ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਸਾਂਭਣ ਲਈ ਜੇਲ੍ਹੋਂ ਛੁੱਟੀ ਮੰਗੀ, ਸਵਾਲ ਬਾਕੀ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਖੇਤੀ ਸੰਭਾਲਣ ਲਈ ਪੈਰੋਲ, ਜੇਲ੍ਹ ਤੋਂ ਆਰਜ਼ੀ ਛੁੱਟੀ, ਮੰਗੀ ਹੈ।

ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਮੁੱਖ ਅਧਿਕਾਰੀ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧੀ ਸਿਫਾਰਸ਼ ਮੰਗੀ ਹੈ, ਪੁੱਛਿਆ ਗਿਆ ਹੈ ਕਿ ਕੈਦੀ ਨੂੰ ਪੈਰੋਲ ਦੇਣਾ ਠੀਕ ਹੈ ਜਾਂ ਨਹੀਂ।

ਡਿਪਟੀ ਕਮਿਸ਼ਨਰ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ ਸੀਬੀਆਈ ਕੋਰਟ ਵੱਲੋਂ ਬਲਾਤਕਾਰ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ।

ਇਹ ਵੀ ਪੜ੍ਹੋ:

ਡੇਰੇ ਵੱਲੋਂ ਨਰਮਾ, ਐਲੋ ਵੇਰਾ, ਬਾਗਵਾਨੀ ਤੋਂ ਇਲਾਵਾ ਝੋਨੇ ਦੀ ਵੀ ਖੇਤੀ ਕੀਤੀ ਜਾਂਦੀ ਹੈ।

ਇਲਾਕੇ ਵਿੱਚ ਨਰਮਾ-ਕਪਾਹ ਦੀ ਬਿਜਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਦਕਿ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਇਆ ਹੈ।

ਡੇਰੇ ਦੀ ‘ਸੱਚ ਨਰਸਰੀ’ ਸੰਭਾਲ ਰਹੇ ਸ਼ਰਧਾਲੂ ਦਾ ਕਹਿਣਾ ਹੈ ਕਿ “ਪਿਤਾ ਜੀ ਕਿਤੇ ਗਏ ਨਹੀਂ ਹਨ, ਉਹ ਪਹਿਲਾਂ ਵੀ ਖੇਤੀ ਸੰਭਾਲਦੇ ਸਨ ਤੇ ਹੁਣ ਵੀ ਖੇਤੀ ਸੰਭਾਲ ਰਹੇ ਹਨ।”

“ਡੇਰੇ ਦੀਆਂ 22 ਮੋਟਰਾਂ 'ਤੇ ਉਹ ਗੇੜਾ ਲਾਉਂਦੇ ਸਨ।”

ਸੂਤਰਾਂ ਮੁਤਾਬਕ ਡੇਰੇ ਵੱਲੋਂ ਕਰੀਬ 500 ਕਿੱਲਿਆਂ ਵਿੱਚ ਖੇਤੀ ਕੀਤੀ ਜਾਂਦੀ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਪੈਰੋਲ ਬਾਰੇ ਮੰਗੀ ਗਈ ਸਿਫਾਰਸ਼ ਵਿੱਚ ਡੇਰਾ ਮੁਖੀ 'ਤੇ ਸੀਬੀਆਈ ਕੋਰਟ ਵੱਲੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਇਲਾਵਾ ਦੋ ਹੋਰ ਮਾਮਲੇ ਵਿਚਾਰਧੀਨ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਦਾ ਜੇਲ੍ਹ ਵਿੱਚ ਰਵੱਈਆ ਚੰਗਾ ਹੈ ਅਤੇ ਉਸ ਨੇ ਜੇਲ੍ਹ ਵਿੱਚ ਕੋਈ ਜੁਰਮ ਨਹੀਂ ਕੀਤਾ ਹੈ।

ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਗੁਰਮੀਤ ਸਿੰਘ ਦੀ ਪੈਰੋਲ ਨੂੰ ਲੈ ਕੇ ਆਪਣੀ ਰਾਇ ਦੇਣੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਰਾਇ ਮਗਰੋਂ ਹੀ ਫੈਸਲਾ ਹੋਵੇਗਾ।

ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਡੇਰਾ ਮੁਖੀ ਦੇ ਬਾਹਰ ਆਉਣ 'ਤੇ ਕੀ ਕਾਨੂੰਨ ਵਿਵਸਥਾ ਕਾਇਮ ਰੱਖ ਸਕੇਗਾ? ਕੀ ਪੈਰੋਲ ਦਾ ਸਮਾਂ ਪੂਰਾ ਹੋਣ ਮਗਰੋਂ ਬਾਬਾ ਮੁੜ ਆਪਣੇ ਆਪ ਜੇਲ੍ਹ ਚਲਾ ਜਾਵੇਗਾ?

