ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਪੰਜਾਬ ਬੰਦ, ਹਰਿਆਣਾ ਵਿੱਚ ਪ੍ਰਦਰਸ਼ਨ

ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਅੱਜ ਪੰਜਾਬ ਦਾ ਸੱਦਾ ਦਿਤਾ ਗਿਆ ਸੀ।

ਬੰਦ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ। ਕਈ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਵੀ ਬੰਦ ਹਨ। ਕਈ ਥਾਵਾਂ 'ਤੇ ਮੁੱਖ ਬਾਜ਼ਾਰ ਵੀ ਬੰਦ ਰਹੇ, ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਰੋਸ-ਪ੍ਰਦਰਸ਼ਨ ਹੋਏ।

ਦੀਨਾਨਗਰ 'ਚ ਦਲਿਤ ਭਾਈਚਾਰੇ ਦਾ ਵੱਡਾ ਪ੍ਰਦਰਸ਼ਨ

ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਢਾਹੁਣ ਤੋਂ ਬਾਅਦ ਰੋਸ ਵਜੋਂ ਗੁਰਦਾਸਪੁਰ ਦੇ ਦੀਨਾਨਗਰ 'ਚ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੋਧਰੀ ਨੇ ਵੀ ਹਿੱਸਾ ਲਿਆ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਪਠਾਨਕੋਟ ਅੰਮ੍ਰਿਤਸਰ ਹਾਈਵੇਅ 'ਤੇ ਜਾਮ ਲਗਾ ਕੇ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ | ਦੀਨਾਨਗਰ 'ਚ ਰੋਸ ਮਾਰਚ ਕਰਨ ਤੋਂ ਬਾਅਦ ਅੰਮ੍ਰਿਤਸਰ -ਪਠਾਨਕੋਟ ਹਾਈਵੇਅ 'ਤੇ ਚੱਕਾ ਜਾਮ ਕਰਕੇ ਰਵਿਦਾਸ ਭਾਈਚਾਰੇ ਵਲੋਂ ਰੋਸ ਜਤਾਇਆ ਗਿਆ ਅਤੇ ਪ੍ਰਦਰਸ਼ਨ ਕੀਤਾ ਗਿਆ

ਉਧਰ ਇਸ ਰੋਸ ਮਾਰਚ 'ਚ ਸ਼ਾਮਲ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਕਰਕੇ ਪੰਜਾਬ ਸਰਕਾਰ ਵੀ ਉਨ੍ਹਾਂ ਦੇ ਇਸ ਦੁੱਖ 'ਚ ਸ਼ਾਮਲ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਫਿਰ ਤੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਾਉਣ ਲਈ ਪੰਜਾਬ ਸਰਕਾਰ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।

ਪੰਜਾਬ ਬੰਦ ਦੇ ਸੱਦੇ ਦਾ ਅਸਰ ਗੁਰਦਾਸਪੁਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਗੁਰਦਾਸਪੁਰ ਅਤੇ ਬਟਾਲਾ ਵਿੱਚ ਮੁੱਖ ਬਾਜ਼ਾਰ ਬੰਦ ਹਨ।

ਅੰਮ੍ਰਿਤਸਰ 'ਚ ਸਵਾਰੀਆਂ ਹੋਈਆਂ ਖੱਜਲ-ਖੁਆਰ

ਅੰਮ੍ਰਿਤਸਰ - ਪਠਾਨਕੋਟ ਰੇਲ ਮਾਰਗ ਤੇ ਪੈਂਦੇ ਰੇਲਵੇ ਸਟੇਸ਼ਨ 'ਤੇ ਰਵਿਦਾਸਆ ਭਾਈਚਾਰੇ ਦੇ ਨੌਜਵਾਨਾਂ ਵਲੋਂ ਰੇਲ ਟਰੈਕ 'ਤੇ ਬੈਠ ਕੇ ਰੋਸ ਜਤਾਇਆ ਗਿਆ।

ਉਹਨਾਂ ਨਾਲ ਧਰਨੇ 'ਚ ਸ਼ਾਮਲ ਔਰਤਾਂ ਦਾ ਕਹਿਣਾ ਕਿ ਮੰਦਿਰ ਢਾਹਿਆ ਗਿਆ ਹੈ ਉਨ੍ਹਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਗਿਆ ਅਤੇ ਭਾਜਪਾ ਦਲਿਤ ਸਮਾਜ ਨਾਲ ਧੱਕਾ ਕਰ ਰਹੀ ਹੈ ਅਤੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਰਾਹਗੀਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਜਾਣ ਲਈ ਉਹ ਸਵੇਰ ਤੋਂ ਖੱਜਲ ਹੋ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਕਿਤੇ ਜਾਣ ਲਈ ਉਨ੍ਹਾਂ ਨੂੰ ਬੱਸ ਮਿਲ ਰਹੀ ਹੈ ਅਤੇ ਟਰੇਨ ਦਾ ਵੀ ਕੋਈ ਅਤਾ ਪਤਾ ਨਹੀਂ ਹੈ।

ਇੱਕ ਸ਼ਖ਼ਸ ਹੇਮ ਰਾਜ ਨੇ ਆਖਿਆ ਕਿ ਉਹ ਅੰਮ੍ਰਿਤਸਰ ਤੋਂ ਵਾਪਿਸ ਹਿਮਾਚਲ ਜਾਣ ਲਈ ਬੱਸ ਸਟੈਂਡ ਆਇਆ ਪਰ ਉਸ ਨੂੰ ਬਟਾਲਾ ਹੀ ਉਤਾਰ ਦਿੱਤਾ ਗਿਆ।

