Election 2019: ਐਗਜ਼ਿਟ ਪੋਲ ਕਿਵੇਂ ਗ਼ਲਤ ਵੀ ਸਾਬਿਤ ਹੋ ਜਾਂਦੇ ਨੇ

    • ਲੇਖਕ, ਕੀਰਤੀ ਦੂਬੇ
    • ਰੋਲ, ਬੀਬੀਸੀ ਪੱਤਰਕਾਰ

243 ਮੈਂਬਰੀ ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜੇ ਅੱਜ ਯਾਨੀ 10 ਨਵੰਬਰ ਨੂੰ ਐਲਾਨ ਕੀਤੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ ਕੁੱਲ 55 ਕੇਂਦਰ ਸਥਾਪਿਤ ਕੀਤੇ ਗਏ ਸਨ।

ਚਾਰ ਜ਼ਿਲ੍ਹਿਆਂ ਵਿੱਚ 3-3 ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਵਿੱਚ, ਪੂਰਬੀ ਚਪਾਰਣ (ਕੁੱਲ 12 ਵਿਧਾਨ ਸਭਾ ਸੀਟਾਂ) ਗਯਾ (ਕੁੱਲ 10 ਸੀਟਾਂ) ਸਿਵਾਨ (8 ਸੀਟਾਂ) ਅਤੇ ਬੇਗ਼ੂਸਰਾਏ (7 ਸੀਟਾਂ) ਜ਼ਿਲ੍ਹੇ ਸ਼ਾਮਲ ਸਨ।

ਵੋਟਰਾਂ ਦੇ ਆਖ਼ਰੀ ਦਿਨ ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਦੇ ਅੱਧੇ ਘੰਟੇ ਦੇ ਅੰਦਰ ਸਾਰੇ ਨਿਊਜ਼ ਚੈਨਲ 'ਤੇ ਐਗਜ਼ਿਟ ਪੋਲ ਦਿਖਾਏ ਜਾਣ ਲਗਦੇ ਹਨ।

ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਨੂੰ ਲੈ ਕੇ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਜ਼ਿਆਦਾਤਰ ਮੁਤਾਬਕ ਕਿਸੇ ਇੱਕ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਸੀ।

ਐਗਜ਼ਿਟ ਪੋਲ ਸੰਘਰਸ਼ ਵੱਲ ਇਸ਼ਾਰਾ ਕਰ ਰਹੇ ਸਨ। ਦੱਸ ਦਈਏ ਕਿ ਬੀਬੀਸੀ ਕਿਸੇ ਵੀ ਤਰ੍ਹਾਂ ਦਾ ਐਗਜ਼ਿਟ ਪੋਲ ਨਹੀਂ ਕਰਵਾਉਂਦਾ।

ਬਿਹਾਰ ਵਿਧਾਨ ਸਭਾ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਐਗਜ਼ਿਟ ਪੋਲ ਵਿੱਚੋ ਜ਼ਿਆਦਾਤਰ ਨੇ ਦਰਸਾਇਆ ਕਿ ਗਿਆ ਸੀ ਮਹਾਂਗਠਜੋੜ ਨੂੰ ਵੱਧ ਸੀਟਾਂ ਮਿਲਣਗੀਆਂ।

ਇਹ ਵੀ ਪੜ੍ਹੋ-

ਹਾਲਾਂਕਿ ਆਜਤਕ-ਐਕਸਿਸ ਮਾਈ ਇੰਡੀਆ ਅਤੇ ਟੂਡੇਜ਼ ਚਾਣੱਕਿਆ ਦੇ ਐਗਜ਼ਿਟ ਪੋਲ ਮੁਤਾਬਕ ਮਹਾਗਠਜੋੜ ਆਸਾਨੀ ਨਾਲ ਬਹੁਮਤ ਹਾਸਲ ਕਰ ਸਕਦਾ ਹੈ।

