ਜੌਰਡਨ ਤੋਂ ਪਰਤੇ ਪਰਵਾਸੀ ਪੰਜਾਬੀ ਨੇ ਪਤਨੀ ਤੇ ਦੋ ਬੱਚਿਆਂ ਸਣੇ ਕੀਤਾ ਆਤਮਦਾਹ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਲੰਘੀ ਰਾਤ ਜੌਰਡਨ ਤੋਂ ਪਰਤੇ 35 ਸਾਲਾ ਕੁਲਵਿੰਦਰ ਸਿੰਘ ਨੇ ਸਵੇਰੇ ਚਾਰ ਵਜੇ ਆਪਣੀ ਪਤਨੀ ਮਨਦੀਪ ਕੌਰ ਅਤੇ ਦੋ ਬੱਚਿਆਂ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਇਸ ਦਰਦਨਾਕ ਘਟਨਾ 'ਚ ਚਾਰੇ ਜਣਿਆਂ ਦੀ ਮੌਤ ਹੋ ਗਈ।

ਅੱਗ ਲੱਗਣ ਦੀ ਘਟਨਾ ਸਮੇਂ ਪਏ ਚੀਕ ਚਿਹਾੜੇ ਦੌਰਾਨ ਦੂਜੇ ਕਮਰੇ ਵਿਚ ਸੌਂ ਰਹੀ ਕੁਲਵਿੰਦਰ ਸਿੰਘ ਦੀ ਮਾਤਾ ਅਤੇ ਭੈਣ ਜਸਵਿੰਦਰ ਕੌਰ ਉੱਠ ਖੜ੍ਹੀਆਂ ਤੇ ਅੱਗ ਦੀਆਂ ਲਪਟਾਂ 'ਚ ਘਿਰੇ ਆਪਣੇ ਭਰਾ ਨੂੰ ਬਚਾਉਣ ਲਈ ਅੱਗੇ ਆਈ ਜਸਵਿੰਦਰ ਕੌਰ ਵੀ ਝੁਲਸ ਗਈ।

ਇਹ ਪਰਿਵਾਰ ਕਾਲਾ ਸੰਘਿਆਂ ਦੇ ਆਲਮਗੀਰ ਮੁਹੱਲੇ ਵਿਚ ਰਹਿੰਦਾ ਸੀ। ਕਪੂਰਥਲਾ ਜ਼ਿਲੇ ਦੇ ਐਸਪੀ (ਜਾਂਚ) ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਨਜਾਇਜ਼ ਸਬੰਧਾਂ ਨਾਲ ਜੁੜਿਆ ਲੱਗਦਾ ਹੈ।

ਇਹ ਵੀ ਪੜ੍ਹੋ:

ਇਸ ਘਟਨਾ 'ਚ ਕੁਲਵਿੰਦਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ (32), ਪੁੱਤਰੀ ਰਵੀਨਾ (8) ਅਤੇ ਪੁੱਤਰ ਅਭੀ (5) ਦੀ ਮੌਤ ਹੋ ਗਈ ਹੈ।

ਕੁਲਵਿੰਦਰ ਸਿੰਘ ਦੀ ਮੌਤ ਤਾਂ ਮੌਕੇ 'ਤੇ ਹੀ ਹੋ ਗਈ ਸੀ, ਬੱਚਿਆਂ ਦੀ ਮੌਤ ਹਸਪਤਾਲ ਲਿਜਾਣ ਸਮੇਂ ਰਸਤੇ ਵਿਚ ਹੋਈ ਜਦਕਿ ਮਨਦੀਪ ਕੌਰ ਦੀ ਮੌਤ ਜਲੰਧਰ ਦੇ ਸਿਵਲ ਹਸਪਤਾਲ ਵਿਚ ਹੋਈ। ਚਾਰੇ ਮ੍ਰਿਤਕਾਂ ਦਾ ਸਸਕਾਰ ਸ਼ਾਮ 6 ਵਜੇ ਦੇ ਕਰੀਬ ਕਰ ਦਿੱਤਾ ਗਿਆ।

ਨਜਾਇਜ਼ ਸਬੰਧਾਂ ਦਾ ਸ਼ੱਕ

ਕੁਲਵਿੰਦਰ ਸਿੰਘ ਲੰਘੀ ਰਾਤ ਜੌਰਡਨ ਤੋਂ ਆਪਣੇ ਘਰਦਿਆਂ ਨੂੰ ਕੋਈ ਅਗਾਊਂ ਸੂਚਨਾ ਦਿੱਤੇ ਬਿਨਾਂ ਹੀ ਆ ਗਿਆ ਸੀ।

ਡੇਢ ਸਾਲ ਪਹਿਲਾਂ ਹੀ ਉਹ ਉਥੇ ਗਿਆ ਸੀ। ਐਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਸੰਨੀ ਨਾਂ ਦੇ ਲੜਕੇ ਨਾਲ ਨਜਾਇਜ਼ ਸਬੰਧ ਸਨ।

ਮਨਦੀਪ ਕੌਰ ਵੱਲੋਂ ਪੁਲੀਸ ਦੀ ਹਾਜ਼ਰੀ ਵਿਚ ਮੈਜਿਸਟਰੇਟ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਗਿਆ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਪ੍ਰੇਸ਼ਾਨ ਸੀ ਤੇ ਉਨ੍ਹਾਂ ਨੂੰ ਕੁਝ ਮੁੰਡੇ ਪ੍ਰੇਸ਼ਾਨ ਕਰ ਰਹੇ ਸਨ।

ਥਾਣਾ ਸਦਰ ਕਪੂਰਥਲਾ ਦੀ ਪੁਲੀਸ ਨੇ ਚਾਰ ਜਣਿਆਂ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਉਰਫ ਸੰਨੀ, ਉਸ ਦੀ ਮਾਤਾ ਸੱਤਿਆ ਦੇਵੀ ਅਤੇ ਤੀਰਥ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 306 ਅਤੇ 34 ਅਧੀਨ ਮਾਮਲਾ ਦਰਜ ਕਰ ਲਿਆ ਹੈ।

ਕਥਿਤ ਦੋਸ਼ੀ ਵੀ ਆਲਮਗੀਰ ਦੇ ਹੀ ਰਹਿਣ ਵਾਲੇ ਹਨ। ਐਸਐਚਓ ਸਰਬਣ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਦੋ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਿਨ੍ਹਾਂ ਵਿਚ ਸੰਨੀ ਨਾਂ ਦਾ ਲੜਕਾ ਵੀ ਸ਼ਾਮਿਲ ਹੈ।

ਮ੍ਰਿਤਕ ਕੁਲਵਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਮੌਤ ਲਈ ਸੰਨੀ ਨਾਂ ਦਾ ਨੌਜਵਾਨ ਹੀ ਜ਼ਿੰਮੇਵਾਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)