You’re viewing a text-only version of this website that uses less data. View the main version of the website including all images and videos.
ਬਲਾਗ: ਕੀ 'ਵੀਰੇ ਦੀ ਵੈਡਿੰਗ' ਇੱਕ ਨਾਰੀਵਾਦੀ ਫ਼ਿਲਮ ਹੈ?
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਕਿਹੋ ਜਿਹੀਆਂ ਹੁੰਦੀਆਂ ਹਨ ਨਾਰੀਵਾਦੀ ਕੁੜੀਆਂ? ਇਸ ਸਵਾਲ ਦੇ ਦੋ ਜਵਾਬ ਹੋ ਸਕਦੇ ਹਨ।
ਆਮ ਧਾਰਨਾ ਹੈ ਕਿ ਇਹ ਉਹ ਕੁੜੀਆਂ ਹਨ ਜਿਹੜੀਆਂ ਛੋਟੇ ਕੱਪੜੇ ਪਾਉਂਦੀਆਂ ਹਨ, ਸ਼ਰਾਬ-ਸਿਗਰਟ ਪੀਂਦੀਆਂ ਹਨ ਅਤੇ ਦੇਰ ਤੱਕ ਪਾਰਟੀ ਕਰਦੀਆਂ ਹਨ।
ਜੋ 'ਅਵੇਲੇਬਲ' ਹੁੰਦੀਆਂ ਹਨ, ਜਿਨ੍ਹਾਂ ਨੂੰ ਬਿਨਾਂ ਜ਼ਿੰਮੇਵਾਰੀ ਵਾਲੇ ਸਰੀਰਕ ਰਿਸ਼ਤੇ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਅਤੇ ਮੁੰਡਿਆਂ ਨੂੰ ਆਪਣੇ ਤੋਂ ਨੀਵਾਂ ਸਮਝਦੀਆਂ ਹਨ।
ਜਿਹੜੀਆਂ ਬਰਾਬਰੀ ਦੇ ਨਾਂ 'ਤੇ ਉਹ ਸਭ ਕਰਨ ਦੀ ਜ਼ਿੱਦ ਕਰਦੀਆਂ ਹਨ ਜੋ ਮਰਦ ਕਰਦੇ ਹਨ, ਜਿਵੇਂ ਗਾਲ੍ਹਾਂ ਕੱਢਣਾ ਅਤੇ ਦੂਜੇ ਨੂੰ 'ਸੈਕਸ' ਕਰਨ ਦੀ ਵਸਤੂ ਦੀ ਤਰ੍ਹਾਂ ਦੇਖਣਾ।
ਅਤੇ ਅਸਲ ਵਿੱਚ ਕਿਹੋ ਜਿਹੀਆਂ ਹੁੰਦੀਆਂ ਹਨ ਨਾਰੀਵਾਦੀ ਕੁੜੀਆਂ? ਇਸਦਾ ਜਵਾਬ ਬਾਅਦ 'ਚ।
ਨਾਰੀਵਾਦੀ ਕਹੇ ਜਾਣ ਤੋਂ ਕਤਰਾਉਂਦੇ ਹਨ ਮਰਦ
ਆਮ ਸਮਝ ਵਧੇਰੇ ਜਾਣੀ-ਪਛਾਣੀ ਹੈ ਅਤੇ ਇਸ ਲਈ ਵਧੇਰੇ ਔਰਤਾਂ ਅਤੇ ਮਰਦ ਨਾਰੀਵਾਦੀ ਕਹੇ ਜਾਣ ਤੋਂ ਕਤਰਾਉਂਦੇ ਹਨ।