ਦਰਅਸਲ ਇਹ ਐਗਜ਼ਿਟ ਪੋਲ ਚੋਣਾਂ ਦੇ ਨਤੀਜਿਆਂ ਦਾ ਇੱਕ ਅੰਦਾਜ਼ਾ ਹੁੰਦਾ ਹੈ ਜੋ ਦੱਸਦਾ ਹੈ ਕਿ ਵੋਟਰਾਂ ਦਾ ਰੁਝਾਨ ਕਿਸ ਪਾਰਟੀ ਜਾਂ ਗਠਜੋੜ ਵੱਲ ਜਾ ਸਕਦਾ ਹੈ। ਜਿਸ ਲਈ ਨਿਊਜ਼ ਚੈਨਲ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਸਰਵੇ ਕਰਦੇ ਹਨ।

ਇਹ ਸਰਵੇ ਕਈ ਵਾਰ ਨਤੀਜਿਆਂ ਨਾਲ ਬਿਲਕੁਲ ਮੇਲ ਖਾਂਦੇ ਹਨ ਤਾਂ ਕਦੇ ਉਨ੍ਹਾਂ ਤੋਂ ਉਲਟ ਹੁੰਦੇ ਹਨ। ਅਜਿਹੇ 'ਚ ਐਗਜ਼ਿਟ ਪੋਲ ਦੀ ਪੂਰੀ ਪ੍ਰਕਿਰਿਆ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਦੇਸ ਦੀ ਮੁੱਖ ਸਰਵੇ ਸੰਸਥਾ ਸੀਐਸਡੀਐਸ ਦੇ ਨਿਦੇਰਸ਼ਕ ਸੰਜੇ ਕੁਮਾਰ ਕਹਿੰਦੇ ਹਨ ਕਿ ਐਗਜ਼ਿਟ ਪੋਲ ਨੂੰ ਲੈ ਕੇ ਜੋ ਧਾਰਨਾ ਹੈ ਉਸ ਦੇ ਤਹਿਤ ਜਿਹੜੇ ਵੋਟਰ, ਵੋਟ ਪਾ ਕੇ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਨਿਕਲਦੇ ਹਨ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ।

ਸਰਵੇ ਵਿੱਚ ਕਈ ਸਵਾਲ ਵੋਟਰਾਂ ਕੋਲੋਂ ਪੁੱਛੇ ਜਾਂਦੇ ਹਨ ਪਰ ਉਨ੍ਹਾਂ ਵਿੱਚ ਸਭ ਤੋਂ ਅਹਿਮ ਸਵਾਲ ਹੁੰਦਾ ਹੈ ਕਿ ਤੁਸੀਂ ਵੋਟ ਕਿਸ ਨੂੰ ਦਿੱਤਾ ਹੈ।

ਹਜ਼ਾਰਾਂ ਵੋਟਰਾਂ ਨਾਲ ਇੰਟਰਵਿਊ ਕਰਕੇ ਅੰਕੜ ਇਕੱਠੇ ਕੀਤੇ ਜਾਂਦੇ ਹਨ, ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਹ ਵੋਟਿੰਗ ਐਸਟੀਮੇਟ ਕੱਢਿਆ ਜਾਂਦਾ ਹੈ ਯਾਨਿ ਕਿ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਸ ਪਾਰਟੀ ਨੂੰ ਕਿੰਨੇ ਫੀਸਦ ਵੋਟਰਾਂ ਨੇ ਵੋਟ ਕੀਤਾ ਹੈ।

ਐਗਜ਼ਿਟ ਪੋਲ ਕਰਨ, ਅੰਕੜੇ ਇਕੱਠੇ ਕਰਨ ਅਤੇ ਉਨ੍ਹਾਂ ਅੰਕੜਿਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ ਲੰਬੀ ਮਿਹਨਤ ਅਤੇ ਪ੍ਰਕਿਰਿਆ ਹੁੰਦੀ ਹੈ।

