ਚੀਫ ਜਸਟਿਸ ਰੰਜਨ ਗੋਗੋਈ ’ਤੇ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ

ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਰੰਜਨ ਗੋਗੋਈ 'ਤੇ ਉਨ੍ਹਾਂ ਦੀ ਸਾਬਕਾ ਜੂਨੀਅਰ ਅਸਿਸਟੈਂਟ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਕੁਝ ਨਿਊਜ਼ ਵੈਬਸਾਈਟਜ਼ ਵਿੱਚ ਪ੍ਰਕਾਸ਼ਿਤ ਇਸ ਖ਼ਬਰ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜੱਜਾਂ ਜੀ ਬੈਂਚ ਬੈਠੀ।

ਸੁਪੀਰਮ ਕੋਰਟ ਤੋਂ ਰਿਪੋਰਟਿੰਗ ਕਰਨ ਵਾਲੇ ਸੀਨੀਅਰ ਪੱਤਰਕਾਰ ਸੁਚਿਤਰ ਮੋਹੰਤੀ ਅਨੁਸਾਰ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਿੱਚ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਸੰਜੀਵ ਖੰਨਾ ਦੀ ਤਿੰਨ ਜੱਜਾ ਦੀ ਬੈਂਚ ਨੇ ਛੁੱਟੀ ਵਾਲੇ ਦਿਨ ਮਾਮਲੇ 'ਤੇ ਗ਼ੌਰ ਕੀਤਾ।

ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਚੀਫ਼ ਜਸਟਿਸ ਨੇ ਕਿਹਾ, "ਆਜ਼ਾਦ ਨਿਆਂਪਾਲਿਕਾ ਇਸ ਵੇਲੇ ਬੇਹੱਦ ਖ਼ਤਰੇ ਵਿੱਚ ਹੈ। ਇਹ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੀ ਇੱਕ 'ਵੱਡੀ ਸਾਜ਼ਿਸ਼' ਹੈ।"

ਇਹ ਵੀ ਪੜ੍ਹੋ:

ਚੀਫ ਜਸਟਿਸ ਦਾ ਕਹਿਣਾ ਹੈ ਕਿ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਪਿੱਛੇ ਕੁਝ ਵੱਡੀਆਂ ਤਾਕਤਾਂ ਹਨ।

ਉਹ ਕਹਿੰਦੇ ਹਨ ਕਿ ਜੇ ਜੱਜਾਂ ਨੂੰ ਇਸ ਤਰੀਕੇ ਦੇ ਹਾਲਾਤ ਵਿੱਚ ਕੰਮ ਕਰਨਾ ਪਿਆ ਤਾਂ ਚੰਗੇ ਲੋਕ ਕਦੇ ਅਦਾਲਤ ਵਿੱਚ ਨਹੀਂ ਆਉਣਗੇ।

ਚੀਫ ਜਸਟਿਸ ਨੇ ਚਾਰ ਵੈਬਸਾਈਟਾਂ ਦਾ ਨਾਂ ਲਿਆ - ਸਕਰੌਲ, ਲੀਫਲੇਟ, ਵਾਇਰ ਅਤੇ ਕਾਰਵਾਂ - ਜਿਨ੍ਹਾਂ ਨੇ ਅਪਾਧਿਕ ਪਿਛੋਕੜ ਵਾਲੀ ਇਸ ਮਹਿਲਾ ਵੱਲੋਂ ਸਾਬਿਤ ਨਾ ਹੋਏ ਇਲਜ਼ਾਮਾਂ ਨੂੰ ਪ੍ਰਕਾਸ਼ਿਤ ਕੀਤਾ ਤੇ ਕਿਹਾ ਕਿ ਇਨ੍ਹਾਂ ਦੇ ਤਾਰ ਆਪਸ ਵਿੱਚ ਜੁੜੇ ਹਨ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਚੀਫ ਜਸਟਿਸ ਰੰਜਨ ਗੋਗੋਈ ਖਿਲ਼ਾਫ਼ ਲਗਾਏ ਗਏ ਇਲਜ਼ਾਮ ਜੋ ਵੈਰੀਫਾਈ ਨਹੀਂ ਹਨ, ਉਨ੍ਹਾਂ ਬਾਰੇ ਰਿਪੋਰਟਿੰਗ ਕਰਨ ਵੇਲੇ ਸੰਜਮ ਅਤੇ ਸਮਝਦਾਰੀ ਵਰਤਨ ਨੂੰ ਕਿਹਾ ਹੈ।

ਸਰਬਉੱਚ ਅਦਾਲਤ ਵਿੱਚ ਸੌਲਿਸਟਰ ਜਨਰਲ ਤੁਸ਼ਾਰ ਮੇਹਤਾ ਨੇ ਸ਼ਨੀਵਾਰ ਨੂੰ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਇੱਕ 'ਗੰਭੀਰ ਅਤੇ ਬੇਹੱਦ ਜ਼ਰੂਰੀ ਜਨਤਕ ਮਹੱਤਵ ਦਾ ਮਾਮਲਾ' ਹੈ ਇਸ ਲਈ ਇਸ ਨੂੰ ਸੁਣਿਆ ਜਾਣਾ ਚਾਹੀਦਾ ਹੈ।

ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਹੁਕਮ ਪਾਰਿਤ ਨਹੀਂ ਕੀਤਾ ਅਤੇ ਮੀਡੀਆ ਨੂੰ ਨਿਆਂਪਾਲਿਕਾ ਦੀ ਸੁਤੰਤਰਤਾ ਦੀ ਰੱਖਿਆ ਲਈ ਸੰਜਮ ਵਰਤਨ ਲਈ ਕਿਹਾ ਹੈ। ਚੀਫ ਜਸਟਿਸ ਨੇ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹਨ।

ਚੀਫ ਜਸਟਿਸ ਨੇ ਕਿਹਾ ਕਿ ਜਿਸ ਮਹਿਲਾ ਨੇ ਕਥਿਤ ਤੌਰ 'ਤੇ ਜੋ ਇਲਜ਼ਾਮ ਉਨ੍ਹਾਂ 'ਤੇ ਲਗਾਏ ਹਨ ਉਹ ਅਪਰਾਧਿਕ ਰਿਕਾਰਡ ਕਾਰਨ ਚਾਰ ਦਿਨਾਂ ਤੱਕ ਜੇਲ੍ਹ ਵਿੱਚ ਵੀ ਰਹੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਚੰਗਾ ਵਤੀਰਾ ਰੱਖਣ ਲਈ ਪੁਲਿਸ ਤੋਂ ਵੀ ਹਦਾਇਤ ਦਿੱਤੀ ਗਈ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)