ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਨਸ਼ਾ ਤਸਕਰੀ ਦੇ ਰੈਕੇਟ ਦੇ ਪਰਦਾ ਫਾਸ਼ ਦਾ ਦਾਅਵਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇਲਜ਼ਾਮ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇਹ ਵੀ ਦਾਅਵਾ ਕੀਤਾ ਹੈ ਤਸਕਰੀ ਵਿੱਚ ਭਾਰਤੀ ਫੌਜ ਦਾ ਸਾਬਕਾ ਜਵਾਨ ਅਤੇ ਬਾਰਡਰ ਸਕਿਊਰਿਟੀ ਫੋਰਸ ਦਾ ਇੱਕ ਜਵਾਨ ਵੀ ਸ਼ਾਮਲ ਹੈ।

ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਕੋਲੋ ਇੱਕ 30 ਬੋਰ ਦਾ ਪਿਸਟਲ ਅਤੇ ਤਕਰੀਬਨ 14.8 ਕਿੱਲੋਗਰਾਮ ਹੈਰੋਇਨ ਬਰਾਮਦ ਹੋਈ ਹੈ।

ਆਪਰੇਸ਼ਨ ਸੈੱਲ ਨੇ ਬਿਆਨ ਜਾਰੀ ਕਰਕੇ ਕਿਹਾ, ''ਫੜੇ ਗਏ ਚਾਰ ਲੋਕਾਂ ਵਿੱਚੋਂ ਇੱਕ ਤਰਵਿੰਦਰ ਸਿੰਘ ਹੈ ਜੋ 16 ਸਾਲਾਂ ਤੱਕ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕਾ ਹੈ ਅਤੇ 2016 ਵਿੱਚ ਰਿਟਾਇਰ ਹੋਇਆ।''

ਬਿਆਨ ਵਿੱਚ ਅੱਗੇ ਦਾਅਵਾ ਕੀਤਾ ਗਿਆ ਕਿ 29 ਅਤੇ 30 ਜੂਨ ਦੀ ਦਰਮਿਆਨੀ ਰਾਤ ਅੰਮ੍ਰਿਤਸਰ ਦੇ ਰਾਮਦਾਸ ਸੈਕਟਰ ਰਾਹੀਂ ਪਾਕਿਸਤਾਨ ਤੋਂ ਬੀਐਸਐਫ ਦੇ ਜਵਾਨ ਦੀ ਮਦਦ ਨਾਲ 14.800 ਕਿੱਲੋ ਹੈਰੋਇਨ ਦੀ ਤਸਕਰੀ ਕੀਤੀ ਗਈ।

ਗ੍ਰਿਫਤਾਰ ਕੀਤੇ ਗਏ ਲੋਕਾਂ ਨੇ ਅੱਗੇ ਦੋ ਹੋਰ ਲੋਕਾਂ ਦਾ ਨਾਮ ਲਿਆ ਹੈ ਜੋ ਫਿਲਹਾਲ ਗ੍ਰਿਫ਼ਤ ਵਿੱਚੋਂ ਬਾਹਰ ਹਨ।

ਆਪਰੇਸ਼ਨ ਸੈੱਲ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ''ਸਾਬਕਾ ਫੌਜੀ, ਬੀਐੱਸਐੱਫ ਦਾ ਜਵਾਨ ਅਤੇ ਉਨ੍ਹਾਂ ਦੇ ਸਾਥੀ ਸਰਹੱਦ ਪਾਰ ਦੇ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ।''

ਬੀਐੱਸਐੱਫ ਜਵਾਨ ਦੀ ਕਥਿਤ ਭੂਮਿਕਾ ਬਾਰੇ ਵਿਭਾਗ ਨੂੰ ਦੱਸ ਦਿੱਤਾ ਗਿਆ ਹੈ ਤਾਂ ਜੋ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)