ਪ੍ਰੈੱਸ ਰਿਵੀਊ꞉ ਸ਼ਿਲਾਂਗ ਦੇ ਸਿੱਖਾਂ ਨੂੰ ਕਿਤੇ ਹੋਰ ਨਾ ਵਸਾਇਆ ਜਾਵੇ-ਘੱਟ ਗਿਣਤੀ ਕਮਿਸ਼ਨ

ਭਾਰਤ ਦਾ ਘੱਟ ਗਿਣਤੀ ਕਮਿਸ਼ਨ ਸ਼ਿਲਾਂਗ ਦੇ ਸਿੱਖਾਂ ਨੂੰ ਉਨ੍ਹਾਂ ਦੀ ਬਸਤੀ ਵਿੱਚੋਂ ਉਠਾ ਕੇ ਕਿਸੇ ਹੋਰ ਥਾਂ ਵਸਾਉਣ ਦੇ ਵਿਰੁੱਧ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੇਘਾਲਿਆ ਸਰਕਾਰ ਨੇ ਸਹੀ ਤਰੀਕੇ ਨਾਲ ਲੋਕਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਕੁਝ ਦਿਨਾਂ ਵਿੱਚ ਹਾਲਾਤ ਠੀਕ ਹੋ ਜਾਣਗੇ।

ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਸਵੀਪਰ ਕਾਲੋਨੀ ਦੇ ਪੰਜਾਬੀ ਨਿਵਾਸੀਆਂ ਨੂੰ ਕਿਤੇ ਹੋਰ ਵਸਾਉਣਾ, ਯੋਗ ਨਹੀਂ ਹੈ।

ਸ਼ਿਮਲਾ ਵਿੱਚ ਪਾਣੀ ਵੰਡਣ ਵਾਲਿਆਂ ਨੂੰ ਸੁਰੱਖਿਆ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਪਾਣੀ ਦੀ ਰਾਸ਼ਨਿੰਗ ਲਈ ਜ਼ਿੰਮੇਂਵਾਰ ਮੁਲਾਜ਼ਮਾਂ ਨੂੰ ਸ਼ਿਮਲਾ ਪੁਲਿਸ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਕਾਰਪੋਰੇਸ਼ਨ ਦੇ ਅਜਿਹੇ 62 ਮੁਲਾਜ਼ਮ ਹਨ।

ਅਜਿਹੇ ਹੀ ਮੁਲਾਜ਼ਮ ਹਰੀ ਰਾਮ ਦਾ ਕਹਿਣਾ ਹੈ ਕਿ 22 ਸਾਲ ਦੀ ਉਨ੍ਹਾਂ ਦੀ ਨੌਕਰੀ ਵਿੱਚ ਉਨ੍ਹਾਂ ਨੂੰ ਅਜਿਹਾ ਖਾਸ ਕਦੇ ਵੀ ਮਹਿਸੂਸ ਨਹੀਂ ਹੋਇਆ ਹੈ।

ਸ਼ਿਮਲਾ ਵਿੱਚ ਪਾਣੀ ਦੀ ਦਿੱਕਤ ਕਰਕੇ ਸ਼ਹਿਰ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਵਾਰੋ-ਵਾਰ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਖ਼ਬਰ ਮੁਤਾਬਕ ਸ਼ਹਿਰ ਦੀਆਂ ਜ਼ਿਆਦਾਤਰ ਕਾਲੋਨੀਆਂ ਵਿੱਚ ਤਿੰਨ ਦਿਨਾਂ ਵਿੱਚ ਇੱਕ ਵਾਰ ਪਾਣੀ ਦਿੱਤਾ ਜਾ ਰਿਹਾ ਹੈ। ਖ਼ਬਰ ਮੁਤਾਬਕ ਅਦਾਲਤ ਵਿੱਚ ਸੁਣਵਾਈ ਦੌਰਾਨ ਕੁਝ ਵਕੀਲਾਂ ਨੇ ਵਰਕਰਾਂ ਉੱਪਰ ਵੀਆਈਪੀ ਇਲਾਕਿਆਂ ਪ੍ਰਤੀ ਪੱਖਪਾਤੀ ਹੋਣ ਦੇ ਇਲਜ਼ਾਮ ਲਾਏ ਸਨ।

ਇਮਰਾਨ ਖ਼ਾਨ ਦੀ ਤਲਾਕਸ਼ੁਦਾ ਪਤਨੀ ਨੂੰ ਨੋਟਿਸ

ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੀ ਤਲਾਕਸ਼ੁਦਾ ਪਤਨੀ ਰੇਹਾਮ ਖ਼ਾਨ ਨੂੰ ਚਾਰ ਵਿਅਕਤੀਆਂ ਨੇ ਕਾਨੂੰਨੀ ਨੋਟਿਸ ਭੇਜੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਨੋਟਿਸ ਭੇਜਣ ਵਾਲਿਆ ਵਿੱਚ ਸਾਬਕਾ ਕ੍ਰਿਕਟ ਖਿਡਾਰੀ- ਵਸੀਮ ਅਕਰਮ, ਰੇਹਾਮ ਖ਼ਾਨ ਦੇ ਪਹਿਲੇ ਪਤੀ ਡਾ਼ ਇਜਾਜ਼ ਰੇਹਾਮ, ਬਰਤਾਨਵੀ ਵਪਾਰੀ ਸਈਦ ਜ਼ੁਲਫਿਕਾਰ ਬੁਖ਼ਾਰੀ ਅਤੇ ਇਮਰਾਨ ਦੀ ਪਾਰਟੀ ਦੇ ਬੁਲਾਰੇ ਅਨੀਲਾ ਖ਼ਵਾਜਾ ਹਨ।

