ਮੋਦੀ ਦੇ ‘ਹਵਾਈ’ ਬਿਆਨ ’ਤੇ ਸਵਾਲ: ਕੀ ਜਹਾਜ਼ ਬੱਦਲਾਂ ’ਚ ਲੁਕ ਕੇ ਰਡਾਰ ਤੋਂ ਬਚ ਸਕਦੇ ਹਨ? ਮਾਹਿਰਾਂ ਤੋਂ ਜਾਣੋ

    • ਲੇਖਕ, ਅਭਿਮਨਿਊ ਕੁਮਾਰ ਸਾਹਾ
    • ਰੋਲ, ਬੀਬੀਸੀ ਪੱਤਰਕਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਫਰਵਰੀ ’ਚ ਕੀਤੇ ਹਵਾਈ ਹਮਲੇ ਬਾਰੇ ਅਜਿਹਾ ਬਿਆਨ ਦਿੱਤਾ ਹੈ ਜਿਸ ਨੇ ਆਮ ਲੋਕਾਂ ਨੂੰ ਤਾਂ ਅਸਮੰਜਸ ਵਿੱਚ ਪਾ ਹੀ ਦਿੱਤਾ ਹੈ ਸਗੋਂ ਵਿਗਿਆਨ ਲਈ ਵੀ ਸਵਾਲ ਪੈਦਾ ਕਰ ਦਿੱਤਾ ਹੈ।

ਪ੍ਰਸੰਗ: ਬਾਲਾਕੋਟ ਹਮਲਾ

ਪੱਤਰਕਾਰ (ਇੰਟਰਵਿਊ ਵਿੱਚ): ਜਦੋਂ ਜਵਾਨ ਹਮਲਾ ਕਰ ਰਹੇ ਸਨ ਤਾਂ ਕੀ ਤੁਸੀਂ ਸੌਂ ਸਕੇ ਸੀ?

ਮੋਦੀ: ਮੈਂ ਦਿਨ ਭਰ ਰੁੱਝਿਆ ਹੋਇਆ ਸੀ। ਰਾਤੀ 9 ਵਜੇ (ਹਵਾਈ ਹਮਲਿਆਂ ਦੀਆਂ ਤਿਆਰੀਆਂ ਦਾ) ਰਿਵਿਊ ਕੀਤਾ, ਫਿਰ 12 ਵਜੇ ਕੀਤਾ। ਸਾਡੇ ਸਾਹਮਣੇ ਸਮੱਸਿਆ ਸੀ — ਉਸ ਸਮੇਂ ਮੌਸਮ ਅਚਾਨਕ ਖ਼ਰਾਬ ਹੋ ਗਿਆ, ਬਹੁਤ ਮੀਂਹ ਪਿਆ ਸੀ। ਮਾਹਰ (ਹਮਲੇ ਦੀ) ਤਰੀਕ ਬਦਲਣੀ ਚਾਹੁੰਦੇ ਸਨ ਪਰ ਮੈਂ ਕਿਹਾ ਕਿ ਇੰਨੇ ਬੱਦਲ ਹਨ, ਮੀਂਹ ਪੈ ਰਿਹਾ ਹੈ ਤਾਂ ਇੱਕ ਫ਼ਾਇਦਾ ਹੋ ਸਕਦਾ ਹੈ, ਕਿ ਅਸੀਂ (ਪਾਕਿਸਤਾਨੀ) ਰਡਾਰ ਤੋਂ ਬਚ ਸਕਦੇ ਹਾਂ, ਸਾਰੇ ਸ਼ਸ਼ੋਪੰਜ ਵਿੱਚ ਸਨ, ਕੀ ਕਰੀਏ। ਫਿਰ ਮੈਂ ਕਿਹਾ ‘ਬੱਦਲ ਹਨ, ਜਾਓ... ਅਤੇ ਤੁਰ ਪਏ...’

