ਖੇਡਾਂ 'ਤੇ ਭਾਰੂ ਪੈਣ ਲੱਗੀਆਂ ਧਾਰਮਿਕ ਚਿੰਨ੍ਹਾਂ ਦੀਆਂ ਪਾਬੰਦੀਆਂ

ਕਈ ਵਾਰ ਖਿਡਾਰੀਆਂ ਨੂੰ ਦੂਜੇ ਦੇਸਾਂ ਵਿੱਚ ਖੇਡਣ ਸਮੇਂ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਲਾਹੁਣ ਲਈ ਕਿਹਾ ਜਾਂਦਾ ਹੈ। ਉਨ੍ਹਾਂ 'ਤੇ ਲਗਾਈ ਇਹ ਪਾਬੰਦੀ ਕਈ ਵਾਰ ਉਨ੍ਹਾਂ ਦੀ ਖੇਡ 'ਤੇ ਭਾਰੂ ਪੈ ਜਾਂਦੀ ਹੈ।

ਹਾਲ ਹੀ ਵਿੱਚ ਆਪਣਾ ਪਟਕਾ ਨਾ ਉਤਾਰਨ ਦੇ ਫ਼ੈਸਲੇ ਕਾਰਨ ਪੰਜਾਬੀ ਪਹਿਲਵਾਨ ਖੇਡਣ ਤੋਂ ਵਾਂਝਾ ਰਹਿ ਗਿਆ। ਜ਼ਿਲ੍ਹਾ ਤਰਨਤਾਰਨ ਦੇ ਕੁਸ਼ਤੀ ਪਹਿਲਵਾਨ ਜਸਕੰਵਰਬੀਰ ਗਿੱਲ ਦੀ ਕੌਮਾਂਤਰੀ ਕੁਸ਼ਤੀ ਵਿੱਚ ਉਨ੍ਹਾਂ ਦੇ ਸਿਰ 'ਤੇ ਬੰਨ੍ਹੇ ਪਟਕੇ ਕਰਕੇ ਸ਼ੁਰੂਆਤ ਨਾ ਹੋ ਸਕੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜਸਕੰਵਰ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਭਾਰਤੀ ਦਲ ਨਾਲ ਕੌਮਾਂਤਰੀ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲੈਣ ਗਏ ਸਨ। ਰੈਫ਼ਰੀ ਨੇ ਉਨ੍ਹਾਂ ਨੂੰ ਪਟਕਾ ਬੰਨ੍ਹਿਆ ਹੋਣ ਕਰਕੇ ਖਿਡਾਉਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

ਕੌਮਾਂਤਰੀ ਕੁਸ਼ਤੀ ਨਿਯਮਾਂ ਮੁਤਾਬਕ ਪਹਿਲਵਾਨ ਆਪਣਾ ਸਿਰ ਢੱਕ ਸਕਦੇ ਹਨ ਜੇ ਇਸ ਨਾਲ ਦੂਸਰੇ ਪਹਿਲਵਾਨ ਨੂੰ ਖ਼ਤਰਾ ਨਾ ਹੋਵੇ।

ਖ਼ਬਰ ਮੁਤਾਬਕ ਜਸਕੰਵਰਬੀਰ ਅਤੇ ਉਨ੍ਹਾਂ ਦੇ ਕੋਚ ਨੇ ਪ੍ਰਬੰਧਕਾਂ ਨੂੰ ਪਟਕੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਦਲੀਲ ਸੁਣੀ ਨਹੀਂ ਗਈ।

ਦੂਸਰੇ ਪਾਸੇ ਕੁਸ਼ਤੀ ਦੀ ਕੌਮਾਂਤਰੀ ਬਾਡੀ ਯੂਨਾਈਟਡ ਵਰਲਡ ਰੈਸਲਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤੀ ਦਲ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ।

