ਛੱਤੀਸਗੜ੍ਹ ਦੇ ਦੰਤੇਵਾੜਾ ਵਿੱਚ ਭਾਜਪਾ ਵਿਧਾਇਕ ਦੇ ਕਾਫਿਲੇ 'ਤੇ ਨਕਸਲੀ ਹਮਲਾ, ਵਿਧਾਇਕ ਸਣੇ 5 ਦੀ ਮੌਤ

ਛੱਤੀਸਗੜ੍ਹ ਦੇ ਜ਼ਿਲ੍ਹੇ ਦੰਤੇਵਾੜਾ ਵਿੱਚ ਭਾਜਪਾ ਦੇ ਇੱਕ ਵਿਧਾਇਕ ਦੇ ਕਾਫਿਲੇ 'ਤੇ ਹੋਏ ਨਕਸਲੀ ਹਮਲੇ ਵਿੱਚ ਸਮੇਤ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ।

ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਨਕਸਲੀਆਂ ਨੇ ਵਿਧਾਇਕ ਭੀਮਾ ਮੰਡਾਵੀ ਦੇ ਕਾਫਿਲੇ 'ਤੇ ਹਮਲਾ ਕੀਤਾ ਅਤੇ ਇੱਕ ਗੱਡੀ ਨੂੰ ਧਮਾਕੇ ਵਿੱਚ ਉਡਾ ਦਿੱਤਾ।

ਹਮਲਾ ਸ਼ਿਆਮਗਿਰੀ ਪਹਾੜੀਆਂ ਵਿੱਚ ਦੰਤੇਵਾੜਾ-ਸੁਕਮਾ ਰੋਡ ਤੇ ਨਕੁਲਨਾਰ ਨਾਂ ਦੀ ਥਾਂ 'ਤੇ ਹੋਇਆ।

ਦੰਤੇਵਾੜਾ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਨੇ ਦੱਸਿਆ ਕਿ ਧਮਾਕੇ ਵਿੱਚ ਬੁਲੇਟਪਰੂਫ ਗੱਡੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ:

ਐਨਟੀ ਨਕਸਲ ਆਪਰੇਸ਼ੰਜ਼ ਦੇ ਡੀਆਈਜੀ ਪੀ ਸੁੰਦਰ ਰਾਜ ਨੇ ਦੱਸਿਆ ਕਿ ਹਮਲੇ ਵਿੱਚ ਦੰਤੇਵਾੜਾ ਦੇ ਵਧਾਇਕ ਭੀਮਾ ਮੰਡਾਵੀ, ਉਨ੍ਹਾਂ ਦੇ ਡਰਾਈਵਰ ਅਤੇ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ।

''ਐਮਐਲਏ ਦੀ ਗੱਡੀ ਆਈਈਡੀ ਦੀ ਚਪੇਟ ਵਿੱਚ ਆ ਗਈ, ਹਾਲੇ ਤੱਕ ਗੋਲੀਬਾਰੀ ਦੀ ਕੋਈ ਜਾਣਕਾਰੀ ਨਹੀਂ ਹੈ।''

ਦੰਤੇਵਾੜਾ ਵਿੱਚ 11 ਅਪ੍ਰੈਲ ਨੂੰ ਪਹਿਲੇ ਫੇਜ਼ ਦੀਆਂ ਚੋਣਾਂ ਹੋਣੀਆਂ ਹਨ। ਹਮਲਾ ਚੋਣ ਪ੍ਰਚਾਰ ਦੇ ਆਖਰੀ ਦਿਨ 'ਤੇ ਹੋਇਆ।

ਕਿਵੇਂ ਵਾਪਰੀ ਘਟਨਾ?

ਦੰਤੇਵਾੜਾ ਦੇ ਐਸਪੀ ਅਭਿਸ਼ੇਕ ਪੱਲਵ ਨੇ ਦੱਸਿਆ, "ਕੈਂਪੇਨ ਤਿੰਨ ਵਜੇ ਤੱਕ ਸੀ। ਵਿਧਾਇਕ ਨੂੰ 50 ਲੋਕਾਂ ਦੀ ਲੋਕਲ ਸੁਰੱਖਿਆ ਫੋਰਸ ਦਿੱਤੀ ਗਈ ਸੀ। ਤਿੰਨ ਵਜੇ ਉਹ ਬਚੇਲੀ ਵਿੱਚ ਸੀ ਜਿੱਥੇ ਐਸਐਚਓ ਦੇ ਮਨਾ ਕਰਨ ਤੋਂ ਬਾਅਦ ਵੀ ਉਹ ਅੱਗੇ ਨਿਕਲ ਗਏ।"

"ਕੁਆਕੋਂਡਾ ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਬਲਾਸਟ ਹੋਇਆ ਜਿਸ ਵਿੱਚ ਵਿਧਾਇਕ ਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।"

ਐਸਪੀ ਨੇ ਕਿਹਾ, "ਅਸੀਂ ਸਾਰਿਆਂ ਨੂੰ ਕਿਹਾ ਸੀ ਕਿ ਤਿੰਨ ਵਜੇ ਤੋਂ ਬਾਅਦ ਕੈਂਪੇਨ ਬੰਦ ਹੋ ਰਿਹਾ ਹੈ ਤੇ ਤਿੰਨ ਵਜੇ ਤੋਂ ਬਾਅਦ ਸਿਰਫ ਘਰ-ਘਰ ਜਾਕੇ ਹੀ ਸ਼ਹਿਰੀ ਇਲਾਕਿਆਂ ਵਿੱਚ ਕੈਂਪੇਨ ਕੀਤਾ ਜਾਏ ਅਤੇ ਨਾ ਕਿ ਅੰਦਰਲੇ ਇਲਾਕਿਆਂ ਵਿੱਚ।"

"ਉਨ੍ਹਾਂ ਦਾ ਇਲਾਕਾ ਵੇਖਿਆ ਹੋਇਆ ਸੀ, ਇਸ ਲਈ ਗੱਲ ਨਹੀਂ ਮੰਨੀ। ਵਿਚਕਾਰ ਇੱਕ ਮੇਲੇ ਵਿੱਚ ਵੀ ਰੁਕੇ ਜਿਸ ਨਾਲ ਲੋਕੇਸ਼ਨ ਵੀ ਆਊਟ ਹੋ ਗਿਆ।"

ਐਸਪੀ ਨੇ ਇਹ ਵੀ ਦੱਸਿਆ ਕਿ ਆਈਈਡੀ ਸੜਕ ਦੇ ਵਿਚਾਲੇ ਹੀ ਲੱਗਿਆ ਸੀ ਜਿਸ ਨਾਲ ਬੁਲੇਟਪਰੂਫ ਗੱਡੀ ਦੇ ਪਰਖੱਚੇ ਉੱਡ ਗਏ ਤੇ ਮੌਕੇ 'ਤੇ ਹੀ ਸਾਰੇ ਲੋਕਾਂ ਦੀ ਮੌਤ ਹੋ ਗਈ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗੱਡੀ 200 ਮੀਟਰ ਦੂਰ ਜਾ ਕੇ ਡਿੱਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਦੋਹਾਂ ਪਾਸਿਓਂ ਲਗਭਗ ਅੱਧੇ ਘੰਟੇ ਤੱਕ ਗੋਲੀਬਾਰੀ ਹੋਈ। ਅਧਿਕਾਰੀ ਮੁਤਾਬਕ ਧਮਾਕੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਈਈਡੀ 50 ਕਿਲੋਗ੍ਰਾਮ ਤੋਂ ਵੱਧ ਹੀ ਹੋਵੇਗੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)