ਅੰਮ੍ਰਿਤਸਰ ਦੇ ਏਡੀਸੀਪੀ ਜਗਜੀਤ ਸਿੰਘ ਦਾ ਦਾਅਵਾ ਹੈ ਕਿ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।

ਜਗਜੀਤ ਸਿੰਘ ਮੁਤਾਬਕ, "15 ਅਗਸਤ ਦੇ ਸਬੰਧ 'ਚ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਪੈਟਰੋਲਿੰਗ ਜਾਰੀ ਸੀ। ਇੱਥੇ 2000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।"

ਇਹ ਵੀ ਪੜ੍ਹੋ:

ਜਲੰਧਰ ਵਿੱਚ ਕਾਂਗਰਸ ਵਿਧਾਇਕ ਵੀ ਧਰਨੇ ਵਿੱਚ ਸ਼ਾਮਿਲ

ਜਲੰਧਰ ਤੋ ਬੀਬੀਸੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਉੱਥੇ ਵਡਾਲਾ ਚੌਂਕ, ਗੁਰੂ ਰਵੀਦਾਸ ਚੌਂਕ, ਰਾਮਾਂ ਮੰਡੀ ਅਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ। ਹਰ ਧਰਨੇ 'ਤੇ ਕਾਂਗਰਸ ਦੇ ਵਿਧਾਇਕ ਪਹੁੰਚ ਰਹੇ ਹਨ।

ਜਲੰਧਰ ਵਿੱਚ ਸਕੂਲ ਤੇ ਕਾਲਜ ਬੰਦ ਹਨ। ਧਰਨੇ ਵਿੱਚ ਸੱਦਾ ਦਿੱਤਾ ਗਿਆ ਹੈ ਕਿ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਵੀ ਧਰਨਾ ਦਿੱਤਾ ਜਾਵੇ।

ਬਰਨਾਲਾ-ਬਠਿੰਡਾ ਵਿੱਚ ਰਲਿਆ-ਮੁਲਿਆ ਹੁੰਗਾਰਾ

ਬਰਨਾਲਾ, ਬਠਿੰਡਾ ਅਤੇ ਮਾਨਸਾ ਵਿੱਚ ਬੰਦ ਨੂੰ ਰਲਿਆ ਮਿਲਿਆ ਹੁੰਗਾਰਾ ਮਿਲਿਆ ਹੈ। ਸੰਗਰੂਰ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਹਨ। ਵੱਖ-ਵੱਖ ਥਾਵਾਂ ਉੱਤੇ ਰੋਡ ਜਾਮ ਅਤੇ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ।

ਬਰਨਾਲਾ ਵਿੱਚ 12 ਅਗਸਤ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਨੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਨੇ ਛੇਤੀ ਤੋਂ ਛੇਤੀ ਮੰਦਿਰ ਦੀ ਉਸਾਰੀ ਦੀ ਮੰਗ ਕੀਤੀ।

ਗੁਰੂ ਰਵਿਦਾਸ ਜਯੰਤੀ ਸਮਾਰੋਹ ਸਮਿਤੀ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।

ਹਰਿਆਣਾ ਵਿੱਚ ਸਿਰਸਾ ਬੰਦ, ਕਰਨਾਲ 'ਚ ਪ੍ਰਦਰਸ਼ਨ

ਗੁਰੂ ਰਵੀਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ਵਿੱਚ ਹਰਿਆਣਾ ਦੇ ਸਿਰਸਾ ਵਿੱਚ ਵੀ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਪ੍ਰਦਰਸ਼ਨ ਕੀਤਾ ਗਿਆ ਹੈ।

ਕਰਨਾਲ ਵਿੱਚ ਨੈਸ਼ਨਲ ਹਾਈਵੇਅ ਪ੍ਰਦਰਸ਼ਨਕਾਰੀਆਂ ਵੱਲੋਂ ਬੰਦ ਕੀਤਾ ਗਿਆ। ਹਾਲਾਂਕਿ ਕੁਝ ਘੰਟੇ ਬਾਅਦ ਇਹ ਜਾਮ ਹਟਾ ਵੀ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਨੂੰ ਚਿੱਠੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਤੁਗਲਕਾਬਾਦ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਬਲ ਤੈਨਾਤ ਹੈ। ਡੀਡੀਏ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਮੰਦਿਰ ਪਰਿਸਰ ਵਿੱਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਿਦਾਸ ਭਾਈਚਾਰੇ ਨੂੰ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਕੇਂਦਰ ਨਾਲ ਇਹ ਮਸਲਾ ਸ਼ਾਂਤੀ ਨਾਲ ਹੱਲ ਕਰਨ ਲਈ ਹਰ ਮਦਦ ਕਰਨ ਲਈ ਤਿਆਰ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਹੀ ਜ਼ਮੀਨ ਮੁੜ ਭਾਈਚਾਰੇ ਨੂੰ ਦਿਵਾਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਕਥਿਤ ਤੌਰ 'ਤੇ ਡੀਡੀਏ ਅਧੀਨ ਆਉਂਦੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)