ਫ਼ਿਲਮ 'ਵੀਰੇ ਦੀ ਵੈਡਿੰਗ' ਦੀਆਂ ਅਦਾਕਾਰਾਂ ਵੀ ਮੀਡੀਆ ਨਾਲ ਕੀਤੀ ਗੱਲਬਾਤ ਵਿੱਚ ਇਹ ਕਹਿੰਦੀਆਂ ਰਹੀਆਂ ਹਨ ਕਿ ਫ਼ਿਲਮ ਚਾਰ ਆਜ਼ਾਦ ਖਿਆਲ ਵਾਲੀਆਂ ਔਰਤਾਂ ਦੀ ਕਹਾਣੀ ਜ਼ਰੂਰ ਹੈ, ਪਰ 'ਨਾਰੀਵਾਦੀ' ਨਹੀਂ।
ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਆਮ ਤੌਰ 'ਤੇ ਸੋਚਿਆ ਜਾਂਦਾ ਹੈ ਕਿ ਨਾਰੀਵਾਦੀ ਹੋਣ ਵਿੱਚ ਕੁਝ ਗੰਦਾ ਹੈ, ਕੁਝ ਅਸਹਿਜ, 'ਮਾਰਡਰਨ' ਜਾਂ 'ਵੈਸਟਰਨ' ਦੇ ਉਹ ਰੂਪ ਜਿਹੜੇ ਬਦਸੂਰਤ ਹਨ।
ਉਹ ਵੱਖਰੀ ਗੱਲ ਹੈ ਕਿ 'ਵੀਰੇ ਦੀ ਵੈਡਿੰਗ' ਵਿੱਚ ਚਾਰੇ ਅਦਾਕਾਰਾਂ ਛੋਟੇ ਕੱਪੜੇ ਪਾਉਂਦੀਆਂ ਹਨ, ਸ਼ਰਾਬ-ਸਿਗਰਟ ਪੀਂਦੀਆਂ ਹਨ ਤੇ ਦੇਰ ਰਾਤ ਤੱਕ ਪਾਰਟੀ ਕਰਦੀਆਂ ਹਨ।
ਉਨ੍ਹਾਂ ਵਿੱਚੋਂ ਇੱਕ ਅਦਾਕਾਰਾ ਨੂੰ ਇੱਕ ਮਰਦ 'ਅਵੇਲੇਬਲ' ਸਮਝਦਾ ਹੈ, ਸ਼ਰਾਬ ਦੇ ਨਸ਼ੇ 'ਚ ਦੋਵੇਂ ਸਰੀਰਕ ਰਿਸ਼ਤਾ ਵੀ ਬਣਾਉਂਦੇ ਹਨ ਜਿਸ ਤੋਂ ਬਾਅਦ ਵੀ ਉਹ ਅਦਾਕਾਰਾ ਮਰਦ ਨੂੰ ਖ਼ੁਦ ਤੋਂ ਨੀਵਾਂ ਹੀ ਸਮਝਦੀ ਹੈ।
ਗ਼ਾਲ੍ਹਾਂ ਨਾਲ ਭਰੀ ਫ਼ਿਲਮ
ਫ਼ਿਲਮ ਵਿੱਚ ਵਧੇਰੇ ਗ਼ਾਲਾਂ ਦੀ ਵਰਤੋਂ ਹੋਈ ਹੈ ਅਤੇ ਉਹ ਸਾਰੇ ਡਾਇਲਾਗਜ਼ ਚਾਰਾਂ ਅਦਾਕਾਰਾਂ ਦੇ ਹੀ ਹਨ।
ਇੱਕ ਅਦਾਕਾਰਾ ਆਪਣੇ ਪਤੀ ਦੀ ਤਾਰੀਫ਼ ਹੀ ਉਸਦੇ ਸੈਕਸ ਕਰਨ ਦੀ ਕਾਬਲੀਅਤ ਦੀ ਤਰਜ 'ਤੇ ਕਰਦੀ ਹੈ।
ਆਮ ਧਾਰਨਾ ਮੁਤਾਬਕ ਉਹ 'ਨਾਰੀਵਾਦੀ' ਹੀ ਹੋਈ।
ਫ਼ਿਲਮ ਹੈ ਵੀ ਚਾਰ ਮਹਿਲਾ ਦੋਸਤਾਂ ਦੀ ਕਹਾਣੀ-ਬਾਲੀਵੁੱਡ ਵਿੱਚ ਸ਼ਾਇਦ ਪਹਿਲੀ ਵਾਰ ਮਰਦਾਂ ਦੇ ਯਾਰਾਨੇ ਤੋਂ ਹਟ ਕੇ ਔਰਤਾਂ ਨੂੰ ਹੀਰੋ ਬਣਾ ਕੇ, ਉਨ੍ਹਾਂ ਦੀ ਦੋਸਤੀ ਨੂੰ ਕੇਂਦਰ ਵਿੱਚ ਰੱਖ ਕੇ ਉਸਦੇ ਆਲੇ-ਦੁਆਲੇ ਸਭ ਬੁਣਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਹਾਣੀ ਦਾ ਮਕਸਦ ਸਿਰਫ਼ ਵਿਆਹ ਨਹੀਂ
