ਕੀ ਪ੍ਰਣਬ ਮੁਖਰਜੀ ਨੇ ਕਿਹਾ ਸੀ, ‘ਸੋਨੀਆ ਗਾਂਧੀ ਹਿੰਦੂ ਵਿਰੋਧੀ ਹਨ’

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਸੋਸ਼ਲ ਮੀਡੀਆ 'ਤੇ ਸੱਜੇਪੱਖੀ ਰੁਝਾਣ ਵਾਲੇ ਗਰੁੱਪਾਂ ਵਿੱਚ ਇੱਕ ਫਰਜ਼ੀ ਅਤੇ ਭੜਕਾਊ ਲੇਖ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਲੇਖ ਦਾ ਸਿਰਲੇਖ ਹੈ — 'ਹਿੰਦੂਆਂ ਨੂੰ ਨਫ਼ਰਤ ਕਰਦੀ ਹੈ ਸੋਨੀਆ ਗਾਂਧੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕੀਤਾ ਖੁਲਾਸਾ'।

ਇਹ ਲੇਖ ਵਟਸਐੱਪ 'ਤੇ ਵੀ ਕਈ ਭਾਜਪਾ ਹਮਾਇਤੀ ਗਰੁੱਪਾਂ ਵਿੱਚ ਬੀਤੇ ਕੁਝ ਦਿਨਾਂ ਵਿੱਚ ਸ਼ੇਅਰ ਕੀਤਾ ਗਿਆ ਹੈ। ਫੇਸਬੁੱਕ ਅਤੇ ਟਵਿੱਟਰ 'ਤੇ ਵੀ ਇਸ ਦੇ ਹਜ਼ਾਰਾਂ ਸ਼ੇਅਰ ਹਨ।

ਕੁਝ ਲੋਕਾਂ ਨੇ 'ਪੋਸਟ-ਕਾਰਡ ਨਿਊਜ਼', 'ਹਿੰਦ ਐਗਜ਼ਿਸਟੈਂਸ' ਅਤੇ 'ਪਰਫਾਰਮ ਇਨ ਇੰਡੀਆ' ਨਾਂ ਦੀਆਂ ਕੁਝ ਵੈਬਸਾਈਟਜ਼ ਦੇ ਲਿੰਕ ਵੀ ਸ਼ੇਅਰ ਕੀਤੇ ਹਨ ਜਿਨ੍ਹਾਂ ਨੇ ਇਸ ਫਰਜ਼ੀ ਖ਼ਬਰ ਨੂੰ ਆਪਣੀ ਵੈਬਸਾਈਟ 'ਤੇ ਥਾਂ ਦਿੱਤੀ ਹੈ।

ਇਹ ਵੀ ਪੜ੍ਹੋ:

ਸਾਲ 2018 ਵਿੱਚ ਇਨ੍ਹਾਂ ਵੈਬਸਾਈਟਸ 'ਤੇ ਛਪੇ ਇਹ ਲੇਖ ਵੀ ਦਾਅਵਾ ਕਰਦੇ ਹਨ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ 'ਹਿੰਦੂ ਵਿਰੋਧੀ' ਕਿਹਾ ਹੈ।

ਰਿਵਰਸ ਈਮੇਜ ਸਰਚ ਨਾਲ ਪਤਾ ਲੱਗਿਆ ਕਿ ਫਰਵਰੀ-ਮਾਰਚ 2018 ਵਿੱਚ ਵੀ ਇਨ੍ਹਾਂ ਲਿੰਕਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਗਿਆ ਸੀ। ਪਰ 7 ਕਿਤਾਬਾਂ ਲਿਖ ਚੁੱਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ 2017 ਵਿੱਚ ਛਪੀ 'ਦਿ ਕੋਇਲੇਸ਼ਨ ਈਅਰਜ਼: 1966-2012' ਨਾਂ ਦੀ ਕਿਤਾਬ ਵਿੱਚ ਕੀ ਸੱਚ ਵਿੱਚ ਹੀ ਸੋਨੀਆ ਗਾਂਧੀ ਬਾਰੇ ਅਜਿਹੀ ਕੋਈ ਗੱਲ ਲਿਖੀ ਗਈ ਹੈ?

