ਪ੍ਰੈੱਸ ਰਿਵੀਊ꞉ ਪ੍ਰਦੂਸ਼ਣ ਵਿੱਚ ਪੰਜਾਬ ਨੇ ਦਿੱਲੀ 'ਹਰਾਈ'

ਪੱਛਮੀ ਭਾਰਤ ਵਿੱਚ ਘੱਟੇ ਨਾਲ ਭਰੀਆਂ ਹਨੇਰੀਆਂ ਚੱਲ ਰਹੀਆਂ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਤਿੰਨ ਸ਼ਹਿਰ- ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਲੁਧਿਆਣਾ ਅਤੇ ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਰੂਪਨਗਰ ਸਭ ਤੋਂ ਮਾੜੀ ਹਵਾ ਵਾਲੇ ਸ਼ਹਿਰ ਹਨ।

ਇਨ੍ਹਾਂ ਤਿੰਨਾਂ ਦੇ ਮੁਕਾਬਲੇ ਦਿੱਲੀ ਵੀ ਘੱਟ ਪ੍ਰਦੂਸ਼ਿਤ ਹੈ। ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿੱਚ ਹਵਾ ਦੀਵਾਲੀ ਤੋਂ ਬਾਅਦ ਨਾਲੋਂ ਵੀ ਖ਼ਰਾਬ ਹੈ।

ਖ਼ਬਰ ਮੁਤਾਬਕ ਇਸ ਕਰਕੇ ਦਿੱਲੀ ਵਿੱਚ ਕੇਂਦਰੀ ਪਰਦੂਸ਼ਣ ਕੰਟਰੋਲ ਬੋਰਡ ਨੇ ਐਤਵਾਰ ਤੱਕ ਹਰ ਕਿਸਮ ਦੇ ਉਸਾਰੀ ਕਾਰਜਾਂ ਉੱਤੇ ਰੋਕ ਲਾ ਦਿੱਤੀ ਹੈ।

ਅਗਵਾ ਕੀਤੇ ਭਾਰਤੀ ਫੌਜੀ ਦੀ ਲਾਸ਼ ਮਿਲੀ

ਵੀਰਵਾਰ ਸਵੇਰੇ ਇੱਕ ਭਾਰਤੀ ਫੌਜੀ ਨੂੰ ਸ਼ੱਕੀ ਲੋਕਾਂ ਨੇ ਉਦੋਂ ਅਗਵਾ ਕਰ ਲਿਆ ਸੀ ਜਦੋਂ ਉਹ ਆਪਣੇ ਘਰ ਪਰਤ ਰਿਹਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਤਲਾਸ਼ ਮਗਰੋਂ ਸ਼ਾਮ ਨੂੰ ਉਸਦੀ ਲਾਸ਼ ਮਿਲ ਗਈ।

44 ਸਾਲਾ ਔਰੰਗਜ਼ੇਬ ਰਾਜਸਥਾਨ ਰਾਈਫਲਜ਼ ਦਾ ਜਵਾਨ ਸੀ ਅਤੇ ਪੁਲਵਾਮਾ ਦੇ ਸ਼ਾਦੀਮਰਗ ਕੈਂਪ ਵਿੱਚ ਤੈਨਾਤ ਸੀ।

ਜਰਨਲ ਮੋਟਰ ਉੱਤੇ ਔਰਤਾਂ ਦਾ ਕਬਜ਼ਾ

ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਦਿਵਿਆ ਸੂਰਿਆਦੇਵਰਾ ਉੱਥੋਂ ਦੀ ਸਭ ਤੋਂ ਵੱਡੀ ਮੋਟਰ ਕੰਪਨੀ ਜਨਰਲ ਮੋਟਰਜ਼ ਦੀ ਮੁੱਖ ਵਿੱਤ ਅਫ਼ਸਰ ਵਜੋਂ ਨਾਮਜ਼ਦ ਕੀਤੇ ਗਏ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਉਹ ਫਿਲਹਾਲ ਜੁਲਾਈ 2017 ਤੋਂ ਕੰਪਨੀ ਕਾਰਪੋਰੇਟ ਫਾਇਨਾਂਸ ਦੇ ਵਾਈਸ ਪ੍ਰੈਜ਼ੀਡੈਂਟ ਹਨ ਅਤੇ ਨਵੇਂ ਅਹੁਦੇ 'ਤੇ ਚੱਕ ਸਟੀਵਨਸ ਦੀ ਥਾਂ ਲੈਣਗੇ।