ਅਜਿਹੇ ਵਿੱਚ ਜਦੋਂ ਮੈਂ ਫ਼ਿਲਮ ਦੇਖਣ ਗਈ ਤਾਂ ਸੋਚਿਆ ਕਿ ਬਦਲਦੀ ਦੁਨੀਆਂ ਦੀ ਬਦਲਦੀ ਔਰਤ ਦੀ ਕਹਾਣੀ ਮਿਲੇਗੀ।
ਜਿਹੜੀ ਸਿਰਫ਼ ਮਰਦ ਦੇ ਆਲੇ-ਦੁਆਲੇ ਨਹੀਂ ਘੁੰਮਦੀ, ਜਿਸ ਨੂੰ ਪਿਆਰ ਦੇ ਨਾਲ ਆਪਣੀ ਹੋਂਦ, ਆਪਣੀ ਪਛਾਣ ਚਾਹੀਦੀ ਹੈ।
ਜਿਸ ਕਹਾਣੀ ਦਾ ਮਕਸਦ ਸਿਰਫ਼ ਵਿਆਹ ਨਹੀਂ ਹੈ, ਜਿਸ ਵਿੱਚ ਵਿਆਹ ਦੀ ਆਪਣੀ ਥਾਂ ਹੈ ਅਤੇ ਬਾਕੀ ਰਿਸ਼ਤਿਆਂ ਦੀ ਆਪਣੀ,
ਜਿਸ ਵਿੱਚ ਸਹੇਲੀਆਂ ਦੀ ਉਹ ਡੂੰਘੀ ਆਪਸੀ ਸਮਝ ਹੈ ਜੋ ਔਰਤਾਂ ਵੀ ਉਸੇ ਤਰ੍ਹਾਂ ਹੀ ਬਣਾ ਲੈਂਦੀਆਂ ਹਨ ਜਿਵੇਂ ਮਰਦ।
ਵੱਖ-ਵੱਖ ਜ਼ਿੰਦਗੀਆਂ ਨੂੰ ਇੱਕ ਧਾਗੇ 'ਚ ਪਰੋਣ ਵਾਲੀ ਉਹ ਪਛਾਣ ਜਿਹਡੀ ਸਾਡਾ ਸਮਾਜ ਸਾਨੂੰ ਜੈਂਡਰ ਜ਼ਰੀਏ ਦਿੰਦਾ ਹੈ।
ਔਰਤਾਂ ਵਿੱਚ ਅਕਸਰ ਉਹ ਵਿਆਹ ਕਰਨ ਦਾ ਦਬਾਅ, ਕਰੀਅਰ ਬਣਾਉਣ ਦੀ ਖਾਹਿਸ਼ ਜਾਂ ਬੱਚੇ ਦੇਰ ਨਾਲ ਪੈਦਾ ਕਰਨ ਦੀ ਲੜਾਈ ਹੁੰਦੀ ਹੈ।
'ਆਮ ਫ਼ਿਲਮ ਕਿਉਂ ਰਹਿ ਗਈ ਵੀਰੇ ਦੀ ਵੈਡਿੰਗ'
ਕਹਾਣੀ ਵਿੱਚ ਉਹ ਸਭ ਕੁਝ ਹੋ ਸਕਦਾ ਸੀ ਪਰ ਉਹ ਜ਼ਮੀਨ 'ਤੇ ਹੀ ਸਿਮਟ ਕੇ ਰਹਿ ਗਿਆ। ਕੁਝ ਹੱਦ ਤੱਕ ਵੱਡੇ ਪਰਦੇ 'ਤੇ ਆਮ ਸਮਝ ਵਾਲੀ ਫੈਮੀਨਿਸਟ' ਔਰਤਾਂ ਹੀ ਮਿਲੀਆਂ।
ਉਨ੍ਹਾਂ ਨੇ ਹੱਥਰਸੀ ਦੀ ਗੱਲ ਵੀ ਕੀਤੀ, 'ਆਪਣਾ ਹਾਥ ਜਗਨਨਾਥ' ਕਹਿੰਦੇ ਹੋਏ ਉਨ੍ਹਾਂ ਦੀ ਜ਼ੁਬਾਨ ਜ਼ਰਾ ਨਹੀਂ ਲੜਖੜਾਈ।
