You’re viewing a text-only version of this website that uses less data. View the main version of the website including all images and videos.
ਜਲੰਧਰ ਦੇ ਕਰਤਾਰਪੁਰ 'ਚ 'ਹਥਿਆਰਾਂ ਦੇ ਬੋਰੇ' ਸੁੱਟੇ ਜਾਣ ਦੀ ਸੂਚਨਾ ਮਗਰੋਂ ਸਰਚ ਆਪਰੇਸ਼ਨ
ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਰੇਲਵੇ ਸਟੇਸ਼ਨ ਨੇੜੇ ਹਥਿਆਰਾਂ ਨਾਲ ਭਰੇ ਬੋਰੇ ਸੁੱਟਣ ਦੀ ਖ਼ਬਰ ਮਗਰੋਂ ਪੁਲਿਸ ਅਮਲਾ ਹਰਕਤ ਵਿੱਚ ਆ ਗਿਆ ਹੈ।
ਪੁਲਿਸ ਪਾਰਟੀਆਂ ਨੇ ਰਾਤ ਦੇ ਹਨੇਰੇ ਵਿੱਚ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਮੌਕੇ 'ਤੇ ਕਈ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ।
ਕਰਤਾਰਪੁਰ ਦੇ ਐੱਸਐੱਚਓ ਰਾਜੀਵ ਕੁਮਾਰ ਮੁਤਾਬਕ, ''ਅੰਮ੍ਰਿਤਸਰ ਤੋਂ ਆ ਰਹੀ ਰੇਲਗੱਡੀ ਵਿੱਚੋਂ ਦੋ ਨੌਜਵਾਨਾਂ ਨੇ ਦੋ-ਤਿੰਨ ਬੈਗ ਗੱਡੀ ਵਿੱਚੋਂ ਬਾਹਰ ਸੁੱਟੇ ਸਨ।ਇੰਨਾ ਬੈਗਾਂ ਵਿੱਚ ਹਥਿਆਰ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਸਰਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁਝ ਲੱਭਿਆ ਨਹੀਂ ਹੈ।''
ਇਸ ਤੋਂ ਪਹਿਲਾਂ ਭਾਰਤ-ਪਾਕ ਸਰਹੱਦ 'ਤੇ ਸ਼ੱਕੀ ਡਰੋਨਾਂ ਰਾਹੀਂ ਭਾਰਤ ਅੰਦਰ ਹਥਿਆਰ ਭੇਜੇ ਜਾਣ ਦਾ ਦਾਅਵਾ ਪੰਜਾਬ ਪੁਲਿਸ ਕਰ ਚੁੱਕੀ ਹੈ।
ਤਰਨ ਤਾਰਨ ਵਿੱਚ ਹੋਇਆ ਸੀ ਧਮਾਕਾ
ਤਰਨ ਤਾਰਨ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਨੇ ਮੁੱਖ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕੁੱਲ 7 ਗ੍ਰਿਫਤਾਰੀਆਂ ਹੋਈਆਂ ਸਨ।
ਚਾਰ ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਵਿੱਚ ਰਾਤ ਅੱਠ ਵਜੇ ਧਮਾਕਾ ਹੋਇਆ ਸੀ। ਦਰਅਸਲ ਗੁਰਜੰਟ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਪੰਡੋਰਾ ਦੇ ਇੱਕ ਖਾਲੀ ਪਲਾਟ ਵਿੱਚ ਦੱਬੀ ਹੋਈ ਧਮਾਕਾਖੇਜ਼ ਸਮਗੱਰੀ ਕੱਢ ਰਿਹਾ ਸੀ ਪਰ ਉਸੇ ਵੇਲੇ ਧਮਾਕਾ ਹੋ ਗਿਆ।
ਉਸ ਦੇ ਦੋ ਸਾਥੀਆਂ, ਵਿਕਰਮ ਤੇ ਹਰਪ੍ਰੀਤ ਸਿੰਘ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪਰ ਬਛੇਰੇ ਪਿੰਡ ਦਾ ਰਹਿਣ ਵਾਲਾ ਗੁਰਜੰਟ ਸਿੰਘ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ
ਗੁਰਜੰਟ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਠੀਕ ਹੁੰਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਵਿਸਫੋਟਕਾਂ ਦੇ ਸਰੋਤ, ਸਿਖਲਾਈ, ਸੰਭਾਵਿਤ ਟੀਚੇ, ਲੱਗਣ ਵਾਲੇ ਪੈਸੇ ਦੇ ਨਾਲ ਦੇਸ ਅੰਦਰ ਅਤੇ ਬਾਹਰੋਂ ਹੋਰ ਮਦਦ ਹਾਸਿਲ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਹੁਣ ਤੱਕ ਬਿਕਰਮਜੀਤ ਸਿੰਘ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ ਜੋ ਕਿ ਸਾਲ 2018 ਵਿੱਚ ਦੇਸ ਛੱਡ ਗਿਆ ਸੀ।
ਕਠੂਆਂ 'ਚ ਹਥਿਆਰਾਂ ਵਾਲਾ ਟਰੱਕ ਮਿਲਿਆ ਸੀ
ਉੱਧਰ ਕਠੂਆ ਪੁਲਿਸ ਨੇ 12 ਸਤੰਬਰ ਨੂੰ ਇੱਕ ਟਰੱਕ ਬਰਾਮਦ ਕੀਤਾ ਸੀ ਜਿਸ ਵਿੱਚੋਂ ਚਾਰ AK-56, ਦੋ AK-47 ਤੋਂ ਇਲਾਵਾ 6 ਮੈਗਜ਼ੀਨ ਅਤੇ 180 ਲਾਈਵ ਰਾਊਂਡ ਬਰਾਮਦ ਕੀਤੇ ਸੀ। 11000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ।
ਇਹ ਟਰੱਕ ਪੰਜਾਬ ਤੇ ਭਾਰਤ-ਸ਼ਾਸਿਤ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਫੜਿਆ ਗਿਆ।
ਕਠੂਆ ਦੇ ਐੱਸਐੱਸਪੀ ਸ਼੍ਰੀਧਰ ਪਾਟਿਲ ਮੁਤਾਬਕ ਇਹ ਟਰੱਕ ਪੰਜਾਬ ਤੋਂ ਆ ਰਿਹਾ ਸੀ ਅਤੇ ਕਸ਼ਮੀਰ ਨੂੰ ਜਾ ਰਿਹਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।