ਅਜਿਹਾ ਨਹੀਂ ਹੈ ਕਿ ਹਰ ਵਾਰ ਐਗਜ਼ਿਟ ਪੋਲ ਸਹੀ ਹੀ ਸਾਬਿਤ ਹੋਏ ਹਨ। ਇਸ ਦਾ ਸਭ ਤੋਂ ਤਾਜ਼ਾ ਉਦਾਹਰਣ ਹੈ 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ।

ਸਾਲ 2015 'ਚ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਐਗਜ਼ਿਟ ਪੋਲ ਨੇ ਭਾਜਪਾ ਦੀ ਬੰਪਰ ਜਿੱਤ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਪੋਲਿੰਗ ਏਜੰਸੀ ਚਾਣੱਕਿਆ ਨੇ ਭਾਜਪਾ ਨੂੰ 155 ਅਤੇ ਮਹਾਗਠਜੋੜ ਨੂੰ ਮਹਿਜ਼ 83 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ।

ਉੱਥੇ ਹੀ ਨੀਲਸਨ ਅਤੇ ਸਿਸਰੋ ਨੇ 100 ਸੀਟਾਂ 'ਤੇ ਭਾਜਪਾ ਦੀ ਜਿੱਤ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਨਤੀਜੇ ਬਿਲਕੁਲ ਉਲਟ ਰਹੇ।

ਜਨਤਾ ਦਲ ਯੂਨਾਈਟਡ, ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਮਹਾਗਠਜੋੜ ਨੇ ਕੁੱਲ 243 ਸੀਟਾਂ 'ਚੋਂ 178 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।

ਇਹ ਵੱਡੀ ਜਿੱਤ ਸੀ ਅਤੇ ਐਗਜ਼ਿਟ ਪੋਲ ਅਤੇ ਅਸਲ ਨਤੀਜਿਆਂ 'ਚ ਕਾਫੀ ਅੰਤਰ ਦੇਖਣ ਨੂੰ ਮਿਲਿਆ ਸੀ।

ਪਰ ਕਿਉਂ ਗ਼ਲਤ ਹੁੰਦੇ ਹਨ ਐਗਜ਼ਿਟ ਪੋਲ, ਇਸ ਸਵਾਲ ਦੇ ਜਵਾਬ 'ਚ ਸੰਜੇ ਕਹਿੰਦੇ ਹਨ, "ਐਗਜ਼ਿਟ ਪੋਲ ਦੇ ਫੇਲ੍ਹ ਹੋਣ ਦਾ ਸਭ ਤੋਂ ਬਿਹਤਰ ਉਦਾਹਰਣ ਹੈ 2004 ਦੀਆਂ ਲੋਕ ਸਭਾ ਚੋਣਾਂ ਦਾ।”

“ਇਨ੍ਹਾਂ 'ਚ ਐਗਜ਼ਿਟ ਪੋਲ ਦੇ ਅੰਕੜੇ ਗ਼ਲਤ ਸਾਬਿਤ ਹੋਏ। ਐਗਜ਼ਿਟ ਪੋਲ 'ਚ ਕਿਹਾ ਜਾ ਰਿਹਾ ਸੀ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੇਗੀ ਅਤੇ ਐਨਡੀਏ ਵੱਡਾ ਗਠਜੋੜ ਬਣ ਕੇ ਉਭਰੇਗਾ ਪਰ ਨਤੀਜਿਆਂ ਦੌਰਾਨ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਸਨ।”

“ਕਾਂਗਰਸ ਦੀਆਂ ਸੀਟਾਂ ਜ਼ਿਆਦਾ ਆਈਆਂ ਅਤੇ ਯੂਪੀਏ ਸਭ ਤੋਂ ਵੱਡਾ ਗਠਜੋੜ ਸਾਬਿਤ ਹੋਇਆ।"