ਇਸ ਬਾਰੇ ਵਿੱਚ ਜਾਣਨ ਲਈ ਅਸੀਂ ਕਾਂਗਰਸ ਨੇਤਾ ਅਤੇ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਫ਼ਤਰ ਨਾਲ ਵੀ ਗੱਲਬਾਤ ਕੀਤੀ।

ਪ੍ਰਣਬ ਮੁਖਰਜੀ ਨੇ ਦਫ਼ਤਰ ਅਨੁਸਾਰ ਉਨ੍ਹਾਂ ਦੀ ਕਿਤਾਬ ਵਿੱਚ ਅਜਿਹਾ ਹੋਈ ਹਿੱਸਾ ਨਹੀਂ ਹੈ ਜਿੱਥੇ ਸੋਨੀਆ ਗਾਂਧੀ ਨੂੰ ‘ਹਿੰਦੂ ਵਿਰੋਧੀ’ ਲਿਖਿਆ ਗਿਆ ਹੋਵੇ ਜਾਂ ਪ੍ਰਣਬ ਮੁਖਰਜੀ ਨੇ ਲਿਖਿਆ ਹੋਵੇ ਕਿ 'ਸੋਨੀਆ ਗਾਂਧੀ ਹਿੰਦੂਆਂ ਨਾਲ ਨਫ਼ਰਤ' ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਕਿਹਾ, “ਇਹ ਪੂਰੇ ਤਰੀਕੇ ਨਾਲ ਝੂਠ ਹੈ। ਅਜਿਹੀਆਂ ਖ਼ਬਰਾਂ ਗ਼ਲਤ ਪ੍ਰਚਾਰ ਵਜੋਂ ਫੈਲਾਈਆਂ ਜਾ ਰਹੀਆਂ ਹਨ।”

7 ਜੂਨ 2018 ਨੂੰ ਜਦੋਂ ਨਾਗਪੁਰ ਸਥਿਤ ਆਰਐੱਸਐੱਸ ਦਫ਼ਤਰ ਵਿੱਚ ਇੱਕ ਪ੍ਰੋਗਰਾਮ ਵਿੱਚ ਪ੍ਰਣਬ ਮੁਖਰਜੀ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਤਾਂ ਉਨ੍ਹਾਂ ਨੇ ਉੱਥੋਂ ਭਾਸ਼ਣ ਦਿੱਤਾ ਸੀ, ਉਸ ਵੇਲੇ ਸ਼ਰਮਿਸ਼ਠਾ ਮੁਖਰਜੀ ਨੇ ਟਵੀਟ ਕਰਕੇ ਆਪਣੇ ਪਿਤਾ ਨੂੰ ਆਗਾਹ ਕੀਤਾ ਸੀ।

ਸ਼ਰਮਿਸ਼ਠਾ ਮੁਖਰਜੀ ਨੇ 6 ਜੂਨ ਨੂੰ ਟਵਿੱਟਰ 'ਤੇ ਲਿਖਿਆ ਸੀ, “ਲੋਕ ਤੁਹਾਡਾ ਭਾਸ਼ਣ ਭੁੱਲ ਜਾਣਗੇ। ਤਸਵੀਰਾਂ ਅਤੇ ਵਿਜ਼ੁਅਲ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਫਰਜ਼ੀ ਬਿਆਨਾਂ ਨਾਲ ਫੈਲਾਇਆ ਜਾਵੇਗਾ।”

“ਨਾਗਪੁਰ ਜਾ ਕੇ ਤੁਸੀਂ ਭਾਜਪਾ ਅਤੇ ਆਰਐੱਸਐੱਸ ਨੂੰ ਆਪਣੇ ਖਿਲਾਫ਼ ਫਰਜ਼ੀ ਖ਼ਬਰਾਂ ਪਲਾਂਟ ਕਰਨ ਦਾ ਮੌਕਾ ਦੇਣ ਜਾ ਰਹੇ ਹੋ।”

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)