰ ਨਹੀਂ ਪਤਾ ਹੈ ਕਿ ਜੋ ਲੋਕ ਫੜ੍ਹੇ ਗਏ ਹਨ, ਉਨ੍ਹਾਂ ਲੋਕਾਂ ਨੇ ਮੇਰੇ ਪਿਤਾ ਨੂੰ ਮਾਰਿਆ ਹੈ ਜਾਂ ਫਿਰ ਨਿਰਦੋਸ਼ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ।"

"ਜੇਕਰ ਅਸਲ 'ਚ ਇਹ ਲੋਕ ਦੋਸ਼ੀ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਪੁਲਿਸ ਕੋਲ ਲੋੜੀਂਦੇ ਸਬੂਤ ਹਨ ਤਾਂ ਇਸ ਦੀ ਜਾਂਚ ਐੱਨਆਈਏ ਕੋਲੋਂ ਕਰਵਾਈ ਜਾਵੇ ਕਿਉਂਕਿ ਸਾਨੂੰ ਇਸ ਪ੍ਰਸ਼ਾਸਨ 'ਤੇ ਕੋਈ ਭਰੋਸਾ ਨਹੀਂ ਰਿਹਾ।"

ਪੁਲਿਸ ਦੇ ਦਾਅਵਿਆਂ ਵਿੱਚ ਵੀ ਵਿਰੋਧਤਾ

ਇਸ ਮਾਮਲੇ ਵਿੱਚ ਨਾ ਸਿਰਫ਼ ਕਮਲੇਸ਼ ਤਿਵਾਰੀ ਦਾ ਪਰਿਵਾਰ ਪੁਲਿਸ ਦੇ ਦਾਅਵਿਆਂ 'ਤੇ ਸਵਾਲ ਚੁੱਕ ਰਿਹਾ ਹੈ ਬਲਕਿ ਪੁਲਿਸ ਦੀਆਂ ਆਪਣੀਆਂ ਗੱਲਾਂ ਅਤੇ ਗੁਜਰਾਤ ਐਟੀਐੱਸ ਦੇ ਦਾਅਵਿਆਂ ਵਿੱਚ ਵੀ ਵਿਰੋਧਤਾਈ ਦਿਖਾਈ ਦੇ ਰਹੀ ਹੈ।

ਲਖਨਊ ਦੇ ਐੱਸਐੱਸਪੀ ਕਲਾਨਿਧੀ ਨੈਥਾਨੀ ਨੇ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ 'ਤੇ ਪਹੁੰਚਣ ਤੋਂ ਬਾਅਦ ਕਿਹਾ ਸੀ ਕਿ 'ਪਹਿਲੀ ਨਜ਼ਰ ਤੋਂ ਇਹ ਮਾਮਲਾ ਆਪਸੀ ਰੰਜਿਸ਼ ਦਾ ਲਗਦਾ ਹੈ।'

ਨੈਥਾਨੀ ਦਾ ਇਹ ਬਿਆਨ ਕਮਲੇਸ਼ ਤਿਵਾਰੀ ਦੇ ਪਰਿਵਾਰ ਦੇ ਸ਼ੱਕ ਨਾਲ ਕਾਫ਼ੀ ਮਿਲਦਾ ਹੈ। ਜਦਕਿ ਡੀਜੀਪੀ ਨੇ ਇਸ ਨੇ ਇਸ ਨੂੰ 'ਚ ਸਾਲ ਪੁਰਾਣੇ ਮਾਮਲੇ ਨਾਲ ਜੋੜਿਆ ਹੈ।

ਇਹ ਵੀ ਪੜ੍ਹੋ-

ਉੱਥੇ ਗੁਜਰਾਤ ਏਟੀਐੱਸ ਦਾ ਕਹਿਣਾ ਹੈ ਕਿ ਉਸ ਦੀ ਹਿਰਾਸਤ ਵਿੱਚ ਤਿੰਨ ਲੋਕਾਂ ਨੇ ਆਪਣੇ ਜੁਰਮ ਕਬੂਲ ਕਰ ਲਿਆ ਹੈ ਜਦਕਿ ਡੀਜੀਪੀ ਓਪੀ ਸਿੰਘ ਦਾ ਕਹਿਣਾ ਹੈ ਕਿ ਅਜੇ ਸਾਰਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਲਖਨਊ ਵਿੱਚ ਕ੍ਰਾਈਮ ਕਵਰ ਕਰਨ ਵਾਲੇ ਕੁਝ ਪੱਤਰਕਾਰਾਂ ਨੇ ਮਾਮਲੇ ਨੂੰ ਬੇਨਕਾਬ ਕਰਨ ਸਬੰਧੀ ਡੀਜੀਪੀ ਦੀਆਂ ਕੜੀਆਂ ਨੂੰ ਬਿਲਕੁਲ ਸਹੀ ਠਹਿਰਾਇਆ ਹੈ ਜਦਕਿ ਕੁਝ ਲੋਕ ਇਸ ਨੂੰ ਬੇਹੱਦ ਜਲਦਬਾਜ਼ੀ ਵਿੱਚ ਕਿਸੇ ਸਿੱਟੇ 'ਤੇ ਪੁੱਜਣ ਦਾ ਜਬਰਨ ਕੋਸ਼ਿਸ਼ ਦੱਸ ਰਹੇ ਹਨ।