“2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਵੀ ਗ਼ਲਤ ਸਾਬਿਤ ਹੋਏ ਸਨ।”

"ਤੁਸੀਂ ਦੇਖੋਗੇ ਕਿ ਜ਼ਿਆਦਾਤਰ ਉੱਥੇ ਹੀ ਐਗਜ਼ਿਟ ਪੋਲ ਫੇਲ੍ਹ ਹੋਏ ਹਨ ਜਿਨ੍ਹਾਂ ਵਿਚੋਂ ਭਾਜਪਾ ਦੀ ਜਿੱਤ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਐਗਜ਼ਿਟ ਪੋਲ 'ਚ ਅਸੀਂ ਪੋਲਿੰਗ ਬੂਥ ਤੋਂ ਨਿਕਲ ਕੇ ਬਾਹਰ ਆਏ ਵੋਟਰਾਂ ਨਾਲ ਗੱਲ ਕਰਦੇ ਹਾਂ।"

"ਤੁਸੀਂ ਦੇਖੋਗੇ ਕਿ ਭਾਜਪਾ ਦੇ ਵੋਟਰ ਵਧੇਰੇ ਸ਼ਹਿਰੀ, ਉੱਚ ਤਬਕੇ ਦੇ, ਪੜ੍ਹੇ-ਲਿਖੇ ਨੌਜਵਾਨ ਵੋਟਰ ਖ਼ੁਦ ਆ ਕੇ ਆਪਣੀ ਗੱਲ ਰੱਖਦੇ ਹਨ।"

"ਉੱਥੇ ਹੀ ਗਰੀਬ, ਅਨਪੜ੍ਹ ਅਤੇ ਘੱਟ ਆਤਮ ਵਿਸ਼ਵਾਸ ਵਾਲਾ ਮਤਦਾਤਾ ਚੁੱਪਚਾਪ ਵੋਟ ਦੇ ਕੇ ਚਲਾ ਜਾਂਦਾ ਹੈ। ਅਜਿਹੇ ਵਿੱਚ ਉਸ ਦੇ ਸਰਵੇ ਵਾਲਿਆਂ ਤੱਕ ਖ਼ੁਦ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। ਸਰਵੇ ਕਰਨ ਵਾਲੇ ਨੂੰ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਉਹ ਹਰੇਕ ਤਬਕੇ ਦੇ ਵੋਟਰ ਨਾਲ ਗੱਲ ਕਰੇ।"

ਮਤਦਾਨ ਨੂੰ ਗੁਪਤਦਾਨ ਵੀ ਕਿਹਾ ਜਾਂਦਾ ਹੈ ਅਜਿਹੇ ਵਿੱਚ ਵੋਟਰਾਂ ਕੋਲੋ ਇਹ ਪਤਾ ਕਰਨਾ ਕਿ ਕਿਸ ਨੂੰ ਵੋਟ ਦਿੱਤੀ ਹੈ ਇੱਕ ਚੁਣੌਤੀ ਵੀ ਹੋ ਸਕਦਾ ਹੈ, ਕਈ ਵਾਰ ਉਹ ਸੱਚ ਦੱਸ ਦਿੰਦੇ ਹਨ ਤਾਂ ਕਈ ਵਾਰ ਉਨ੍ਹਾਂ 'ਤੇ ਸ਼ੱਕ ਹੁੰਦਾ ਹੈ।

ਪਰ ਸੰਜੇ ਦਾ ਇਸ ਨਾਲ ਇਤੇਫਾਕ ਨਹੀਂ ਰੱਖਦੇ, ਉਹ ਕਹਿੰਦੇ ਹਨ, "ਹੋ ਸਕਦਾ ਹੈ ਕਿ ਕੋਈ ਵੋਟਰ ਝੂਠ ਬੋਲ ਦੇਣ, ਮਜ਼ਾਕ ਕਰ ਦੇਣ ਪਰ ਮੈਂ ਨਹੀਂ ਮੰਨਦਾ ਕਿ ਕਿਸੇ ਨੂੰ ਜੇਕਰ ਜਾ ਕੇ ਪੁੱਛਿਆ ਜਾਵੇ ਤਾਂ ਉਸ ਨੂੰ ਝੂਠ ਬੋਲਣ ਵਿੱਚ ਆਨੰਦ ਮਿਲੇ।”