ਖ਼ਬਰ ਮੁਤਾਬਕ 39 ਸਾਲਾ ਦਿਵਿਆ ਦਾ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਜਨਮ ਹੋਇਆ ਸੀ। ਆਪਣੇ ਨਵੇਂ ਅਹੁਦੇ 'ਤੇ ਉਹ ਸਿੱਧੇ ਕੰਪਨੀ ਦੀ ਚੀਫ਼ ਐਗਿਜ਼ੀਕਿਊਟਿਵ 56 ਸਾਲਾ ਮੈਰੀ ਬਰਾ ਨੂੰ ਰਿਪੋਰਟ ਕਰਨਗੇ ਜੋ ਕਿ ਸਾਲ 2014 ਤੋਂ ਕੰਪਨੀ ਦੀ ਅਗਵਾਈ ਕਰ ਰਹੇ ਹਨ।

ਖ਼ਬਰ ਮੁਤਾਬਕ ਇਹ ਦੋਵੇਂ ਹੀ ਆਟੋ ਖੇਤਰ ਵਿੱਚ ਇਸ ਮੁਕਾਮ ਤੱਕ ਪਹੁੰਚਣ ਵਾਲੀਆਂ ਪਹਿਲੀਆਂ ਔਰਤਾਂ ਹਨ।

ਹੋਰ ਕਿਸੇ ਵੀ ਕੌਮਾਂਤਰੀ ਆਟੋ ਕੰਪਨੀ ਵਿੱਚ ਨਾ ਹੀ ਚੀਫ਼ ਐਗਜ਼ੀਕਿਊਟਿਵ ਅਤੇ ਨਾ ਹੀ ਮੁੱਖ ਵਿੱਤ ਅਫ਼ਸਰ ਦੇ ਅਹੁਦੇ ਉੱਪਰ ਕੋਈ ਔਰਤ ਹੈ।

ਪਰਵਾਸੀਆਂ ਲਈ ਹਫ਼ਤੇ ਅੰਦਰ ਵਿਆਹ ਦੀ ਰਜਿਸਟਰੇਸ਼ਨ ਜ਼ਰੂਰੀ

ਭਾਰਤ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਨੇ ਪਰਵਾਸੀਆਂ ਦੇ ਭਾਰਤ ਵਿੱਚ ਹੋਣ ਵਾਲੇ ਵਿਆਹਾਂ ਦਾ ਸੱਤ ਦਿਨਾਂ ਦੇ ਅੰਦਰ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਕਰ ਦਿੱਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜੇ ਪਰਵਾਸੀ ਭਾਰਤੀ ਇੱਕ ਹਫ਼ਤੇ ਵਿੱਚ ਵਿਆਹ ਦਰਜ ਨਹੀਂ ਕਰਵਾਉਂਦਾ ਤਾਂ ਉਨ੍ਹਾਂ ਦਾ ਪਾਸਪੋਰਟ ਅਤੇ ਵੀਜ਼ਾ ਜਾਰੀ ਨਹੀਂ ਹੋਵੇਗਾ।

ਪਰਵਾਸੀ ਵਿਆਹਾਂ ਵਿੱਚ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਂ ਦੇ ਹੱਲ ਲਈ ਕੱਲ੍ਹ ਮੰਤਰੀਆਂ ਦੇ ਸਮੂਹ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ।

ਖ਼ਬਰ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ਵਿੱਚ ਅਜਿਹੇ ਵਿਆਹਾਂ ਨਾਲ ਨਾਲ ਜੁੜੀਆਂ ਦਿੱਕਤਾਂ ਦੇ ਹੱਲ ਲਈ ਬਿਹਤਰ ਤਰੀਕਿਆਂ ਬਾਰੇ ਚਰਚਾ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)