ਖ਼ਬਰ ਮੁਤਾਬਕ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਨੇ ਇਸ ਪੂਰੇ ਮਾਮਲੇ ਤੋਂ ਅਗਿਆਨਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਪ੍ਰਭਪਾਲ ਸਿੰਘ ਪਟਕਾ ਬੰਨ੍ਹ ਕੇ ਖੇਡਦੇ ਰਹੇ ਹਨ ਅਤੇ ਉਨ੍ਹਾਂ ਨੂੰ ਕਦੇ ਕੋਈ ਦਿੱਕਤ ਨਹੀਂ ਆਈ।

ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਭਾਰਤੀ ਸ਼ੂਟਰ ਹੀਨਾ ਸਿੱਧੂ ਨੇ ਸਾਲ 2016 ਵਿੱਚ ਨੌਂਵੀ ਏਸ਼ੀਆਈ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਸੀ।

ਇਰਾਨ ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ ਹਿਜਾਬ ਪਾਉਣਾ ਲਾਜ਼ਮੀ ਹੋਣ ਕਾਰਨ ਹਿਨਾ ਨੇ ਇਹ ਕਦਮ ਚੁੱਕਿਆ ਸੀ।

ਇਹ ਮੁਕਾਬਲਾ ਦਸੰਬਰ ਵਿੱਚ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਇਆ ਸੀ। ਹਿਨਾ ਸਿੱਧੂ ਨੇ ਟਵੀਟ ਕਰਕੇ ਇਸਦੀ ਪੁਸ਼ਟੀ ਕੀਤੀ ਸੀ।

ਹਿਨਾ ਨੇ ਕਿਹਾ ਸੀ ਕਿ ਉਹ ਕ੍ਰਾਂਤੀਕਾਰੀ ਨਹੀਂ ਹੈ, ਪਰ ਵਿਅਕਤੀਗਤ ਰੂਪ ਨਾਲ ਉਨ੍ਹਾਂ ਨੂੰ ਲਗਦਾ ਹੈ ਕਿ ਖਿਡਾਰੀ ਲਈ ਹਿਜਾਬ ਪਾਉਣਾ ਲਾਜ਼ਮੀ ਕਰਨਾ ਖੇਡ ਭਾਵਨਾ ਲਈ ਠੀਕ ਨਹੀਂ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਜਿਹਾ ਹੀ ਸਾਲ 2014 ਵਿੱਚ ਹੋਇਆ ਜਦੋਂ ਦੋ ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਪੱਗ ਲਾਹੁਣ ਲਈ ਕਿਹਾ ਗਿਆ। ਇਹ ਘਟਨਾ ਚੀਨ ਦੇ ਵਿੱਚ ਹੋਏ ਪੰਜਵੇਂ ਫੀਬਾ ਏਸ਼ੀਆ ਕੱਪ ਦੌਰਾਨ ਵਾਪਰੀ ਸੀ। ਮੈਚ 12 ਜੁਲਾਈ ਨੂੰ ਹੋਇਆ ਸੀ।

ਉਦੋਂ ਅਧਿਕਾਰੀਆਂ ਨੇ ਖਿਡਾਰੀ ਅਮ੍ਰਿਤਪਾਲ ਅਤੇ ਅਮਜੋਤ ਸਿੰਘ ਨੂੰ ਕਿਹਾ ਕਿ ਉਹ ਇੰਟਰਨੈਸ਼ਨਲ ਬਾਸਕਟਬਾਲ ਫੈਡਰੇਸ਼ਨ ਦੇ ਨਿਯਮ ਤੋੜ ਰਹੇ ਹਨ ਅਤੇ ਉਨ੍ਹਾਂ ਨੂੰ ਪੱਗ ਬੰਨ ਕੇ ਖੇਡਣ ਦੀ ਇਜਾਜ਼ਤ ਨਹੀਂ ਹੈ।

ਉਸ ਸਮੇਂ 8 ਦਿਨ ਤੱਕ ਚੱਲੇ 6 ਮੈਚਾਂ ਵਿੱਚ ਦੋਵਾਂ ਖਿਡਾਰੀਆਂ ਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਇਸ 'ਤੇ ਖਿਡਾਰੀਆਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਉਹ ਹਮੇਸ਼ਾ ਹੀ ਪੱਗ ਬੰਨ ਕੇ ਹੀ ਖੇਡੇ ਹਨ।

