Punjab Floods: ਕੈਪਟਨ ਅਮਰਿੰਦਰ ਦੀ ਅਪੀਲ - ਹੜ੍ਹਾਂ ਬਾਰੇ ਝੂਠੀਆਂ ਖ਼ਬਰਾਂ ਨਾ ਫੈਲਾਓ, ਰਾਵੀ ਤੇ ਬਿਆਸ ’ਚ ਪਾੜ ਨਹੀਂ ਪਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਨਤੀ ਕੀਤੀ ਹੈ ਕਿ ਉਹ ਹੜ੍ਹਾਂ ਸਬੰਧੀ ਕਿਸੇ ਤਰ੍ਹਾਂ ਦੀ ਗ਼ਲਤ ਜਾਣਕਾਰੀ ਨਾ ਫੈਲਾਈ ਜਾਵੇ।

ਉਨ੍ਹਾਂ ਕਿਹਾ, ''ਪੰਜਾਬ ਵਿੱਚ ਹੜ੍ਹਾਂ ਸਬੰਧੀ ਪਿਛਲੇ ਕੁਝ ਦਿਨਾਂ 'ਚ ਕਈ ਤਰ੍ਹਾਂ ਦੀ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਬਿਆਸ ਅਤੇ ਰਾਵੀ ਦਰਿਆ ਵਿੱਚ ਕੋਈ ਪਾੜ ਨਹੀਂ ਪਿਆ ਹੈ। ਘੱਗਰ ਅਤੇ ਸਤਲੁਜ ਵਿੱਚ ਪਏ ਪਾੜਾਂ ਨੂੰ ਕਾਫ਼ੀ ਹੱਦ ਤੱਕ ਭਰਨ ਦਾ ਕੰਮ ਕਰ ਲਿਆ ਗਿਆ ਹੈ। ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਝੂਠੀਆਂ ਖ਼ਬਰਾਂ ਨਾ ਫੈਲਾਓ।''

ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਸਤੁਲਜ ਅਤੇ ਘੱਗਰ ਦਰਿਆ ਵਿੱਚ ਪਾੜ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਵੱਡੇ ਪੱਧਰ 'ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਫ਼ਸਲਾਂ ਤਬਾਹ ਹੋ ਗਈਆਂ ਅਤੇ ਕਈ ਲੋਕ ਘਰੋਂ ਬੇਘਰ ਹੋ ਗਏ। ਹੜ੍ਹਾਂ ਦੀ ਸਥਿਤੀ ਨੂੰ ਨਿਪਟਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਐਲਾਨ ਕੀਤੇ ਹਨ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੁਏ ਨੁਕਸਾਨ ਅਤੇ ਰਾਹਤ ਕਾਰਜਾਂ ਬਾਰੇ ਦੱਸਦੇ ਹੋਏ ਕਿਹਾ, “ਮੈਂ ਏਡੀਜੀਪੀ, NDRF ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਦਰਿਆਵਾਂ 'ਚ ਪਏ ਪਾੜਾਂ ਦੀ ਮੁਰੰਮਤ ਦਾ ਕੰਮ ਕੀਤਾ ਅਤੇ ਕਈ ਜ਼ਿੰਦਗੀਆਂ ਬਚਾਈਆਂ।”

“ਹੜ੍ਹਾਂ ਕਾਰਨ ਸੂਬੇ ਦਾ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਵਿੱਚ ਮੁਆਵਜ਼ਾ ਅਤੇ ਸੂਬੇ ਦੇ ਬੁਨਿਆਦੀ ਢਾਂਚੇ ਦਾ ਨੁਕਸਾਨ ਵੀ ਸ਼ਾਮਲ ਹੈ।”

ਅਗਲੇ ਟਵੀਟ ਵਿੱਚ ਉਹ ਲਿਖਦੇ ਹਨ,''ਪੰਜਾਬ ਸਟੇਟ ਸੀਡਸ ਕਾਰਪੋਰੇਸ਼ਨ ਨੇ ਹੜ੍ਹਾਂ ਵਿੱਚ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਚੰਗੀ ਕੁਆਲਿਟੀ ਦੇ 25000 ਕੁਅੰਟਲ ਕਣਕ ਦੇ ਬੀਜ ਮੁਹੱਈਆ ਕਰਵਾਏ ਜਾਣਗੇ। ਕੁੱਲ ਖਰੀਦ 'ਤੇ ਸਰਕਾਰੀ ਖਰਚਾ 7.5 ਕਰੋੜ ਰੁਪਏ ਦਾ ਆਇਆ ਹੈ। ਹਾਲਾਤ ਨੂੰ ਛੇਤੀ ਤੋਂ ਛੇਤੀ ਆਮ ਕਰਨ ਦੀ ਦਿਸ਼ਾ ਵਿੱਚ ਅਜਿਹੇ ਹੀ ਕਈ ਕਦਮ ਚੁੱਕੇ ਜਾ ਰਹੇ ਹਨ।''

ਮੁੱਖ ਮੰਤਰੀ ਨੇ ਇਸ ਪੂਰੇ ਮਾਹੌਲ 'ਚ ਬੱਚਿਆਂ ਦੀ ਪੜ੍ਹਾਈ 'ਤੇ ਵੀ ਚਿੰਤਾ ਜਤਾਈ ਹੈ।

''ਮੈਂ ਸਕੂਲ ਐਜੂਕੇਸ਼ਨ ਵਿਭਾਗ ਦੇ ਸਕੱਤਰ ਨੂੰ ਫੌਰੀ ਤੌਰ 'ਤੇ ਸਹੀ ਕਦਮ ਚੁੱਕਣ ਅਤੇ ਇਸ ਸਬੰਧੀ ਮੈਨੂੰ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ। ਅਸੀਂ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਤਰ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਾ ਪਵੇ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)