ਪੰਜਾਬ ਦੇ ਨੌਜਵਾਨਾਂ ਨੇ ਮਿਹਣਿਆਂ ਦਾ ਇੰਝ ਦਿੱਤਾ ਜੁਆਬ, ਪੰਜ ਸਾਲਾਂ ਤੋਂ ਲੋਪ ਹੋ ਰਹੇ ਪੰਛੀਆਂ ਦੇ ਵਸੇਬੇ ਲਈ ਕੰਮ ਕਰ ਰਹੇ ਹਨ

ਨਵੀਂਆਂ ਫ਼ਸਲਾਂ ਬੀਜਣ ਵੇਲੇ ਚਿੜੀ-ਜਨੌਰ ਦੇ ਹਿੱਸੇ ਦਾ ਬੀਜ ਬੀਜਣ ਵਾਲੇ ਕਿਸਾਨਾਂ ਨੇ ਇਨ੍ਹਾਂ ਦਾ ਉਜਾੜਾ ਹੁੰਦਾ ਦੇਖਿਆ ਹੈ। ਚੌਗਿਰਦਾ ਮਾਹਰ ਦੱਸਦੇ ਹਨ ਕਿ ਮਨੁੱਖ ਨੇ ਆਪਣੀ ਹਿਰਸ ਪੂਰੀ ਕਰਨ ਲਈ ਜੀਆ-ਜੰਤ ਦਾ ਉਜਾੜਾ ਕੀਤਾ ਹੈ।

ਬਰਨਾਲਾ ਜ਼ਿਲ੍ਹੇ ਦੇ ਧੌਲਾ ਪਿੰਡ ਦੇ ਨੌਜਵਾਨ ਚੌਗਿਰਦਾ ਪ੍ਰੇਮੀਆਂ ਦੇ ਇਸ ਮਿਹਣੇ ਦਾ ਜੁਆਬ ਦੇ ਰਹੇ ਹਨ ਅਤੇ ਉਜੜੇ ਪੰਛੀਆਂ ਨੂੰ ਵਸਾਉਣ ਦਾ ਉਪਰਾਲਾ ਕਰ ਰਹੇ ਹਨ।

ਉਹ ਮਨੁੱਖ ਦੇ ਜੀਆ-ਜੰਤ ਨਾਲ ਰਿਸ਼ਤੇ ਦੀ ਬਾਤ ਨਵੇਂ ਸਿਰੇ ਤੋਂ ਪਾ ਰਹੇ ਹਨ।

"ਚੁਗਲ ਆਪਣੇ ਨੇੜੇ ਚੂਹਿਆਂ ਜਾਂ ਕਿਰਲੀਆਂ ਨੂੰ ਨਹੀਂ ਰਹਿਣ ਦਿੰਦਾ। ਜੇ ਰਾਤ ਨੂੰ ਕੋਈ ਓਪਰਾ ਬੰਦਾ ਜਾਂ ਜਾਨਵਰ ਖੇਤ ਜਾਂ ਘਰ ਵਿੱਚ ਵੜ ਜਾਵੇ ਤਾਂ ਇਹ ਰੌਲਾ ਪਾ ਕੇ ਮਨੁੱਖ ਨੂੰ ਸੁਚੇਤ ਵੀ ਕਰਦਾ ਹੈ। ਫ਼ਿਕਰ ਦੀ ਗੱਲ ਇਹ ਹੈ ਕਿ ਮਨੁੱਖ ਦੇ ਇਸ ਚੰਗੇ ਮਿੱਤਰ ਦੀ ਪ੍ਰਜਾਤੀ ਖ਼ਤਰੇ ਵਿੱਚ ਹੈ।"

ਇਸ ਗੱਲ ਦਾ ਪ੍ਰਗਟਾਵਾ ਚੌਗਿਰਦਾ ਪ੍ਰੇਮੀ ਸੰਦੀਪ ਬਾਵਾ ਨੇ ਸਥਾਨਕ ਪੱਤਰਕਾਰ ਸੁਖਚਰਨ ਪ੍ਰੀਤ ਨਾਲ ਗੱਲਬਾਤ ਦੌਰਾਨ ਕੀਤਾ।

ਪੰਛੀਆਂ ਦੇ ਵਸੇਬੇ ਲਈ ਕੰਮ ਕਰ ਰਹੇ ਨੌਜਵਾਨ

ਬਰਨਾਲਾ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਸੰਦੀਪ ਸਮੇਤ ਪਿੰਡ ਦੇ ਨੌਜਵਾਨ ਪਿਛਲੇ ਪੰਜ ਸਾਲਾਂ ਤੋਂ ਲੋਪ ਹੋ ਰਹੀਆਂ ਪੰਛੀਆਂ ਦੀਆਂ ਨਸਲਾਂ ਦੇ ਵਸੇਬੇ ਲਈ ਕੰਮ ਕਰ ਰਹੇ ਹਨ।

