ਵੇਦਾਂਤਾ ਦੀ ਸਟੱਰਲਾਈਟ ਫੈਕਟਰੀ ਹੋਵੇਗੀ ਹਮੇਸ਼ਾਂ ਲਈ ਬੰਦ

ਤਮਿਲਨਾਡੂ ਸਰਕਾਰ ਨੇ ਤੂਤੂਕੁਡੀ (ਟਿਊਟੀਕੋਰਿਨ) ਜ਼ਿਲ੍ਹੇ ਵਿੱਚ ਵੇਦਾਂਤਾ ਗਰੁਪ ਦੀ ਸਟੱਰਲਾਈਟ ਫੈਕਟਰੀ ਨੂੰ ਹਮੇਸ਼ਾਂ ਲਈ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਕੁਝ ਦਿਨ ਪਹਿਲਾਂ ਫੈਕਟਰੀ ਦੇ ਖਿਲਾਫ਼ ਹਿੰਸਕ ਮੁਜ਼ਾਹਰੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇਸ ਵਿਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਪੱਤਰਕਾਰ ਅਤੇ ਕੈਮਰਾਮੈਨ ਸ਼ਾਮਲ ਹਨ।

ਸਥਾਨਕ ਪੁਲਿਸ ਮੁਤਾਬਕ ਹਿੰਸਾ ਉਸ ਵੇਲੇ ਭੜਕੀ ਜਦੋਂ ਮੁਜ਼ਾਹਰਾਕਾਰੀ ਜ਼ਿਲ੍ਹਾ ਹੈੱਡਕੁਆਟਰ ਦੇ ਅੰਦਰ ਦਾਖਲ ਹੋਣ ਲਈ ਅੱਗੇ ਵਧ ਰਹੇ ਸਨ।

ਸਟੱਰਲਾਈਟ ਕੀ ਹੈ?

ਵੇਦਾਂਤਾ ਦੁਨੀਆਂ ਦੀਆਂ ਵੱਡੀਆਂ ਖਣਨ ਕੰਪਨੀਆਂ ਵਿੱਚੋਂ ਇੱਕ ਹੈ। ਇਸਦੇ ਮਾਲਿਕ ਪਟਨਾ ਦੇ ਰਹਿਣ ਵਾਲੇ ਅਨਿਲ ਅਗਰਵਾਲ ਹਨ।

ਵੇਦਾਂਤਾ ਗਰੁੱਪ ਦੀ ਹੀ ਇੱਕ ਕੰਪਨੀ ਦਾ ਨਾਂ ਸਟੱਰਲਾਈਟ ਹੈ।

ਸਟੱਰਲਾਈਟ ਤਮਿਲਨਾਡੂ ਦੇ ਤੂਤੂਕੁਡੀ ਅਤੇ ਸਿਲਵਾਸਾ (ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਨਾਗਰ ਹਵੇਲੀ ਦੀ ਰਾਜਧਾਨੀ) ਵਿੱਚ ਆਪਰੇਟ ਕਰਦੀ ਹੈ।

ਤੂਤੂਕੁਡੀ ਵਾਲੇ ਕਾਰਖਾਨੇ ਵਿੱਚ ਹਰ ਸਾਲ 4 ਲੱਖ ਟਨ ਤਾਂਬੇ ਦਾ ਉਤਪਾਦਨ ਹੁੰਦਾ ਹੈ। ਸਾਲ 2017 ਵਿੱਚ ਇਸ ਕੰਪਨੀ ਦਾ ਟਰਨਓਵਰ 11.5 ਅਰਬ ਡਾਲਰ ਸੀ।

ਵਿਰੋਧ ਪ੍ਰਦਰਸ਼ਨ ਕਦੋਂ ਸ਼ੁਰੂ ਹੋਏ?

ਸਾਲ 1992 ਵਿੱਚ ਮਹਾਰਾਸ਼ਟਰ ਉਦਯੋਗ ਵਿਕਾ ਸਨੀਗਮ ਨੇ ਰਤਨਾਗੀਰੀ ਵਿੱਚ ਸਟੱਰਲਾਈਟ ਲਿਮਟਡ ਨੂੰ 500 ਏਕੜ ਜ਼ਮੀਨ ਅਲਾਟ ਕੀਤੀ ਸੀ।

ਬਾਅਦ ਵਿੱਚ ਸਥਾਨਕ ਲੋਕਾਂ ਨੇ ਯੋਜਨਾ ਦਾ ਵਿਰੋਧ ਕੀਤਾ ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਸ ਮੁੱਦੇ 'ਤੇ ਜਾਂਚ ਲਈ ਕਮੇਟੀ ਬਣਾ ਦਿੱਤੀ।

ਕਮੇਟੀ ਨੇ 1993 ਵਿੱਚ ਆਪਣੀ ਰਿਪੋਰਟ ਦਿੱਤੀ ਅਤੇ ਇਸ ਰਿਪੋਰਟ ਦੇ ਆਧਾਰ 'ਤੇ ਜ਼ਿਲ੍ਹਾ ਅਧਿਕਾਰੀ ਨੇ ਕੰਪਨੀ ਨੂੰ ਉਸ ਇਲਾਕੇ ਵਿੱਚ ਨਿਰਮਾਣ ਕਾਰਜ ਰੋਕਣ ਦਾ ਹੁਕਮ ਦਿੱਤਾ।

ਬਾਅਦ ਵਿੱਚ ਇਸ ਫੈਕਟਰੀ ਨੂੰ ਮਹਾਰਾਸ਼ਟਰ ਤੋਂ ਤਾਮਿਲਨਾਡੂ ਸ਼ਿਫ਼ਟ ਕਰ ਦਿੱਤਾ ਗਿਆ।

ਕੀ ਕਹਿੰਦੇ ਹਨ ਅਨਿਲ ਅਗਰਵਾਲ

ਵੇਦਾਂਤਾ ਦੇ ਮੁਖੀ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਕੁਝ ਨਿੱਜੀ ਸਵਾਰਥ ਵਾਲੇ ਲੋਕ ਉਨ੍ਹਾਂ ਦੀ ਕੰਪਨੀ ਵੇਦਾਂਤਾ ਅਤੇ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਉਸ ਨਾਲ ਹੀ ਸੱਚ ਬਾਹਰ ਆਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)