ਸ਼੍ਰੀਨਗਰ ਦੇ ਸੌਰਾ 'ਚ ਹੋਈ ਸੀ ਪੱਥਰਬਾਜ਼ੀ: ਗ੍ਰਹਿ ਮੰਤਰਾਲਾ

ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਪੱਥਰਬਾਜ਼ੀ ਦੀ ਘਟਨਾ ਵਾਪਰੀ ਸੀ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ, ''ਮੀਡੀਆ ਵਿੱਚ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਘਟਨਾ ਦੀਆਂ ਖ਼ਬਰਾਂ ਆਈਆਂ ਹਨ। 9 ਅਗਸਤ ਨੂੰ ਕੁਝ ਸਥਾਨਕ ਲੋਕ ਨਮਾਜ਼ ਤੋਂ ਬਾਅਦ ਪਰਤ ਰਹੇ ਸਨ। ਉਨ੍ਹਾਂ ਦੇ ਨਾਲ ਕੁਝ ਸ਼ਰਾਰਤੀ ਅਨਸਰ ਸ਼ਾਮਲ ਸਨ।''

''ਅਸ਼ਾਂਤੀ ਫੈਲਾਉਣ ਲਈ ਇਨ੍ਹਾਂ ਲੋਕਾਂ ਨੇ ਸੁਰੱਖਿਆ ਕਰਮੀਆਂ 'ਤੇ ਪੱਥਰਬਾਜ਼ੀ ਕੀਤੀ। ਪਰ ਸੁਰੱਖਿਆ ਕਰਮੀਆਂ ਨੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਮੁੜ ਦੁਹਰਾ ਰਹੇ ਹਾਂ ਕਿ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਹਾਲੇ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਵੀ ਗੋਲੀ ਨਹੀਂ ਚੱਲੀ ਹੈ।''

ਇਹ ਵੀ ਪੜ੍ਹੋ:

ਜੰਮੂ-ਕਸ਼ਮੀਰ ਦੇ ਡੀਜੀਪੀ ਨੇ ਵੀ ਮੰਨਿਆ ਸੀ

ਖ਼ਬਰ ਏਜੰਸੀ ਰੌਇਟਰਸ ਮੁਤਾਬਕ ਐਤਵਾਰ ਨੂੰ ਇਸ ਘਟਨਾ ਬਾਰੇ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਵੀ ਮੰਨਿਆ ਸੀ, ''ਸ਼ੁੱਕਰਵਾਰ ਨੂੰ ਨਮਾਜ਼ ਤੋਂ 1000 ਤੋਂ 1500 ਲੋਕ ਵਾਪਸ ਪਰਤ ਰਹੇ ਸਨ, ਉਸੇ ਵੇਲੇ ਕੁਝ ਸ਼ਰਾਰਤੀ ਅਨਸਰਾਂ ਨੇ ਸੁਰੱਖਿਆ ਕਰਮੀਆਂ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ।''

ਦਿਲਬਾਗ ਸਿੰਘ ਨੇ ਅੱਗੇ ਕਿਹਾ ਕਿ ਉਸ ਪੱਥਰਬਾਜ਼ੀ ਦੇ ਜਵਾਬ ਵਿੱਚ ਸੁਰੱਖਿਆ ਕਰਮੀਆਂ ਵੱਲੋਂ ਇੱਕ ਜਾਂ ਦੋ ਰਾਊਂਡ ਪੰਪ ਐਕਸ਼ਨ ਗਨ ਦੇ ਫਾਇਰ ਕੀਤੇ ਗਏ ਜਿਸ ਵਿੱਚ ਚਾਰ-ਪੰਜ ਲੋਕਾਂ ਨੂੰ ਸੱਟਾਂ ਵੀ ਲੱਗੀਆਂ।

ਬੀਬੀਸੀ ਦਾ ਵੀਡੀਓ

ਇਸ ਤੋਂ ਪਹਿਲਾਂ ਬੀਬੀਸੀ ਨੇ ਇੱਕ ਵੀਡੀਓ ਜਾਰੀ ਕਰਕੇ ਇਹ ਵੀ ਦੱਸਿਆ ਸੀ ਕਿ ਸ਼ੁੱਕਰਵਾਕ ਨੂੰ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਸੀ।

ਬੀਬੀਸੀ ਨੇ ਦੱਸਿਆ ਸੀ ਕਿ ਪ੍ਰਦਰਸ਼ਨਕਾਰੀ ਨੂੰ ਭਜਾਉਣ ਲਈ ਸੁਰੱਖਿਆ ਕਰਮੀਆਂ ਨੇ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤੇ ਅਤੇ ਪੈਲੇਟ ਗਨ ਵੀ ਵਰਤੀ ਗਈ।