ਬਿਆਨ ਵਿੱਚ ਨਵਾਂ ਦਾਅਵਾ ਹੈ। ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਦੇ ਨੁਕਤੇ ਦੱਸਣ ਵਾਲੇ ਪ੍ਰਧਾਨ ਮੰਤਰੀ ਨੇ ਭੌਤਿਕ ਵਿਗਿਆਨ ਦੇ ਵਿਦਿਆਰਥੀਆਂ ਨੂੰ ਘੁੰਮਣ-ਘੇਰੀਆਂ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ:

ਰਡਾਰ ਬੱਦਲਾਂ ਵਿੱਚ ਕੰਮ ਕਰਦਾ ਹੈ ਜਾਂ ਨਹੀਂ?

ਵਿਗਿਆਨ ਵਿੱਚ ਹੁਣ ਤੱਕ ਵਿਦਿਆਰਥੀਆਂ ਨੂੰ ਇਹ ਪੜ੍ਹਾਇਆ ਜਾਂਦਾ ਰਿਹਾ ਹੈ ਕਿ ਰਡਾਰ ਕਿਸੇ ਵੀ ਮੌਸਮ ਵਿੱਚ ਕੰਮ ਕਰ ਸਕਦੇ ਹ।

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਬਾਲਾਕੋਟ ਹਮਲੇ ਦੌਰਾਨ ਬੱਦਲਾਂ ਦਾ ਭਾਰਤੀ ਹਵਾਈ ਫੌਜ ਨੂੰ ਤਕਨੀਕੀ ਲਾਭ ਮਿਲਿਆ। ਸੋਸ਼ਲ ਮੀਡੀਆ ਉੱਪਰ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਵਿਗਿਆਨਕ ਮਾਮਲਿਆਂ ਦੇ ਜਾਣਕਾਰ ਪੱਲਵ ਬਾਗਲਾ ਵੀ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਗਲਤ ਦੱਸ ਰਹੇ ਹਨ। "ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਰਡਾਰ ਨੂੰ ਬੱਦਲਾਂ ਨਾਲ ਫਰਕ ਨਹੀਂ ਪੈਂਦਾ। ਇਸ ਦੀਆਂ ਸੂਖਮ ਤਰੰਗਾਂ ਬੱਦਲਾਂ ਨੂੰ ਵਿੰਨ੍ਹ ਕੇ ਜਾਂਦੀਆਂ ਹਨ ਤੇ ਜਹਾਜ਼ਾਂ ਦੀ ਟੋਹ ਲਾਉਂਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਤਕਨੀਕੀ ਪੱਖੋਂ ਬਿਲਕੁਲ ਗਲਤ ਹੈ।”

ਰਡਾਰ ਹੁੰਦਾ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

ਰਡਾਰ ਦਾ ਪੂਰਾ ਨਾਮ ਹੈ ਰੋਡੀਓ ਡਿਟੈਕਸ਼ਨ ਐਂਡ ਰੇਂਜਿੰਗ। ਐੱਨਆਈਟੀ ਪਟਨਾ ਦੇ ਇੱਕ ਪ੍ਰੋਫੈਸਰ ਮੁਤਾਬਕ ਰਡਾਰ ਦੀ ਵਰਤੋਂ ਜਹਾਜ਼, ਜਹਾਜਰਾਨੀ, ਮੋਟਰਗੱਡੀਆਂ ਦੀ ਦੂਰੀ, ਉਚਾਈ, ਦਿਸ਼ਾ ਅਤੇ ਗਤੀ ਦਾ ਪਤਾ ਕਰਨ ਲਈ ਕੀਤੀ ਜਾਂਦੀ ਹੈ।

ਇਸ ਦੀ ਮਦਦ ਨਾਲ ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਦਾ ਵੀ ਪਤਾ ਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ:

ਇਹ ਬਿਜਲਈ ਤਰੰਗਾ ਦੇ ਪਰਿਵਰਤਨ ਦੇ ਸਿਧਾਂਤ ’ਤੇ ਕੰਮ ਕਰਦਾ ਹੈ। ਇਸ ਵਿੱਚ ਦੋ ਇਕਾਈਆਂ ਹੁੰਦੀਆਂ ਹਨ — ਤਰੰਗਾਂ ਭੇਜਣ ਵਾਲੀ ਅਤੇ ਤਰੰਗਾਂ ਫੜਨ ਵਾਲੀ।