ਸੀਨੀਅਰ ਪੱਤਰਕਾਰ ਸੁਭਾਸ਼ ਮਿਸ਼ਰ ਕਹਿੰਦੇ ਹਨ, "ਜਿਸ ਤਰ੍ਹਾਂ ਨਾਲ ਡੀਜੀਪੀ ਨੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਹੋਇਆਂ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਲਗਦਾ ਹੈ ਕਿ ਕੁਝ ਜ਼ਿਆਦਾ ਜਲਦਬਾਜ਼ੀ ਦਿਖਾਈ ਜਾ ਰਹੀ ਹੈ।"

"ਉਨ੍ਹਾਂ ਦੇ ਬਿਆਨ ਤੋਂ ਸਾਫ਼ ਪਤਾ ਲਗਦਾ ਹੈ ਕਿ ਉਸ ਨੂੰ ਇੱਕ ਖ਼ਾਸ ਦਿਸ਼ਾ ਵੱਲ ਮੋੜ ਦੀ ਕੋਸ਼ਿਸ਼ ਹੋ ਰਹੀ ਹੈ, ਜਦਕਿ ਪਰਿਵਾਰ ਦੇ ਇਲਜ਼ਾਮ ਨਾਲ ਸਾਫ਼ ਪਤਾ ਲਗਦਾ ਹੈ ਕਿ ਇਸ ਦੇ ਪਿੱਛੇ ਆਪਸੀ ਰੰਜਿਸ਼ ਅਤੇ ਜ਼ਮੀਨੀਂ ਵਿਵਾਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।"

ਸੁਭਾਸ਼ ਮਿਸ਼ਰ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੇ ਇੱਕ ਤੰਗ ਥਾਂ 'ਤੇ ਜਾ ਕੇ ਵਿਅਕਤੀ ਦਾ ਕਤਲ ਕਰ ਦਿੱਤਾ, ਪੁਲਿਸ ਉਸ ਦੀ ਭਾਲ ਨਹੀਂ ਕਰ ਸਕ ਰਹੀ, ਜਦਕਿ ਉਸ ਦੇ ਕੋਲ ਸੀਸੀਟੀਵੀ ਫੁਟੇਜ ਹੈ, ਨੌਕਰ ਵੀ ਪਛਾਣਦਾ ਹੈ, ਦੂਜੇ ਹੋਰ ਸਬੂਤ ਵੀ ਮੌਜੂਦ ਹਨ।"

"ਪਰ ਇੱਕ ਹੀ ਦਿਸ਼ਾ ਵਿੱਚ ਪੁਲਿਸ ਆਪਣੀ ਤਫ਼ਤੀਸ਼ ਨੂੰ ਕੇਂਦਰ 'ਚ ਰੱਖਦੀ ਹੈ ਅਤੇ ਉਥੋਂ ਹੀ ਉਸ ਨੂੰ ਖ਼ਤਮ ਵੀ ਕਰਨਾ ਚਾਹ ਰਹੀ ਹੈ।"

ਕਮਲੇਸ਼ ਤਿਵਾਰੀ ਦਾ ਪਰਿਵਾਰ ਸ਼ੁੱਕਰਵਾਰ ਨੂੰ ਇਸ ਗੱਲ 'ਤੇ ਅੜਿਆ ਸੀ ਕਿ ਬਿਨਾਂ ਮੁੱਖ ਮੰਤਰੀ ਦੇ ਆਏ ਕਮਲੇਸ਼ ਤਿਵਾਰੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਪਰ ਲਖਨਊ ਮੰਡਲ ਦੇ ਕਮਿਸ਼ਨਰ ਅਤੇ ਕਮਲੇਸ਼ ਤਿਵਾਰੀ ਦੇ ਰਿਸ਼ਤੇਦਾਰਾਂ ਦੇ ਨਾਲ ਹੋਏ ਲਿਖਿਤ ਸਮਝੌਤੇ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਕਰਨ ਨੂੰ ਰਾਜ਼ੀ ਹੋ ਗਿਆ।

ਲਖਨਊ ਮੰਡਲ ਦੇ ਕਮਿਸ਼ਨਰ ਮੁਕੇਸ਼ ਮੇਸ਼ਰਾਮ ਨਾਲ ਹੋਏ ਇਸ ਸਮਝੌਤੇ ਵਿੱਚ ਪਰਿਵਾਰ ਦੀ ਸੁਰੱਖਿਆ ਵਧਾਉਣ, ਬੇਟੇ ਨੂੰ ਹਥਿਆਰ ਦਾ ਲਾਈਸੈਂਸ ਅਤੇ ਨੌਕਰੀ ਦੇਣ, ਲਖਨਊ ਵਿੱਚ ਮਕਾਨ ਦੇਣ ਅਤੇ ਉਚਿਤ ਮੁਆਵਜ਼ਾ ਦੇਣ ਵਰਗੀਆਂ ਗੱਲਾਂ ਦੀ ਸ਼ਾਸਨ ਨੂੰ ਸਿਫ਼ਾਰਿਸ਼ ਕਰਨ ਦੀ ਗੱਲ ਆਖੀ ਗਈ ਹੈ।