ਇਹ ਪੰਛੀਆਂ ਦੀਆਂ ਲੋਪ ਹੋ ਰਹੀਆਂ ਨਸਲਾਂ ਲਈ ਆਲ੍ਹਣੇ ਅਤੇ ਵਿਰਾਸਤੀ ਦਰਖ਼ਤ ਲਗਾਉਣ ਦਾ ਕੰਮ ਆਪਣੇ ਬਲਬੂਤੇ ਉੱਤੇ ਕਰਦੇ ਹਨ।

ਭਵਿੱਖ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਸੰਦੀਪ ਬਾਵਾ ਕਹਿੰਦੇ ਹਨ, "ਹਰ ਪੰਛੀ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਦਾ ਮਿੱਤਰ ਹੈ ਅਤੇ ਕੁਦਰਤ ਦਾ ਅਹਿਮ ਅੰਗ ਵੀ ਹੈ। ਇਨ੍ਹਾਂ ਬਿਨਾਂ ਜੀਵਨ ਚੱਕਰ ਤਬਾਹ ਹੋ ਜਾਵੇਗਾ। ਮਨੁੱਖ ਨੇ ਹੀ ਕੁਦਰਤ ਦਾ ਤਵਾਜ਼ਨ ਵਿਗਾੜਿਆ ਹੈ ਅਤੇ ਮਨੁੱਖ ਨੂੰ ਹੀ ਇਸ ਨੂੰ ਠੀਕ ਕਰਨਾ ਪੈਣਾ ਹੈ।"

ਲੋਪ ਹੋ ਰਹੇ ਪੰਛੀਆਂ ਦੀਆਂ ਪ੍ਰਜਾਤੀਆਂ ਮੌਜੂਦ

ਇਹ ਨੌਜਵਾਨ ਹੁਣ ਨੇੜਲੇ ਪਿੰਡਾਂ ਵਿੱਚ ਵੀ ਆਲ੍ਹਣੇ ਅਤੇ ਦਰੱਖ਼ਤ ਲਗਾਉਣ ਜਾਂਦੇ ਹਨ। ਨੇੜਲੇ ਪਿੰਡਾਂ ਦੇ ਹੋਰ ਲੋਕ ਵੀ ਇਨ੍ਹਾਂ ਤੋਂ ਇਸ ਕਾਰਜ ਸਬੰਧੀ ਜਾਣਕਾਰੀ ਲੈਣ ਆਉਣ ਲੱਗੇ ਹਨ।

ਇਨ੍ਹਾਂ ਨੌਜਵਾਨਾਂ ਨਾਲ ਜੁੜੇ ਜਗਤਾਰ ਜਗਤ ਕਹਿੰਦੇ ਹਨ, "ਇਸ ਤੋਂ ਬਿਨਾਂ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਜਿਵੇਂ ਗਿਰਝਾਂ ਇਸ ਲਈ ਪੰਜਾਬ ਵਿੱਚੋਂ ਖ਼ਤਮ ਹੋ ਗਈਆਂ ਹਨ ਕਿਉਂਕਿ ਪਸ਼ੂਆਂ ਨੂੰ ਅਸੀਂ ਸਟੀਰਾਇਡ ਦੇ ਟੀਕੇ ਲਾ ਕੇ ਦੁੱਧ ਚੋਣ ਲੱਗ ਪਏ ਹਾਂ।"

ਪੰਛੀ ਵਿਗਿਆਨੀ ਓਕਾਰ ਸਿੰਘ ਵੜੈਚ ਮੁਤਾਬਕ ਪੰਜਾਬ ਵਿੱਚ ਪੰਛੀਆਂ ਦੀਆਂ ਤਕਰੀਬਨ 550 ਨਸਲਾਂ ਹਨ ਜਿਨ੍ਹਾਂ ਵਿੱਚੋਂ 250 ਪ੍ਰਵਾਸੀ ਪੰਛੀ ਹਨ। ਪੰਛੀਆਂ ਵਿੱਚ ਤਕਰੀਬਨ 35 ਦੇਸੀ ਨਸਲਾਂ ਸ਼ਿਕਾਰੀ ਹਨ ਅਤੇ ਛੋਟੇ ਪੰਛੀ ਉਨ੍ਹਾਂ ਦੀ ਖ਼ੁਰਾਕ ਬਣਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)