“ ਵੋਟਰ ਸੱਚ ਬੋਲੇ ਜਾਂ ਝੂਠ ਇਸ ਦਾ ਫ਼ੈਸਲਾ ਤਾਂ ਨਤੀਜਿਆਂ ਵਾਲੇ ਦਿਨ ਸਾਫ ਹੋ ਜਾਂਦਾ ਹੈ। ਜੇਕਰ ਤੁਸੀਂ ਪਿਛਲੇ 10-15 ਸਾਲਾਂ ਦੇ ਐਗਜ਼ਿਟ ਪੋਲ ਨੂੰ ਦੇਖੀਏ ਤਾਂ ਕਰੀਬ-ਕਰੀਬ ਸਾਰੇ ਐਗਜ਼ਿਟ ਪੋਲਜ਼ ਦੇ ਨਤੀਜੇ ਅੱਗੇ-ਪਿੱਛੇ ਹੀ ਆਏ ਹਨ।"

ਜਦੋਂ ਸਹੀ ਸਾਬਿਤ ਹੋਏ ਐਗਜ਼ਿਟ ਪੋਲ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਜਗੜ੍ਹ 'ਚ ਦਸੰਬਰ 2018 ਦੀਆਂ ਚੋਣ ਦੇ ਨਤੀਜੇ ਆਏ ਤਾਂ ਤਿੰਨਾ ਸੂਬਿਆਂ 'ਚ ਕਾਂਗਰਸ ਨੇ ਸਰਕਾਰ ਬਣਾਈ ਸੀ।

ਪਹਿਲਾਂ ਤਿੰਨ ਮੁੱਖ ਚੈਨਲਾਂ, 'ਇੰਡੀਆ ਟੂਡੇ ਆਜ ਤੱਕ', 'ਰਿਪਬਲੀਕਨ ਟੀਵੀ' ਅਤੇ 'ਏਬੀਪੀ' ਦੇ ਆਪਣੇ-ਆਪਣੇ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਮੱਧ ਪ੍ਰਦੇਸ਼ 'ਚ ਜਿੱਤਦੇ ਹੋਏ ਦਿਖਾਇਆ ਸੀ।

ਇਨ੍ਹਾਂ ਨਿਊਜ਼ ਚੈਨਲਾਂ ਨੇ ਲੜੀਵਾਰ, ਐਕਸਿਸ ਇੰਡੀਆ, ਸੀ-ਵੋਟਰ ਅਤੇ ਸੀਐਸਜੀਐਸ ਨਾਲ ਆਪਣੇ-ਆਪਣੇ ਸਰਵੇਖਣ ਕਰਵਾਏ ਸਨ।

ਛੱਤੀਸਗੜ੍ਹ ਦੇ ਐਗਜ਼ਿਟ ਪੋਲ ਦੇ ਅੰਦਾਜ਼ੇ ਉਲਝੇ ਹੋਏ ਦਿਖਾਈ ਦਿੱਤੇ। ਵਧੇਰੇ ਚੈਨਲਾਂ ਨੇ ਐਗਜ਼ਿਟ ਪੋਲ ਮੰਨ ਰਹੇ ਸਨ ਕਿ ਚੋਣਾਂ ਦੇ ਨਤੀਜੇ ਛੱਤੀਸਗੜ੍ਹ 'ਚ ਤ੍ਰਿਕੋਣੀ ਵਿਧਾਨ ਸਭਾ ਦੀ ਸਥਿਤੀ ਸਾਹਮਣੇ ਆਵੇਗੀ।

