You’re viewing a text-only version of this website that uses less data. View the main version of the website including all images and videos.
ਵੇਦਾਂਤਾ ਗਰੁੱਪ ਦੀ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਗੋਲੀਬਾਰੀ, 10 ਮੌਤਾਂ
- ਲੇਖਕ, ਪ੍ਰਮਿਲਾ
- ਰੋਲ, ਪੱਤਰਕਾਰ, ਬੀਬੀਸੀ ਤਮਿਲ
ਤਾਮਿਲਨਾਡੂ ਦੇ ਤੂਤੂਕੁਡੀ (ਟਿਊਟੀਕੋਰਿਨ) ਜ਼ਿਲੇ ਵਿੱਚ ਵੇਦਾਂਤਾ ਸਮੂਹ ਦੀ ਕੰਪਨੀ ਸਟੱਰਲਾਈਟ ਕਾਪਰ ਦੇ ਖਿਲਾਫ਼ ਹਿੰਸਕ ਮੁਜ਼ਾਹਰੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਵਿਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਪੱਤਰਕਾਰਾਂ ਅਤੇ ਕੈਮਰਾਪਰਸਨਜ਼ ਸ਼ਾਮਲ ਹਨ।
ਸਥਾਨਕ ਪੁਲਿਸ ਮੁਤਾਬਕ ਹਿੰਸਾ ਉਸ ਵੇਲੇ ਭੜਕੀ ਜਦੋਂ ਮੁਜ਼ਾਹਰਾਕਾਰੀ ਜ਼ਿਲ੍ਹਾ ਹੈੱਡਕੁਆਟਰ ਦੇ ਅੰਦਰ ਦਾਖਲ ਹੋਣ ਲਈ ਅੱਗੇ ਵਧ ਰਹੇ ਸਨ।
ਸਟੱਰਲਾਈਟ ਫੈਕਟਰੀ ਤੋਂ ਹੁੰਦੇ ਪ੍ਰਦੂਸ਼ਣ ਦੇ ਵਿਰੋਧ ਵਿੱਚ ਸਥਾਨਕ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਮੰਗਲਵਾਰ ਨੂੰ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ।
ਇਸ ਦੌਰਾਨ ਆਮ ਲੋਕਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਅਤੇ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ।
ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 10 ਲੋਕ ਮਾਰੇ ਗਏ ਅਤੇ 40 ਤੋਂ ਵੱਧ ਜਖ਼ਮੀ ਹੋ ਗਏ ।ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਮੁਜ਼ਹਰਾਕਾਰੀਆਂ ਨੇ ਪੱਥਰਬਾਜ਼ੀ ਕੀਤੀ ਜਿਸ ਨੂੰ ਕਾਬੂ ਕਰਨ ਲਈ ਲਾਠੀਬਾਜ਼ੀ ਕੀਤੀ ਅਤੇ ਜਦੋਂ ਹਾਲਾਤ ਕਾਬੂ ਵਿੱਸ ਨਹੀਂ ਆਏ ਤਾਂ ਪੁਲਿਸ ਨੂੰ ਫਾਇਰਿੰਗ ਕਰਨੀ ਪਈ।
ਸਥਾਨਕ ਲੋਕ ਇਸ ਪਲਾਂਟ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਲੋਕ ਜਾ ਇਲਜ਼ਾਮ ਹੈ ਕਿ ਇਸ ਪਲਾਂਟ ਤੋਂ ਪ੍ਰਦੂਸ਼ਣ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਦਾ ਸੰਕਟ ਪੈਦਾ ਹੋ ਗਿਆ ਹੈ।
ਇਸ ਕੰਪਨੀ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਆਪਣੀ ਇੱਕ ਹੋਰ ਇਕਾਈ ਵਧਾਉਣ ਦਾ ਐਲਾਨ ਕੀਤਾ ਸੀ।
ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਇਸ ਤੱਟਵਰਤੀ ਸ਼ਹਿਰ ਵਿਚ ਭਾਰੀ ਪੁਲਿਸ ਬਲ ਤੈਇਨਾਤ ਕੀਤੇ ਗਏ ਹਨ।
ਵਧੀਕ ਪੁਲਿਸ ਬਲਾਂ ਨੂੰ ਗੁਆਂਢੀ ਜ਼ਿਲਿਆਂ ਮਦੁਰਈ ਅਤੇ ਵਿਰੁਧੁਨਗਰ ਤੋਂ ਬੁਲਾਇਆ ਗਿਆ ਹੈ।
ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਨੇ ਪੁਲਿਸ ਦੀ ਗੋਲੀਬਾਰੀ ਦੀ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ।
ਕਿਸ ਚੀਜ਼ ਦੀ ਹੈ ਫੈਕਟਰੀ
ਵੇਦਾਂਤਾ ਗਰੁੱਪ ਦੀ ਇਸ ਫੈਕਟਰੀ ਵਿੱਚ ਕਾਪਰ ਦੀਆਂ ਤਾਰਾਂ ਬਣਦੀਆਂ ਹਨ।
ਇਸ ਫੈਕਟਰੀ ਵਿੱਚ ਧਾਤ ਨੂੰ ਪਿਘਲਾਇਆ ਜਾਂਦਾ ਹੈ ਅਤੇ ਇਸ ਸਾਲ ਵਿੱਚ ਸਾਢੇ ਚਾਰ ਲੱਖ ਤਾਰ ਬਣਦੀ ਹੈ। ਵੇਦਾਂਤਾ ਬ੍ਰਿਟੇਨ ਦੀ ਕੰਪਨੀ ਹੈ ਇਹ ਫੈਕਟਰੀ ਉਸ ਦੀ ਹੀ ਇਕਾਈ ਹੈ।
ਕੰਪਨੀ ਦਾ ਹਰ ਸਾਲ 80 ਹਜ਼ਾਰ ਟਨ ਤਾਂਬੇ ਦੀ ਤਾਰ ਦੇ ਉਤਪਾਦਨ ਦਾ ਨਵਾਂ ਟੀਚਾ ਹੈ। ਫੈਕਟਰੀ ਉੱਤੇ ਸਥਾਨਕ ਲੋਕਾਂ ਵੱਲੋਂ ਪ੍ਰਦੂਸ਼ਣ ਕਰਕੇ ਵਾਤਾਵਰਨ ਖਰਾਬ ਕਰਨ ਦੇ ਇਲਜ਼ਾਮ ਹਨ।