ਇਸੇ ਵਿਚਾਲੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਐਤਵਾਰ ਨੂੰ ਸਵੇਰੇ 11 ਵਜੇ ਕਮਲੇਸ਼ ਤਿਵਾਰੀ ਦੇ ਪਰਿਵਾਰ ਵਾਲਿਆਂ ਨੂੰ ਮੁਲਾਕਾਤ ਲਈ ਆਪਣੇ ਸਰਕਾਰੀ ਆਵਾਸ 'ਤੇ ਬੁਲਾਇਆ ਸੀ।

ਕਮਲੇਸ਼ ਤਿਵਾਰੀ ਨੂੰ ਨੇੜਿਓਂ ਜਾਣਨ ਵਾਲੇ ਕੁਝ ਪੱਤਰਕਾਰ ਦੱਸਦੇ ਹਨ ਕਿ ਖ਼ੁਦ ਕਮਲੇਸ਼ ਤਿਵਾਰੀ ਵੀ ਦਬੰਗ ਅਕਸ ਵਾਲੇ ਨੇਤਾ ਸਨ ਅਤੇ ਮੁਹੰਮਦ ਸਾਬ੍ਹ 'ਤੇ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮਿਲੀ ਹੋਈ ਸੀ।

ਇੱਕ ਪੱਤਰਕਾਰ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਹਿੰਦੇ ਹਨ, "ਸਾਲ 2017 ਤੋਂ ਪਹਿਲਾਂ ਉਹ ਅਕਸਰ ਲਖਨਊ ਵਿੱਚ ਧਰਨਾ-ਪ੍ਰਦਰਸ਼ਨ ਕਰਦੇ ਸਨ। ਪਰ 2017 ਤੋਂ ਬਾਅਦ ਸਭ ਕੁਝ ਅਚਾਨਕ ਘਟ ਗਿਆ ਜਾਂ ਇਹ ਕਹਿ ਲਓ ਕਿ ਬੰਦ ਹੋ ਗਿਆ। ਇਸੇ ਦੌਰਾਨ ਉਨ੍ਹਾਂ ਨੇ ਪੈਗੰਬਰ ਸਾਬ੍ਹ ਦੇ ਖ਼ਿਲਾਫ਼ ਟਿੱਪਣੀ ਕਰਕੇ ਸੁਰੱਖਿਆ ਵੀ ਮਿਲ ਗਈ।"

ਕਮਲੇਸ਼ ਤਿਵਾਰੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਪਿਛਲੀ ਸਰਕਾਰ ਦੀ ਤੁਲਨਾ ਵਿੱਚ ਇੱਕ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟ ਕਰ ਦਿੱਤੀ ਸੀ ਅਤੇ ਉਨ੍ਹਾਂ ਮੁਤਾਬਕ, ਕਤਲ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈ।

ਕਮਲੇਸ਼ ਤਿਵਾਰੀ ਦੀ ਮਾਂ ਕੁਸੁਮ ਤਿਵਾਰੀ ਦੱਸਦੀ ਹੈ, "ਉਨ੍ਹਾਂ ਨੂੰ ਹੁਣ ਸਿਰਫ਼ ਦੋ ਬੰਦੂਕਧਾਰੀ ਮਿਲੇ ਹੋਏ ਸਨ ਜੋ ਕਿ ਘਟਨਾ ਵਾਲੇ ਦਿਨ ਉਹ ਉਥੇ ਨਹੀਂ ਸਨ।"

ਖ਼ੈਰ, ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਮਲੇਸ਼ ਤਿਵਾਰੀ ਦਾ ਸਸਕਾਰ ਉਨ੍ਹਾਂ ਦੇ ਜ਼ੱਦੀ ਪਿੰਡ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ ਵਿੱਚ ਕਰ ਦਿੱਤਾ।

ਪਰ ਪਰਿਵਾਰ ਦੀ ਨਾਰਾਜ਼ਗੀ ਅਤੇ ਨਿਆਂ ਦੀ ਮੰਗ ਵਿੱਚ ਉਨ੍ਹਾਂ ਲੋਕਾਂ ਨੇ ਕੋਈ ਨਰਮੀ ਨਹੀਂ ਵਰਤੀ ਹੈ। ਇਸ ਵਿਚਾਲੇ ਕਮਲੇਸ਼ ਤਿਵਾਰੀ ਦੇ ਕਤਲ ਤੋਂ ਨਾਰਾਜ਼ ਕਈ ਥਾਵਾਂ 'ਤੇ ਉਨ੍ਹਾਂ ਸਮਰਥਕਾਂ ਨੇ ਸ਼ਨਿੱਚਰਵਾਰ ਨੂੰ ਵੀ ਪ੍ਰਦਰਸ਼ਨ ਕੀਤੇ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)