ਉਮਰ ਖ਼ਾਲਿਦ : ਪਿਸਤੌਲ ਦੇਖ ਕੇ ਮੈਨੂੰ ਗੌਰੀ ਲੰਕੇਸ਼ ਨਾਲ ਜੋ ਹੋਇਆ ਉਸ ਦੀ ਯਾਦ ਆ ਗਈ

ਵਿਵਾਦਾਂ ਵਿੱਚ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਉਮਰ ਖ਼ਾਲਿਦ 'ਤੇ ਗੋਲੀ ਚਲਾਈ ਗਈ ਹੈ।

ਦਿੱਲੀ ਦੇ ਰਫ਼ੀ ਮਾਰਗ ਸਥਿਤ ਕੰਸਟੀਚਿਊਸ਼ਨ ਕਲੱਬ ਆਫ਼ ਇੰਡੀਆ ਦੇ ਬਾਹਰ ਇੱਕ ਅਣਪਛਾਤੇ ਸ਼ਖਸ ਵੱਲੋਂ ਗੋਲੀ ਚਲਾਈ ਗਈ ਹੈ। ਹਮਲੇ ਵਿੱਚ ਉਮਰ ਖਾਲਿਦ ਸੁਰੱਖਿਅਤ ਹਨ।

ਪ੍ਰਤੱਖਦਰਸ਼ੀਆਂ ਮੁਤਾਬਕ ਰਫ਼ੀ ਮਾਰਗ 'ਤੇ ਇੱਕ ਚਾਹ ਦੀ ਦੁਕਾਨ ਉੱਤੇ ਉਮਰ ਖ਼ਾਲਿਦ ਨੂੰ ਇੱਕ ਚਿੱਟੀ ਕਮੀਜ ਵਾਲੇ ਸ਼ਖਸ ਨੇ ਧੱਕਾ ਮਾਰਿਆ ਅਤੇ ਗੋਲੀ ਚਲਾਈ, ਖ਼ਾਲਿਦ ਦੇ ਡਿੱਗ ਜਾਣ ਕਾਰਨ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ।

ਉਮਰ ਖ਼ਾਲਿਦ ਨੇ ਹਮਲੇ ਤੋਂ ਬਾਅਦ ਦਿ ਕਵਿੰਟ ਨੂੰ ਕਿਹਾ, "ਜਦੋਂ ਉਸ ਨੇ ਮਰੇ ਵੱਲ ਪਿਸਤੌਲ ਤਾਣ ਦਿੱਤੀ ਤਾਂ ਮੈਂ ਕਾਫ਼ੀ ਡਰ ਗਿਆ ਸੀ। ਮੈਨੂੰ ਗੌਰੀ ਲੰਕੇਸ਼ ਨਾਲ ਜੋ ਹੋਇਆ ਸੀ ਉਸ ਦੀ ਯਾਦ ਆ ਗਈ ਸੀ।"

ਸੰਸਦ ਭਵਨ ਕੋਲ ਸਥਿਤ ਇਸ ਇਲਾਕੇ ਨੂੰ ਦਿੱਲੀ ਦੀਆਂ ਸੁਰੱਖਿਅਤ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਦਿੱਲੀ ਦੇ ਜੁਆਇੰਟ ਕਮਿਸ਼ਨਰ ਆਫ ਪੁਲਿਸ ਅਜੈ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਜਿੱਥੇ ਉਮਰ ਖ਼ਾਲਿਦ 'ਤੇ ਗੋਲੀ ਚਲਾਈ ਗਈ ਉਸ ਥਾਂ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਕਿੰਨੇ ਰਾਉਂਡ ਗੋਲੀ ਚੱਲੀ ਇਹ ਪੁੱਛਣ 'ਤੇ ਅਜੈ ਚੌਧਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਪਰ ਹਾਦਸੇ ਵੇਲੇ ਖ਼ਾਲਿਦ ਨਾਲ ਮੌਜੂਦ ਖ਼ਾਲਿਦ ਸੈਫ਼ੀ ਨੇ ਬੀਬੀਸੀ ਨੂੰ ਦੱਸਿਆ ਕਿ ਦੋ ਰਾਊਂਡ ਗੋਲੀਆਂ ਚੱਲੀਆਂ।

ਕੰਸਟੀਚਿਊਸ਼ਨ ਕਲੱਬ ਵਿੱਚ 'ਖੌਫ਼ ਸੇ ਆਜ਼ਾਦੀ' ਨਾਮੀ ਇੱਕ ਪ੍ਰੋਗਰਾਮ ਵਿੱਚ ਉਮਰ ਖਾਲਿਦ ਹਿੱਸਾ ਲੈਣ ਪਹੁੰਚੇ ਸਨ। ਇਸ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਣ, ਸਾਂਸਦ ਮਨੋਜ ਝਾਅ, ਪ੍ਰੋ. ਅਪੂਰਵਾਨੰਦ ਸਮੇਤ ਕਈ ਜਾਣੇ-ਪਛਾਣੇ ਲੋਕਾਂ ਨੇ ਹਿੱਸਾ ਲੈਣਾ ਸੀ।

ਇਹ ਵੀ ਪੜ੍ਹੋ꞉

ਉਮਰ ਖ਼ਾਲਿਦ ਬਾਰੇ

ਉਮਰ ਖ਼ਾਲਿਦ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਜਿਨ੍ਹਾਂ ਉੱਤੇ ਕੈਂਪਸ ਅੰਦਰ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਇਲਜ਼ਾਮ ਹਨ।

ਇਸ ਮਾਮਲੇ ਵਿੱਚ ਫਰਵਰੀ 2016 ਵਿੱਚ ਜੇਐਨਯੂ ਦੇ ਵਿਦਿਆਰਥੀ ਨੇਤਾ ਕਨ੍ਹੱਈਆ ਕੁਮਾਰ ਅਤੇ ਅਨਿਰਬਾਨ ਭੱਟਾਚਾਰੀਆ ਗ੍ਰਿਫ਼ਤਾਰ ਕੀਤੇ ਗਏ ਸਨ।

ਹਾਲਾਂਕਿ ਉਮਰ ਖ਼ਾਲਿਦ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਵਿਰੋਧੀ ਨਾਅਰੇ ਕਦੇ ਨਹੀਂ ਲਗਾਏ। ਇਸ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਨ੍ਹੱਈਆ ਕੁਮਾਰ ਤੇ ਉਮਰ ਖ਼ਾਲਿਦ ਨੂੰ ਪੀਐੱਚਡੀ ਦੀ ਡਿਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਨ੍ਹਾਂ ਦੋਹਾਂ ਨੂੰ ਥੀਸਿਸ ਜਮਾਂ ਨਹੀਂ ਕਰਨ ਦਿੱਤੀ ਜਾ ਰਹੀ ਸੀ ਪਰ ਦਿੱਲੀ ਹਾਈ ਕੋਰਟ ਦੇ ਦਖਲ ਮਗਰੋਂ ਦੋਹਾਂ ਨੇ ਆਪਣੀ ਥੀਸਿਸ ਜਮਾਂ ਕਰਾ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)