ਇਹ ਵੀ ਪੜ੍ਹੋ:

ਸਾਧਵੀ ਬਲਾਤਕਾਰ ਮਾਮਲੇ ਵਿੱਚ ਹੈ 20 ਸਾਲ ਦੀ ਸਜ਼ਾ

“ਧਰਮ-ਕਰਮ” ਤੇ “ਮਾਨਵਤਾ” ਦਾ ਪਾਠ ਪੜ੍ਹਾਉਣ ਵਾਲੇ ਡੇਰਾ ਮੁਖੀ ਨੂੰ ਸੀਬੀਆਈ ਕਰੋਟ ਵੱਲੋਂ 25 ਅਗਸਤ 2017 ਨੂੰ ਡੇਰੇ ਦੀਆਂ ਹੀ ਦੋ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ 28 ਅਗਸਤ ਨੂੰ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ 10-10 ਸਾਲ ਦੀ ਕੈਦ ਤੇ 15-15 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਸੀ।

ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ਤੇ ਸਿਰਸਾ ਵਿੱਚ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ। ਹਿੰਸਾ ਦੌਰਾਨ ਸਿਰਸਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਚਕੂਲਾ ਵਿੱਚ 30 ਤੋਂ ਜ਼ਿਆਦਾ ਲੋਕ ਪੁਲਿਸ ਫਾਇਰਿੰਗ ਵਿੱਚ ਮਰੇ ਸਨ।

ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ ਵਿੱਚ ਵੀ ਦੋਸ਼ੀ ਕਰਾਰ

ਸਿਰਸਾ ਤੋਂ ਪ੍ਰਕਾਸ਼ਿਤ 'ਪੂਰਾ ਸੱਚ' ਦੇ ਸੰਪਾਦਕ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਵੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕਤਲ ਦੇ ਇਸ ਮਾਮਲੇ ਵਿੱਚ ਕੋਰਟ ਨੇ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਸੀ।

ਕੋਰਟ ਨੇ ਆਪਣੇ ਪਹਿਲੇ ਵਾਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਸ ਸਜ਼ਾ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ, ਯਾਨੀ ਸਾਰਿਆਂ ਮਾਮਲਿਆਂ ਵਿੱਚ ਵੱਖ-ਵੱਖ ਸਜ਼ਾ ਪੂਰੀ ਕਰਨੀ ਹੋਵੇਗੀ।

ਦੋ ਮਾਮਲੇ ਹਾਲੇ ਵਿਚਾਰਧੀਨ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਦੋ ਕੇਸ ਅਦਾਲਤ ਵਿੱਚ ਟਰਾਇਲ 'ਤੇ ਹਨ। ਇਨ੍ਹਾਂ ਚੋਂ ਇਕ ਰਣਜੀਤ ਸਿੰਘ ਕਤਲ ਦਾ ਮਾਮਲਾ ਅਤੇ ਦੂਜਾ ਡੇਰਾ ਪ੍ਰੇਮੀਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਹੈ।

ਇਹ ਦੋਵੇਂ ਮਾਮਲੇ ਹਾਲੇ ਅਦਾਲਤ ਵਿੱਚ ਵਿਚਾਧੀਨ ਹਨ। ਦੋਵਾਂ ਮਾਮਲਿਆਂ ਵਿੱਚ ਡੇਰਾ ਮੁਖੀ ਨੂੰ ਜ਼ਮਾਨਤ ਮਿਲੀ ਹੋਈ ਹੈ।

ਸਿਆਸੀ ਦਖਲਅੰਦਾਜ਼ੀ

ਡੇਰਾ ਮੁਖੀ ਆਪਣੇ ਸ਼ਰਧਾਲੂਆਂ ਦੇ ਬਲ 'ਤੇ ਸਿਆਸਤ ਵਿੱਚ ਵੀ ਦਖ਼ਲਅੰਦਾਜ਼ੀ ਕਰਦੇ ਰਹੇ ਹਨ। ਡੇਰੇ ਦਾ ਬਕਾਇਦਾ ਇੱਕ ਸਿਆਸੀ ਵਿੰਗ ਸਥਾਪਿਤ ਹੈ ਜਿਹੜਾਂ ਸਿਆਸੀ ਫੈਸਲੇ ਲੈਂਦਾ ਰਿਹਾ ਹੈ।

ਇਹ ਚੋਣਾਂ ਵੇਲੇ ਜ਼ਿਆਦਾ ਸਰਗਰਮ ਹੁੰਦਾ ਹੈ। ਸਾਲ 2014 ਦੀਆਂ ਚੋਣਾਂ ਵੇਲੇ ਡੇਰੇ ਵੱਲੋਂ ਖੁੱਲ੍ਹੇਆਮ ਇਕ ਪਾਰਟੀ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਦੀਆਂ ਚੋਣਾਂ ਵਿੱਚ ਖੁਲ੍ਹੇ ਆਮ ਕਿਸੇ ਪਾਰਟੀ ਨੂੰ ਹਮਾਇਤ ਦਾ ਐਲਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:

ਪ੍ਰਸ਼ਾਸਨ ਦਾ ਪੱਖ

ਸਿਰਸਾ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਗ ਨੇ ਕਿਹਾ ਹੈ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵੱਲੋਂ ਭੇਜੀ ਗਈ ਚਿੱਠੀ ਉਨ੍ਹਾਂ ਨੂੰ ਮਿਲ ਗਈ ਹੈ। ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ, ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)