ਸੈਕਸ ਦੀ ਲੋੜ ਬਾਰੇ ਬਿੰਦਾਸ ਹੋ ਕੇ ਬੋਲੀ ਅਤੇ ਇੱਕ ਤਾਂ ਹੱਥਰਸੀ ਕਰਦੇ ਹੋਏ ਦਿਖਾਈ ਵੀ ਗਈ। ਜਿਸ ਸੀਨ ਲਈ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਵੀ ਹੋਈ।
ਪਰ ਫ਼ਿਲਮ ਆਮ ਤੋਂ ਅਸਲ ਦਾ ਸਫ਼ਰ ਤੈਅ ਨਾ ਕਰ ਸਕੀ। ਫ਼ਿਲਮ ਨੇ ਇੱਕ ਕਦਮ ਅੱਗੇ ਵਧਾਇਆ ਤਾਂ ਤਿੰਨ ਪਿੱਛੇ ਖਿੱਚ ਲਏ।
ਆਜ਼ਾਦ ਖਿਆਲ 'ਨਾਰੀਵਾਦੀ' ਔਰਤ ਸ਼ਰਾਬ-ਸਿਗਰਟ-ਗਾਲ੍ਹਾਂ ਦੇ ਬਿਨਾਂ ਵੀ ਆਪਣੀ ਗੱਲ ਬੇਬਾਕੀ ਨਾਲ ਕਹਿੰਦੀ ਹੈ।
ਉਸ ਨੂੰ ਮਰਦ ਨੂੰ ਮਿਲਣ ਵਾਲੀ ਹਰ ਛੂਟ ਹੱਕ ਦੇ ਤੌਰ 'ਤੇ ਚਾਹੀਦੀ ਜ਼ਰੂਰ ਹੈ ਪਰ ਸਿਰਫ਼ ਉਹੀ ਸਭ ਕਰ ਸਕਣਾ ਆਜ਼ਾਦੀ ਦਾ ਮਿਆਰ ਨਹੀਂ ਹੈ।
ਬਹੁਤ ਸੋਹਣਾ ਹੈ 'ਨਾਰੀਵਾਦੀ' ਹੋਣਾ। ਉਹ ਮਰਦਾਂ ਨੂੰ ਨੀਵਾਂ ਦਿਖਾਉਣ ਜਾਂ ਉਨ੍ਹਾਂ ਖ਼ਿਲਾਫ਼ ਹੋਣਾ ਨਹੀਂ ਬਲਕਿ ਉਨ੍ਹਾਂ ਦੇ ਨਾਲ ਚੱਲਣਾ ਹੈ।
ਉਹ ਖ਼ੂਬਸੂਰਤੀ ਜਿਹੜੀ ਹੋਟਲ ਵਿੱਚ ਬਿੱਲ ਦੇ ਪੈਸੇ ਚੁਕਾਉਣ ਦੀ ਛੋਟੀ ਜਿਹੀ ਜ਼ਿੱਦ ਵਿੱਚ ਹੈ, ਨੌਕਰੀ ਕਰਨ ਜਾਂ ਘਰ ਸੰਭਾਲਣ ਦੀ ਜ਼ਿੱਦ ਵਿੱਚ ਹੈ।
ਅਤੇ ਇਹ ਜਾਣਦੇ ਹੋਏ ਅਵਾਰਾਗਰਦੀ ਕਰਨ ਵਿੱਚ ਹੈ ਜਦੋਂ ਦਿਲ ਵਿੱਚ ਇਹ ਸਕੂਨ ਹੋਵੇ ਕਿ ਮੈਨੂੰ ਸੈਕਸ ਦੀ ਵਸਤੂ ਦੀ ਤਰ੍ਹਾਂ ਨਾ ਵੇਖਿਆ ਜਾਵੇਗਾ।
ਸਹੀ ਕਿਹਾ ਸੀ ਇਸ 'ਵੈਡਿੰਗ' ਦੀ 'ਵੀਰੇ' ਨੇ, ਕਿ ਉਨ੍ਹਾਂ ਦੀ ਫ਼ਿਲਮ 'ਨਾਰੀਵਾਦੀ' ਨਹੀਂ ਹੈ।
ਉਡੀਕ ਰਹੇਗੀ ਉਸ ਫ਼ਿਲਮ ਦੀ ਜਿਸ ਨੂੰ 'ਨਾਰੀਵਾਦੀ' ਦੀ ਅਸਲ ਸਮਝ ਤੋਂ ਬਣਾਇਆ ਗਿਆ ਹੋਵੇ ਅਤੇ ਜਿਸ ਨੂੰ ਬਣਾਉਣ ਵਾਲਿਆਂ ਨੂੰ ਖ਼ੁਦ ਨੂੰ 'ਨਾਰੀਵਾਦੀ' ਕਹਿਣ ਵਿੱਚ ਕੋਈ ਸ਼ਰਮ ਨਾ ਆਵੇ।