ਸਿਰਫ਼ ਏਬੀਪੀ ਨਿਊਜ਼ ਅਤੇ ਇੰਡੀਆਂ ਟੀਵੀ ਦੇ ਸਰਵੇਖਣ ਦੱਸ ਰਹੇ ਸਨ ਕਿ ਛੱਤੀਸਗੜ੍ਹ 'ਚ ਭਾਜਪਾ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਵੇਗੀ ਤੇ ਉਸ ਨੂੰ ਕੰਮ ਚਲਾਊ ਬਹੁਮਤ ਮਿਲ ਜਾਵੇਗਾ।

ਪਰ 'ਇੰਡੀਆ ਟੂਡੇ-ਆਜ ਤੱਕ' ਅਤੇ 'ਰਿਪਬਲਿਕ ਟੀਵੀ' ਵਰਗੇ ਚੈਨਲ ਛੱਤੀਸਗੜ੍ਹ 'ਚ ਵੀ ਕਾਂਗਰਸ ਦੇ ਆਉਣ ਦੀ ਭਵਿੱਖਬਾਣੀ ਕਰ ਰਹੇ ਸਨ।

ਗੁਜਰਾਤ ਚੋਣਾਂ ਦੇ ਐਗਜ਼ਿਟ ਪੋਲ

2017 ਗੁਜਰਾਤ ਵਿਧਾਨ ਸਭਾ ਚੋਣਾਂ 'ਚ ਵੀ ਨਤੀਜੇ ਐਗਜ਼ਿਟ ਪੋਲ ਦੇ ਰੁਝਾਨ ਵਰਗੇ ਹੀ ਸਨ। ਹਾਲਾਂਕਿ ਕਾਂਗਰਸ ਅਤੇ ਭਾਜਪਾ ਦੀਆਂ ਸੀਟਾਂ ਦਾ ਅੰਤਰ ਬੇਹੱਦ ਘੱਟ ਸੀ ਅਤੇ ਸੂਬੇ 'ਚ ਭਾਜਪਾ ਦੀ ਹੀ ਸਰਕਾਰ ਬਣੀ ਸੀ।

ਇੰਡੀਆ ਨਿਊਜ਼-ਸੀਐਨਐਕਸ ਦੇ ਐਗਜ਼ਿਟ ਪੋਲ 'ਚ ਗੁਜਰਾਤ 'ਚ ਭਾਜਪਾ ਨੂੰ 110 ਤੋਂ 120 ਅਤੇ ਕਾਂਗਰਸ ਨੂੰ 65-75 ਸੀਟਾਂ ਮਿਲਣ ਦਾ ਅੰਦਾਜ਼ਾ ਦੱਸਿਆ ਗਿਆ ਸੀ।

ਟਾਈਮਜ਼ ਨਾਊ-ਵੀਐਮਆਰ ਦੇ ਐਗਜ਼ਿਟ ਪੋਲ 'ਚ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 65 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ।

ਨਿਊਜ਼ 18-ਸੀਵੋਟਰ ਦੇ ਐਗਜ਼ਿਟ ਪੋਲ 'ਚ ਭਾਜਪਾ ਨੂੰ 108 ਅਤੇ ਕਾਂਗਰਸ ਨੂੰ 74 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਇੰਡੀਆ ਟੂਡੇ-ਮਾਏ ਐਕਸਿਸ ਨੇ ਭਾਜਪਾ ਨੂੰ 99 ਤੋਂ 113 ਅਤੇ ਕਾਂਗਰਸ ਨੂੰ 68 ਤੋਂ 82 ਸੀਟਾਂ ਦਾ ਅੰਦਾਜ਼ਾ ਦਿੱਤਾ ਸੀ।

