ਹਿਮਾਚਲ ਦੇ ਕੁੱਲੂ ਜ਼ਿਲ੍ਹੇ 'ਚ ਬੱਸ ਪਹਾੜ ਤੋਂ ਡਿੱਗੀ, 43 ਮੌਤਾਂ

ਵੀਰਵਾਰ, 20 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਪਹਾੜ ਤੋਂ ਬੱਸ ਦੇ ਹੇਠਾਂ ਡਿੱਗਣ ਕਾਰਨ 43 ਮੁਸਾਫਰਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹਨ।

ਇਹ ਬੱਸ ਬੰਜਾਰ ਤੋਂ ਘਾਰਾ ਘੁਸ਼ਾਨੀ ਜਾ ਰਹੀ ਸੀ ਜਿਸ ਵਿੱਚ 50 ਲੋਕ ਸਫ਼ਰ ਕਰ ਰਹੇ ਸਨ। ਲਗਭਗ ਸਾਰੀਆਂ ਹੀ ਸਵਾਰੀਆਂ ਸਥਾਨਕ ਇਲਾਕਿਆਂ ਦੀਆਂ ਰਹਿਣ ਵਾਲੀਆਂ ਸਨ।

ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਅੱਗੇ ਆਉਣ ਵਾਲੇ ਤਿੱਖੇ ਮੋੜ ਦਾ ਅੰਦਾਜ਼ਾ ਨਹੀਂ ਲਗਾ ਸਕਿਆ। ਇਸ ਕਾਰਨ ਬੱਸ ਪਿੱਛੇ ਵੱਲ ਨੂੰ ਧੱਕੀ ਗਈ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ।

ਇਹ ਵੀ ਪੜ੍ਹੋ:

ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ, "ਉਹ ਜਿਹੜਾ ਰਸਤਾ ਹੈ ਉੱਥੇ ਬਹੁਤੀਆਂ ਬੱਸਾਂ ਨਹੀਂ ਜਾਂਦੀਆਂ। ਲੋਕ ਬੰਜਾਰ ਕੰਮ ਕਰਨ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਘਰ ਜਾਂਦੇ ਹਨ। ਜਾਣਕਾਰੀ ਮਿਲੀ ਹੈ ਕਿ ਬੱਸ ਵਿੱਚ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਸਨ ਪਰ ਬਾਕੀ ਗੱਲ ਦਾ ਜਾਂਚ ਤੋਂ ਬਾਅਦ ਪਤਾ ਲੱਗੇਗਾ। ਬਚਾਅ ਕਾਰਜ ਜਿੰਨੇ ਚੰਗੇ ਹੋ ਸਕਣਗੇ ਕੀਤੇ ਜਾ ਰਹੇ ਹਨ।"

ਐੱਸਡੀਐੱਮ ਨੇ ਬੀਬੀਸੀ ਸਹਿਯੋਗੀ ਧਰਮ ਪ੍ਰਕਾਸ਼ ਗੁਪਤਾ ਨੂੰ ਦੱਸਿਆ ਕਿ ਫਿਲਹਾਲ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50,000 ਰੁਪਏ ਪ੍ਰਤੀ ਪਰਿਵਾਰ ਰਾਹਤ ਵਜੋਂ ਐਲਾਨੇ ਗਏ ਹਨ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਮੰਡੀ ਤੋਂ ਗੁਪਤਾ ਨੇ ਦੱਸਿਆ ਕਿ ਰਾਜਪਾਲ ਆਚਾਰਿਆ ਦੇਵਵਰਤ ਨੇ ਵੀ ਦੁੱਖ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ:

ਕਈ ਸਥਾਨਕ ਲੋਕ ਸਵਾਰੀਆਂ ਦੀ ਜਾਨ ਬਚਾਉਣ ਲਈ ਉੱਥੇ ਇਕੱਠੇ ਹੋ ਗਏ। ਪੁਲਿਸ ਦੇ ਬੁਲਾਰੇ ਨੇ ਦੱਸਿਆ, ''ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਅਤੇ ਗੰਭੀਰ ਜ਼ਖ਼ਮੀਆਂ ਨੂੰ ਕੁੱਲੂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ਉੱਪਰ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਹਿਮਾਚਲ ਸਰਕਾਰ ਪੂਰਾ ਸਹਿਯੋਗ ਕਰੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)