ਇਹ ਵੀ ਪੜ੍ਹੋ:

ਹਾਲ ਹੀ ਵਿੱਚ ਦੋ ਵਾਰ ਵਿਸ਼ਵ ਜੇਤੂ ਰਹੀ ਸ਼ਤਰੰਜ ਖਿਡਾਰਨ ਨੇ ਟੂਰਨਾਮੈਂਟ ਦਾ ਬਾਇਕਾਟ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹ ਸਾਊਦੀ ਅਰਬ ਵਿੱਚ ਅਬਾਇਆ ਨਹੀਂ ਪਾਉਣਾ ਚਾਹੁੰਦੀ।

ਸਾਊਦੀ ਅਰਬ ਵਿੱਚ ਔਰਤਾਂ ਨੂੰ ਜਨਤਕ ਥਾਵਾਂ 'ਤੇ ਪੂਰੇ ਸਰੀਰ ਨੂੰ ਢੱਕਣ ਵਾਲਾ ਲਿਬਾਸ ਅਬਾਇਆ (ਇੱਕ ਤਰ੍ਹਾਂ ਦਾ ਬੁਰਕਾ) ਪਾਉਣਾ ਪੈਂਦਾ ਹੈ।

ਯੂਕਰੇਨ ਦੀ 27 ਸਾਲਾਂ ਚੈੱਸ ਗਰੈਂਡ ਚੈਂਪੀਅਨ ਅੰਨਾ ਮੁਜ਼ੀਚੁਕ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਨੂੰ ਦੋ ਵਾਰ ਦੀ ਵਰਲਡ ਚੈਂਪੀਅਨਸ਼ਿਪ ਗਵਾਉਣੀ ਪਵੇ ਪਰ ਉਹ ਇਨਾਮ ਦੀ ਰਿਕਾਰਡ ਰਾਸ਼ੀ ਦੇ ਬਾਵਜੂਦ ਵੀ ਰਿਆਦ ਵਿੱਚ ਨਹੀਂ ਖੇਡੇਗੀ।

ਰਿਆਦ ਵਿੱਚ ਖੇਡੇ ਗਏ 'ਕਿੰਗ ਸਲਮਾਨ ਵਰਲਡ ਬਿਲਟਜ਼ ਐਂਡ ਰੈਪਿਡ ਚੈਂਪੀਅਨਸ਼ਿਪਸ 2017' ਦੇ ਓਪਨਿੰਗ ਲਈ 7,50,000 ਡਾਲਰ ਦੀ ਇਨਾਮੀ ਰਾਸ਼ੀ ਪੁਰਸ਼ਾਂ ਲਈ ਅਤੇ ਔਰਤਾਂ ਲਈ 2,50,000 ਡਾਲਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਇਸ ਸਾਲ ਦੀ ਸ਼ੁਰੂਆਤ ਵਿੱਚ ਇਰਾਨ ਦੀ ਰਾਜਧਾਨੀ ਤਹਿਰਾਨ 'ਚ ਖੇਡੇ ਗਏ ਵਿਸ਼ਵ ਚੈਂਪੀਅਨਸ਼ਿਪ ਬਾਰੇ ਅੰਨਾ ਮੁਜ਼ੀਚੁਕ ਨੇ ਫੇਸਬੁਕ 'ਤੇ ਲਿਖਿਆ, "ਕੀ ਜ਼ਿੰਦਗੀ ਇੰਨੇ ਖ਼ਤਰੇ ਵਿੱਚ ਹੈ ਕਿ ਹਰ ਵੇਲੇ ਅਬਾਇਆ ਪਾਉਣਾ ਪਵੇਗਾ। ਹਰ ਚੀਜ਼ ਦੀ ਹੱਦ ਹੁੰਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)