ਨਿਊਜ਼ 24-ਚਾਣੱਕਿਆ ਨੇ ਭਾਜਪਾ ਨੂੰ 135 ਅਤੇ ਕਾਂਗਰਸ ਨੂੰ 47 ਸੀਟਾਂ ਦਾ ਅੰਦਾਜ਼ਾ ਜਤਾਇਆ ਸੀ।

ਸਾਲ 2016 'ਚ ਪੱਛਮੀ ਬੰਗਾਲ 'ਚ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਦੇ ਅਸਲ ਨਤੀਜੇ ਐਗਜ਼ਿਟ ਪੋਲ ਦੇ ਕਾਫੀ ਕਰੀਬ ਰਹੇ ਸਨ।

ਚਾਣੱਕਿਆ ਦੇ ਐਗਜ਼ਿਟ ਪੋਲ 'ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ 210 ਸੀਟਾਂ ਮਿਲਣ 'ਤੇ ਜਿੱਤ ਦੇ ਅੰਦਾਜ਼ੇ ਲਗਾਏ ਸਨ। ਉੱਥੇ ਇੰਡੀਆ ਟੂਡੇ-ਐਕਸਿਸ ਨੇ ਇਹ ਗਿਣਤੀ 243 ਦੱਸੀ ਸੀ।

ਇਹ ਸਾਰੇ ਅੰਦਾਜ਼ੇ ਸਰਕਾਰ ਬਣਾਉਣ ਦੇ ਜਾਦੂਮਈ ਅੰਕੜਿਆਂ ਤੋਂ ਵੱਧ ਸਨ ਅਤੇ ਲਗਪਗ ਇਹ ਵੀ ਸਾਬਿਤ ਹੋਏ। ਮਮਤਾ ਬੈਨਰਜੀ ਦੀ ਪਾਰਟੀ ਨੇ 211 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।

ਹਾਲਾਂਕਿ ਸਾਰੇ ਅੰਦਾਜ਼ੇ ਦੂਜੇ ਨੰਬਰ 'ਤੇ ਰਹੀ ਪਾਰਟੀ ਦੇ ਮਾਮਲੇ 'ਚ ਗ਼ਲਤ ਸਾਬਿਤ ਹੋਏ। ਐਗਜ਼ਿਟ ਪੋਲਜ਼ ਇਹ ਸਟੀਕ ਅੰਦਾਜ਼ਾ ਨਹੀਂ ਲਗਾ ਸਕੇ ਕਿ ਦੂਜੇ ਨੰਬਰ ਦੀ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ।

ਇੰਡੀਆ ਟੂਡੇ-ਐਕਸਿਸ ਨੂੰ ਛੱਡ ਕੇ ਸਾਰੇ ਐਗਜ਼ਿਟ ਪੋਲ ਲੈਫਟ ਅਤੇ ਕਾਂਗਰਸ ਨੂੰ 100 ਤੋਂ ਵੱਧ ਸੀਟ ਦੇ ਰਹੇ ਸਨ ਪਰ ਅਸਲ ਨਤੀਜਿਆਂ 'ਚ ਲੈਫਟ ਅਤੇ ਕਾਂਗਰਸ ਨੂੰ ਮਹਿਜ਼ 44 ਸੀਟਾਂ ਮਿਲੀਆਂ ਸਨ।

ਸਾਲ 2017 'ਚ ਉੱਤਰ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਪਗ ਸਾਰੇ ਐਗਜ਼ਿਟ ਪੋਲ 'ਚ ਭਾਜਪਾ ਦੀ ਜਿੱਤ ਦੇ ਮਜ਼ਬੂਤ ਅੰਦਾਜ਼ੇ ਲਗਾਏ ਗਏ ਸਨ ਅਤੇ ਨਤੀਜੇ ਵੀ ਅਜਿਹੇ ਹੀ ਰਹੇ ਸਨ।