ਵੱਡੇ ਸ਼ਹਿਰਾਂ ਦੀਆਂ ਸੜਕਾਂ ਉੱਪਰ ਵੀ ‘ਰਡਾਰ ਗਨ’ ਲਾਈਆਂ ਗਈਆਂ ਹਨ ਜੋ ਤੇਜ਼ ਜਾ ਰਹੀਆਂ ਗੱਡੀਆਂ ਨੂੰ ਫੜਦੀਆਂ ਹਨ।

ਭਾਰਤ ਦਾ ਵਿਗਿਆਨਕ ਭਾਈਚਾਰਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਦੇਸ਼ ਦੇ ਹੋਣਹਾਰ ਵਿਗਿਆਨੀਆਂ ਦੀ ਬੇਇੱਜ਼ਤੀ ਮੰਨ ਰਿਹਾ ਹੈ।

ਭਾਰਤ ਕੋਲ ਰਡਾਰ ਤੋਂ ਬਚਣ ਵਾਲੇ ਜਹਾਜ਼ ਹਨ?

ਭਾਰਤ ਨੇ ਬਾਲਾਕੋਟ ਹਮਲੇ ਵਿੱਚ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜਿਨ੍ਹਾਂ ਦੀ ਮਦਦ ਨਾਲ ਦੂਰੋਂ ਹੀ ਨਿਸ਼ਾਨਾ ਲਾਇਆ ਜਾ ਸਕਦਾ ਹੈ, ਭਾਵੇਂ ਬੱਦਲ ਵੀ ਕਿਉਂ ਨਾ ਹੋਣ। ਹਮਲੇ ਵਿੱਚ ਵਰਤੇ ਗਏ ਮਿਰਾਜ ਜਹਾਜ਼ ਇਸ ਪ੍ਰਣਾਲੀ ਨਾਲ ਲੈਸ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਭਾਰਤੀ ਜਹਾਜ਼ਾਂ ਨੂੰ ਬੱਦਲਾਂ ਨਾਲ ਫਰਕ ਨਹੀਂ ਪੈਂਦਾ ਪਰ, ਕੀ ਭਾਰਤ ਕੋਲ ਅਜਿਹੇ ਲੜਾਕੂ ਜਹਾਜ਼ ਹਨ ਜੋ ਰਡਾਰ ਤੋਂ ਲੁੱਕ ਸਕਣ? ਕੀ ਨਵੀਂ ਆਰਡਰ ਕੀਤੇ ਗਏ ਰਫ਼ਾਲ ਵਿੱਚ ਇਹ ਤਕਨੀਕ ਹੈ?

ਇਹ ਵੀ ਪੜ੍ਹੋ

ਇਸ ਬਾਰੇ ਪੱਲਵ ਬਾਗਲਾ ਕਹਿੰਦੇ ਹਨ ਕਿ ਰਡਾਰ ਤੋਂ ਬਚਣ ਲਈ ‘ਸਟੈਲਥ ਤਕਨੀਕ’ ਵਰਤੀ ਜਾਂਦੀ ਜਾਂ ਫਿਰ ਘੱਟ ਉਚਾਈ 'ਤੇ ਉਡਾਣ ਭਰੀ ਜਾਂਦੀ ਹੈ। "ਮਿਰਾਜ ਵਿੱਚ ਸਟੈਲਥ ਤਕਨੀਕ ਨਹੀਂ ਹੈ ਅਤੇ ਸਿਰਫ਼ ਇਸੇ ਤਕਨੀਕ ਨਾਲ ਤੁਸੀਂ ਰਡਾਰ ਤੋਂ ਬਚ ਸਕਦੇ ਹੋ।"

ਉਹ ਦੱਸਦੇ ਹਨ ਕਿ ਸਟੈਲਥ ਤਕਨੀਕ ਵਾਲੇ ਜਹਾਜ਼ ਰੂਸ ਅਤੇ ਅਮਰੀਕਾ ਕੋਲ ਹਨ। ਭਾਰਤ ਜਿਹੜੇ ਰਫ਼ਾਲ ਜਹਾਜ਼ ਖ਼ਰੀਦ ਰਿਹਾ ਹੈ, ਉਨ੍ਹਾਂ ਵਿੱਚ ਵੀ ਇਹ ਤਕਨੀਕ ਨਹੀਂ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)