ਉਸ ਵੇਲੇ ਭਾਰਤ ਸਰਕਾਰ ਦਾ ਦਾਅਵਾ ਸੀ ਕਿ ਅਜਿਹਾ ਕੋਈ ਪ੍ਰਦਰਸ਼ਨ ਨਹੀਂ ਹੋਇਆ, ਪਰ ਬੀਬੀਸੀ ਦੇ ਐਕਸਕਲੂਸਿਵ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉੱਤਰੇ ਸੀ।

ਬੀਬੀਸੀ ਵੱਲੋਂ ਜਾਰੀ ਕੀਤਾ ਗਿਆ ਸੀ ਵੀਡੀਓ

ਸ਼੍ਰੀਨਗਰ ਦੇ ਸੌਰਾ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਵਿੱਚ ਕਿੰਨੇ ਲੋਕ ਜ਼ਖ਼ਮੀ ਹੋਏ, ਇਸ ਸਬੰਧ ਵਿੱਚ ਕੋਈ ਸਹੀ ਜਾਣਕਾਰੀ ਹੁਣ ਤੱਕ ਨਹੀਂ ਮਿਲ ਸਕੀ।

ਉੱਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਛੋਟੇ-ਮੋਟੇ ਪ੍ਰਦਰਸ਼ਨ ਹੋਏ ਹਨ ਜਿਨ੍ਹਾਂ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਏ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇੱਕ ਟਵੀਟ ਕਰਕੇ ਕਿਹਾ ਸੀ, '' ਪਹਿਲਾਂ ਰਾਇਟਰਸ ਅਤੇ ਫਿਰ ਡਾਨ ਵਿੱਚ ਇੱਕ ਨਿਊਜ਼ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀਨਗਰ ਵਿੱਚ ਇੱਕ ਪ੍ਰਦਰਸ਼ਨ ਹੋਇਆ ਜਿਸ ਵਿੱਚ ਦਸ ਹਜ਼ਾਰ ਲੋਕਾਂ ਨੇ ਹਿੱਸਾ ਲਿਆ, ਇਹ ਪੂਰੀ ਤਰ੍ਹਾਂ ਨਾਲ ਗ਼ਲਤ ਖ਼ਬਰ ਹੈ। ਸ਼੍ਰੀਨਗਰ/ ਬਾਰਾਮੁਲਾ ਵਿੱਚ ਕੁਝ ਛੋਟੇ-ਮੋਟੇ ਪ੍ਰਦਰਸ਼ਨ ਹੋਏ ਹਨ ਪਰ ਉਨ੍ਹਾਂ ਵਿੱਚ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਏ।''

ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪੂਰੀ ਘਾਚੀ ਵਿੱਚ ਹਾਲਾਤ ਆਮ ਜ਼ਰੂਰ ਬਣੇ ਹੋਏ ਸਨ, ਪਰ ਕੁਝ ਥਾਵਾਂ ਤੋਂ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲੀਆਂ।

ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਸ਼੍ਰੀਨਗਰ ਵਿੱਚ ਸੌਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ, ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਸਨ। ਇਸ ਵਿਰੋਧ ਪ੍ਰਦਰਸ਼ਨ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਇੱਕ ਸ਼ਾਂਤੀਪੂਰਨ ਪ੍ਰਦਰਸ਼ਨ ਸੀ, ਪਰ ਜਿਵੇਂ ਹੀ ਸੁਰੱਖਿਆ ਬਲ ਪ੍ਰਦਰਸ਼ਨਕਾਰੀਆਂ ਸਾਹਮਣੇ ਆਏ ਤਾਂ ਉਨ੍ਹਾਂ ਵਿਚਾਲੇ ਝੜਪ ਹੋ ਗਈ।

ਚਸ਼ਮਦੀਦਾਂ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਅਤੇ ਪੈਲੇਟ ਗਨ ਦੀ ਵਰਤੋਂ ਕੀਤੀ।

ਇਸ ਤੋਂ ਬਾਅਦ ਸ਼ਨੀਵਾਰ ਨੂੰ ਆਮਿਰ ਪੀਰਜ਼ਾਦਾ ਨੇ ਸੌਰਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਤੱਕ ਨਹੀਂ ਪਹੁੰਚ ਸਕੇ।

ਸੌਰਾ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ ਗਏ ਸਨ। ਸਥਾਨਕ ਮੀਡੀਆ ਵਿੱਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਜ਼ਰੂਰ ਸਨ ਪਰ ਬੀਬੀਸੀ ਇਸਦੀ ਪੁਸ਼ਟੀ ਨਹੀਂ ਕਰ ਸਕਿਆ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)