ਸੋਸ਼ਲ꞉ 'ਤੁਹਾਡੇ ਸ਼ਬਦ ਭੁਲਾ ਦਿੱਤੇ ਜਾਣਗੇ ਅਤੇ ਤਸਵੀਰਾਂ ਰਹਿ ਜਾਣਗੀਆਂ', ਪ੍ਰਣਬ ਮੁਖਰਜੀ ਦੀ ਧੀ ਵੱਲੋਂ ਪਿਤਾ ਨੂੰ ਨਸੀਹਤ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ ਨੂੰ ਨਾਗਪੁਰ ਵਿੱਚ ਚੱਲ ਰਹੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਿਖਲਾਈ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਭਾਸ਼ਣ ਦੇਣ ਪਹੁੰਚ ਰਹੇ ਹਨ।

ਪ੍ਰਣਬ ਮੁਖਰਜੀ ਇੱਕ ਸੀਨੀਅਰ ਕਾਂਗਰਸੀ ਆਗੂ ਹਨ। ਉਨ੍ਹਾਂ ਦੇ ਸੰਘ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਬਾਰੇ ਵੱਖੋ-ਵੱਖ ਰਾਇ ਜ਼ਾਹਰ ਕੀਤੀ ਹੈ।

ਬੁੱਧਵਾਰ ਨੂੰ ਉਨ੍ਹਾਂ ਦੀ ਧੀ ਸ਼ਰਮਿਸਥਾ ਮੁਖਰਜੀ ਨੇ ਆਪਣੇ ਪਿਤਾ ਨਾਲ ਇੱਕ ਟਵੀਟ ਜ਼ਰੀਏ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਸ਼ਰਮਿਸਥਾ ਮੁਖਰਜੀ ਦਿੱਲੀ ਕਾਂਗਰਸ ਦੇ ਬੁਲਾਰੇ ਵੀ ਹਨ।

ਉਨ੍ਹਾਂ ਨੇ ਆਪਣੀ ਪਹਿਲੀ ਟਵੀਟ ਵਿੱਚ ਆਪਣੇ ਪਿਤਾ ਨੂੰ ਸੰਬੋਧਨ ਕਰਦਿਆਂ ਲਿਖਿਆ, "ਉਮੀਦ ਹੈ ਅੱਜ ਦੇ ਘਟਨਾਕ੍ਰਮ ਤੋਂ ਪ੍ਰਣਬ ਮੁਖਰਜੀ ਦੇ ਸਮਝ ਆ ਗਿਆ ਹੋਵੇਗਾ ਕਿ ਭਾਜਪਾ ਦਾ ਚਾਲਬਾਜ਼ੀਆਂ ਵਾਲਾ ਵਿੰਗ ਕਿਵੇਂ ਕੰਮ ਕਰਦਾ ਹੈ। ਸੰਘ ਵੀ ਇਹ ਨਹੀਂ ਮੰਨੇਗਾ ਕਿ ਤੁਸੀਂ ਉਨ੍ਹਾਂ ਦੇ ਵਿਚਾਰਾਂ ਦੀ ਪੁਸ਼ਟੀ ਕਰਨ ਜਾ ਰਹੇ ਹੋ। ਤੁਹਾਡੇ ਵੱਲੋਂ ਬੋਲੇ ਗਏ ਸ਼ਬਦ ਭੁਲਾ ਦਿੱਤੇ ਜਾਣਗੇ ਅਤੇ ਤਸਵੀਰਾਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਝੂਠੇ ਬਿਆਨਾਂ ਨਾਲ ਫੈਲਾਇਆ ਜਾਵੇਗਾ।"

ਦੂਸਰੀ ਵਿੱਚ ਉਨ੍ਹਾਂ ਪਹਿਲੀ ਟਵੀਟ ਦੀ ਗੱਲ ਪੂਰੀ ਕਰਦਿਆਂ ਲਿਖਿਆ,"ਤੁਸੀਂ ਨਾਗਪੁਰ ਜਾ ਕੇ ਭਾਜਪਾ/ਸੰਘ ਨੂੰ ਝੂਠੀਆਂ ਕਹਾਣੀਆਂ ਫੈਲਾਉਣ ਦਾ ਪੂਰਾ ਮੌਕਾ ਦੇ ਰਹੇ ਹੋ। ਜਿਵੇਂ ਕਿ ਉਨ੍ਹਾਂ ਨੇ ਅੱਜ ਕੀਤਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। "

ਉਨ੍ਹਾਂ ਨੇ ਆਪਣੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਵੱਲ ਇਸ਼ਾਰਾ ਕੀਤਾ ਹੈ।

ਗੁਜਰਾਤ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਅਹਿਮਦ ਪਟੇਲ ਨੇ ਸ਼ਰਮਿਸਥਾ ਮੁਖਰਜੀ ਦੇ ਟਵੀਟ ਨੂੰ ਸਾਂਝਾ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੂੰ ਪ੍ਰਣਬ ਦਾ ਤੋਂ ਇਹ ਉਮੀਦ ਨਹੀਂ ਸੀ।

ਕੇਰਲਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਨੇ ਪ੍ਰਣਬ ਮੁਖਰਜੀ ਨੂੰ ਇਸ ਸਮਾਗਮ ਵਿੱਚ ਜਾਣ ਤੋਂ ਬਚਣ ਦੀ ਬੇਨਤੀ ਕਰਨ ਲਈ ਚਿੱਠੀ ਵੀ ਲਿਖੀ ਜੋ ਕਿ ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ-

ਆਪਣੀ ਧੀ ਦੇ ਪਾਰਟੀ ਬਦਲਣ ਬਾਰੇ ਮੁਖਰਜੀ ਸੰਘ ਦੇ ਸਮਾਗਮ ਵਿੱਚ ਕੀ ਟਿੱਪਣੀ ਕਰਦੇ ਹਨ ਇਹ ਦੇਖਣਾ ਵੀ ਦਿਲਚਸਪ ਹੋਵੇਗਾ। ਇਸੇ ਦੌਰਾਨ ਭਾਜਪਾ ਨੇ ਸ਼ਰਮਿਸਥਾ ਮੁਖਰਜੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਪੱਛਮੀਂ ਬੰਗਾਲ ਤੋਂ ਉਮੀਦਵਾਰੀ ਦੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)