ਇਹ ਨੋਟਿਸ ਰੇਹਾਮ ਖ਼ਾਨ ਨੂੰ ਉਨ੍ਹਾਂ ਦੀ ਆਉਣ ਵਾਲੀ ਕਿਤਾਬ ਵਿੱਚ ਉਨ੍ਹਾਂ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਸੈਕਸ ਜ਼ਿੰਦਗੀ ਬਾਰੇ ਕੀਤੇ ਖੁਲਾਸਿਆਂ ਕਰਕੇ ਭੇਜੇ ਗਏ ਹਨ।

ਪ੍ਰਣਬ ਮੁਖਰਜੀ ਦੇ ਸੰਘ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਉਨ੍ਹਾਂ ਦੀ ਪੁੱਤਰੀ ਖਫ਼ਾ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀਰਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਨਾਗਪੁਰ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੇ ਹਨ। ਉਹ ਇੱਕ ਮਹੀਨਾ ਚੱਲਣ ਵਾਲੇ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਆਰਐਸਐਸ ਦੇ ਮੰਚ 'ਤੇ ਮੌਜੂਦ ਰਹਿਣਗੇ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਧੀ ਸ਼ਰਮਿਸਥਾ ਮੁਖਰਜੀ ਨੇ ਆਪਣੇ ਪਿਤਾ ਨਾਲ ਇੱਕ ਟਵੀਟ ਜ਼ਰੀਏ ਨਾਰਾਜ਼ਗੀ ਜਾਹਰ ਕੀਤੀ ਹੈ।

ਸ਼ਰਮਿਸਥਾ ਮੁਖਰਜੀ ਦਿੱਲੀ ਕਾਂਗਰਸ ਦੇ ਬੁਲਾਰੇ ਵੀ ਹਨ। ਉਨ੍ਹਾਂ ਨੇ ਟਵੀਟ ਵਿੱਚ ਆਪਣੇ ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਦੇ ਬੋਲੇ ਗਏ ਸ਼ਬਦ ਭੁਲਾ ਦਿੱਤੇ ਜਾਣਗੇ ਅਤੇ ਤਸਵੀਰਾਂ ਝੂਠੇ ਬਿਆਨਾਂ ਨਾਲ ਫੈਲਾਈਆਂ ਜਾਣਗੀਆਂ।

ਉਨ੍ਹਾਂ ਨੇ ਇਸ ਮਸਲੇ ਬਾਰੇ ਦੋ ਟਵੀਟ ਕੀਤੇ-

ਮਾਲਵੇ ਵਿੱਚ ਤੂਫਾਨ ਦੀ ਤਬਾਹੀ

ਬੀਤੀ ਰਾਤ ਫਤਿਹਗੜ੍ਹ ਪੰਜਤੂਰ ਅਤੇ ਆਸਪਾਸ ਦੇ ਪਿੰਡਾਂ 'ਚ ਆਏ ਤੂਫਾਨ ਨੇ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲੰਘੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਅੱਖ ਝੱਪਕਦਿਆਂ ਹੀ ਤੇਜ਼ ਹਨ੍ਹੇਰੀ ਆ ਗਈ, ਜਿਸਨੇ ਤੂਫਾਨ ਦਾ ਰੂਪ ਧਾਰ ਲਿਆ। ਇਸ ਤੂਫਾਨ ਨਾਲ ਦਰਜਨਾਂ ਬਿਜਲੀ ਦੇ ਖੰਭੇ, ਸਫੈਦਿਆਂ ਦੇ ਵੱਡੇ ਦਰੱਖਤ, ਉੱਚੀਆਂ ਇਮਾਰਤਾਂ ਤੇ ਪਸ਼ੂਆਂ ਲਈ ਬਣਾਏ ਟੀਨ ਦੇ ਵੱਡੇ ਸ਼ੈਡ ਢਹਿ ਗਏ।

ਇੱਥੋਂ ਦਾ ਇੱਕ ਨੌਜਵਾਨ ਖੇਤ ਤੋਂ ਵਾਪਸ ਆਉਂਦਾ ਤੂਫਾਨ ਦੀ ਲਪੇਟ 'ਚ ਆਉਣ ਕਾਰਨ ਜ਼ਖ਼ਮੀ ਹੋ ਗਿਆ। ਖ਼ਬਰ ਮੁਤਾਬਕ ਬਰਸਾਤ ਸ਼ੁਰੂ ਹੋਣ ਨਾਲ ਤੂਫਾਨ ਥੰਮ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)