ਵੱਡੀ ਪਾਰਟੀ ਕੋਈ ਅਤੇ ਸਰਕਾਰ ਕਿਸੇ ਹੋਰ ਦੀ

ਕਰਨਾਟਕ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅਸਲ ਨਤੀਜਿਆਂ ਦੇ ਕੁਝ ਮਹੀਨੇ ਪਹਿਲਾਂ ਕਈ ਸਿਆਸੀ ਵਿਗਿਆਨੀਆਂ ਨੇ ਤਰਕ ਦਿੱਤਾ ਸੀ ਕਿ ਭਵਿੱਖਬਾਣੀ ਦੇ ਹਿਸਾਬ ਨਾਲ ਇਹ ਚੋਣਾਂ ਸਭ ਤੋਂ ਔਖੀਆਂ ਸਨ।

ਏਬੀਪੀ-ਸੀ ਵੋਟਰ ਨੇ 110 ਸੀਟਾਂ 'ਤੇ ਭਾਜਪਾ ਦੀ ਜਿੱਤ ਦੇ ਅੰਦਾਜ਼ੇ ਲਗਾਏ ਸਨ। ਉੱਥੇ 88 ਸੀਟਾਂ 'ਤੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ।

ਦੂਜੇ ਪਾਸੇ ਇੰਡੀਆ-ਟੂਡੇ ਐਕਸਿਸ ਦੇ ਐਗਜ਼ਿਟ ਪੋਲ 'ਚ ਭਾਜਪਾ ਨੂੰ 85 ਅਤੇ ਕਾਂਗਰਸ ਨੂੰ 111 ਸੀਟਾਂ ਦੇ ਨਾਲ ਜਿੱਤ ਦੇ ਅੰਦਾਜ਼ੇ ਲਗਾਏ ਗਏ ਸਨ।

ਹਾਲਾਂਕਿ ਚੋਣਾਂ ਦੇ ਅਸਲ ਨਤੀਜੇ ਵੱਖ ਰਹੇ। ਇਸ ਵਿੱਚ ਭਾਜਪਾ ਨੂੰ ਆਸ ਤੋਂ ਵੱਧ ਸਫ਼ਲਤਾ ਮਿਲੀ ਸੀ।

ਭਾਜਪਾ 100 ਤੋਂ ਵੱਧ ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਉਣ 'ਚ ਸਫ਼ਲ ਰਹੀ ਸੀ, ਹਾਲਾਂਕਿ ਉਹ ਸਰਕਾਰ ਨਹੀਂ ਬਣਾ ਸਕੀ।

ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਹੋਰ ਦਲਾਂ ਨਾਲ ਮਿਲ ਕੇ ਸਰਕਾਰ ਬਣਾਉਣ 'ਚ ਸਫ਼ਲ ਰਹੀ ਸੀ।

ਹਰੇਕ ਚੋਣ ਨਤੀਜੇ ਦਾ ਸਟੀਕ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਸੰਜੇ ਕੁਮਾਰ ਮੰਨਦੇ ਹਨ ਕਿ ਕਦੇ-ਕਦੇ ਐਗਜ਼ਿਟ ਪੋਲ ਗ਼ਲਤ ਹੁੰਦੇ ਹਨ।

ਪਰ ਉਨ੍ਹਾਂ ਨੂੰ ਇੰਝ ਸਮਝਣਾ ਚਾਹੀਦਾ ਹੈ ਕਿ ਜੇਕਰ ਨਤੀਜਿਆਂ 'ਚ ਐਗਜ਼ਿਟ ਪੋਲ ਦੀਆਂ ਸੀਟਾਂ ਸਟੀਕ ਨਹੀਂ ਆਈਆਂ ਪਰ ਰੁਝਾਨ ਉਸੇ ਵੱਲ ਆਇਆ ਤਾਂ ਉਸ ਨੂੰ ਗ਼ਲਤ ਨਹੀਂ ਕਹਿਣਾ ਚਾਹੀਦਾ ਬਲਕਿ ਉਹ ਵੀ ਸਹੀ ਐਗਜ਼ਿਟ ਪੋਲ ਹੀ ਹੁੰਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)