ਨਿਰਭਿਆ ਰੇਪ ਕੇਸ꞉ 3 ਦੀ ਮੌਤ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਬਰਕਰਾਰ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਨਿਰਭਿਆ ਬਲਾਤਕਾਰ ਕੇਸ ਦੇ ਤਿੰਨ ਮੁਜਰਮਾਂ ਦੀ ਮੌਤ ਦੀ ਸਜ਼ਾ ਕਾਇਮ ਰੱਖੀ ਹੈ।

ਚੀਫ਼ ਜਸਟਿਸ ਦੀਪਕ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਸੁਣਾਇਆ ਜੋ ਕਿ ਮੁਲਜ਼ਮਾਂ ਮੁਕੇਸ਼, ਪਵਨ ਗੁਪਤਾ ਅਤੇ ਵਿਨੈ ਸ਼ਰਮਾ ਦੀ ਮੁੜ ਵਿਚਾਰ ਅਰਜੀ ਉੱਤੇ ਸੁਣਵਾਈ ਕਰ ਰਿਹਾ ਸੀ।

ਇਸ ਮਾਮਲੇ ਦੇ ਚੌਥੇ ਮੁਲਜ਼ਮ ਅਕਸ਼ੇ ਕੁਮਾਰ ਸਿੰਘ ਨੇ ਮੁੜ ਵਿਚਾਰ ਅਰਜੀ ਨਹੀਂ ਸੀ ਦਿੱਤੀ। ਹਾਲਾਂਕਿ ਉਨ੍ਹਾਂ ਦੇ ਵਕੀਲ ਨੇ ਖ਼ਬਰ ਏਜੰਸੀ ਪੀਟੀਆ ਨੂੰ ਦੱਸਿਆ ਕਿ ਉਹ ਅਰਜੀ ਦੇਣਗੇ।

ਸਾਲ 2012 ਵਿੱਚ ਦਿੱਲੀ ਵਿੱਚ ਇੱਕ 23 ਸਾਲਾ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨਾਲ ਚਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।

ਗੰਭੀਰ ਰੂਪ ਵਿੱਚ ਜ਼ਖਮੀ ਲੜਕੀ ਨੂੰ ਬਾਅਦ ਵਿੱਚ ਸੜਕ ਦੇ ਕਿਨਾਰੇ ਸਿੱਟ ਦਿੱਤਾ ਗਿਆ ਸੀ। ਕਈ ਦਿਨਾਂ ਦੇ ਇਲਾਜ ਮਗਰੋਂ ਲੜਕੀ ਦੀ ਮੌਤ ਹੋ ਗਈ ਸੀ।

ਇਸ ਘਟਨਾ ਨਾਲ ਪੂਰਾ ਦੇਸ ਦਹਿਲ ਗਿਆ ਅਤੇ ਰਾਜਧਾਨੀ ਦਿੱਲੀ ਸਮੇਤ ਕਈ ਥਾਈਂ ਧਰਨੇ-ਮੁਜਾਹਰੇ ਹੋਏ।

ਇਸ ਘਟਨਾ ਅਤੇ ਬਣੇ ਜਨਤਕ ਦਬਾਅ ਤੋਂ ਬਾਅਦ ਭਾਰਤ ਸਰਕਾਰ ਨੇ ਬਲਾਤਕਾਰ ਨਾਲ ਜੁੜੇ ਕਾਨੂੰਨਾਂ ਨੂੰ ਹੋਰ ਸਖ਼ਤ ਕੀਤਾ ਸੀ।

ਉਸ ਭਿਆਨਕ ਅਪਰਾਧ ਵਿੱਚ ਆਖਰ ਕੀ ਹੋਇਆ ਸੀ?

  • 16 ਦਸੰਬਰ 2012 ਨੂੰ ਰਾਤ 9 ਵਜੇ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਅਤੇ ਉਸ ਦੇ ਪੁਰਸ਼ ਦੋਸਤ ਬੱਸ ਉੱਤੇ ਚੜ੍ਹੇ।
  • ਬੱਸ ਵਿੱਚ ਡਰਾਈਵਰ ਅਤੇ ਉਸ ਦੇ ਪੰਜ ਹੋਰ ਸਾਥੀਆਂ ਨੇ ਸਮੂਹਿਕ ਬਲਾਤਕਾਰ ਕੀਤਾ, ਜਦੋਂਕਿ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
  • ਖੂਨ ਨਾਲ ਲੱਥਪਥ ਜੋੜੇ ਨੂੰ ਨਗਨ ਹਾਲਤ ਵਿੱਚ ਸੜਕ ਦੇ ਕਿਨਾਰੇ 'ਤੇ ਸੁੱਟ ਦਿੱਤਾ ਗਿਆ।
  • ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
  • ਉਹ 15 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੀ ਰਹੀ, ਪਰ ਆਖਰ ਹਾਰ ਗਈ। ਉਸ ਦਾ ਦੋਸਤ ਜਿਉਂਦਾ ਹੈ।

ਹਮਲੇ ਦੀ ਕਰੂਰਤਾ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੀਡੀਆ ਨੇ ਉਸ ਨੂੰ ਨਾਮ ਦੇ ਦਿੱਤਾ 'ਨਿਰਭਿਆ - ਨਿਡਰ ਕੁੜੀ'।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)