ਆਪਰੇਸ਼ਨ ਬਲੂ ਸਟਾਰ ਵਰ੍ਹੇ ਗੰਢ 'ਤੇ ਅੰਮ੍ਰਿਤਸਰ ਦੀ ਕਿਲ੍ਹੇਬੰਦੀ

ਆਪਰੇਸ਼ਨ ਬਲੂ ਸਟਾਰ ਦੀ 34 ਵੀਂ ਵਰ੍ਹੇ ਗੰਢ ਕਰਕੇ ਅੰਮ੍ਰਿਤਸਰ ਵਿੱਚ ਸੁਰੱਖਿਆ ਬੰਦੋਬਸਤ ਵਧਾ ਦਿੱਤੇ ਗਏ ਹਨ ਅਤੇ ਸ਼ਹਿਰ ਨੂੰ ਇੱਕ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਦੀਆਂ ਵੀ ਕਈ ਕੰਪਨੀਆਂ ਤਇਨਾਤ ਕੀਤੀਆਂ ਗਈਆਂ ਹਨ।

ਸ੍ਰੀ ਦਰਬਾਰ ਸਾਹਿਬ ਦੇ ਚੁਗਿਰਦੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦਸਤਿਆਂ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਕੀਤੀ ਗਈ ਹੈ ਕਿਉਂਕਿ ਦਰਬਾਰ ਸਾਹਿਬ ਸਮੂਹ ਦੇ ਆਸ ਪਾਸ ਹੀ ਜ਼ਿਆਦਾਤਰ ਹਰ ਸਾਲ ਤਣਾਅ ਬਣ ਜਾਂਦਾ ਹੈ।

ਕਿਮ ਤੇ ਟਰੰਪ ਦੇ ਰਾਖੇ ਬਣਨਗੇ ਗੋਰਖਾ ਜਵਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸਿੰਗਾਪੁਰ ਵਿੱਚ ਹੋਣ ਵਾਲੀ ਬੈਠਕ ਵੱਲ ਦੁਨੀਆਂ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

ਕਿਸੇ ਸਮੇਂ ਇੱਕ-ਦੂਜੇ ਨੂੰ ਅੱਖਾਂ ਦਿਖਾਉਣ ਵਾਲੇ ਹੁਣ ਆਖ਼ੀਰ 12 ਜੂਨ ਨੂੰ ਮਿਲਣ ਜਾ ਰਹੇ ਹਨ। ਇਸ ਇਤਿਹਾਸਕ ਮੁਲਾਕਾਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ, ਖ਼ਾਸ ਕਰਕੇ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਤਿਆਰੀਆਂ।

ਟਰੰਪ ਅਤੇ ਕਿਮ ਦੀ ਇਸ ਮੁਲਾਕਾਤ ਸਮੇਂ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਗੋਰਖਾ ਜਾਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸਿੰਗਾਪੁਰ ਪੁਲਿਸ ਦੀ ਗੋਰਖਾ ਟੁਕੜੀ ਨੂੰ ਖ਼ਾਸ ਮੌਕਿਆਂ 'ਤੇ ਹੀ ਇਹ ਜਿੰਮੇਵਾਰੀ ਦਿੱਤੀ ਜਾਂਦੀ ਹੈ।

ਮੋਦੀ ਟਰੰਪ ਤੋਂ ਬੁਰੇ

ਉੱਘੀ ਲੇਖਕ ਅਰੂਨਧਤੀ ਰਾਏ ਨੇ ਬੀਬੀਸੀ ਨਿਊਜ਼ਨਾਈਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜ ਕਾਲ ਵਿੱਚ ਜੋ ਵਾਪਰ ਰਿਹਾ ਹੈ ਉਹ ਡਰਾਉਣਾ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਮੋਦੀ ਟਰੰਪ ਨਾਲੋਂ ਵੀ ਬੁਰੇ ਹਨ। ਉਨ੍ਹਾਂ ਕਿਹਾ ਕਿ ਟਰੰਪ ਬੇਰੋਕ ਹਨ ਪਰ ਅਮਰੀਕੀ ਸੰਸਥਾਵਾਂ ਉਨ੍ਹਾਂ ਨਾਲ ਅਸਹਿਮਤ ਹਨ ਅਤੇ ਉੱਥੇ ਗੁੱਸਾ ਹੈ। ਦੂਸਰੇ ਪਾਸੇ ਭਾਰਤ ਵਿੱਚ ਸਾਰੀਆਂ ਸੰਸਥਾਵਾਂ ਤੋਂ ਪਿੱਛਾ ਛੁਡਾਇਆ ਜਾ ਰਿਹਾ ਹੈ।

ਸ਼ਾਹ ਨੂੰ ਪਈ ਐਨਡੀਏ ਦੀ ਫ਼ਿਕਰ

ਅਮਿਤ ਸ਼ਾਹ ਆਗਾਮੀ ਚੋਣਾਂ ਵਿੱਚ ਐਨਡੀਏ ਨੂੰ ਸਲਮਾਤ ਰੱਖਣ ਲਈ ਸਹਿਯੋਗੀਆਂ ਨਾਲ ਮੁਲਾਕਾਤਾਂ ਕਰਨ ਜਾ ਰਹੇ ਹਨ। ਸਭ ਤੋਂ ਪਹਿਲਾਂ ਉਹ ਸ਼ਿਵ ਸੈਨਾ ਦੇ ਉਧਵ ਠਾਕਰੇ ਨਾਲ ਮੁਲਾਕਾਤ ਕਰਨਗੇ, ਜੋ ਕਿ ਅਕਸਰ ਵਿਰੋਧੀ ਸੁਰ ਵਿੱਚ ਬੋਲਦੇ ਹਨ।

ਇਸ ਖ਼ਾਸ ਮਸ਼ਕ ਵਿੱਚ ਉਹ ਹੋਰ ਵੀ ਸਹਿਯੋਗੀਆਂ ਨੂੰ ਮਿਲਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)