ਨਿਊਡ ਮਾਡਲ ਦੀ ਹੱਡਬੀਤੀ: 'ਮੈਂ ਪੈਸੇ ਦੀ ਲੋੜ ਕਰਕੇ ਨਗਨ ਕਲਾਕਾਰ ਬਣੀ'

ਤਸਵੀਰ ਸਰੋਤ, BBC/PRASHANT NANAWARE
- ਲੇਖਕ, ਧੰਨਲਕਸ਼ਮੀ ਮਣੀਮੁਦਲਿਆਰ
- ਰੋਲ, ਬੀਬੀਸੀ ਦੀ ਮਰਾਠੀ ਸੇਵਾ ਲਈ
ਧੰਨਲਕਸ਼ਮੀ ਮਣੀਮੁਦਲਿਆਰ ਉਹ ਔਰਤ ਹੈ ਜਿਸਦੀ ਜ਼ਿੰਦਗੀ 'ਤੇ ਮਰਾਠੀ ਫ਼ਿਲਮ 'ਨਿਊਡ' ਆਧਾਰਿਤ ਹੈ।ਉਹ ਇੱਕ ਆਰਟ ਸਕੂਲ ਲਈ ਬਤੌਰ ਨਿਊਡ ਮਾਡਲ ਕੰਮ ਕਰਦੀ ਹੈ।
ਫ਼ਿਲਮ 'ਨਿਊਡ' ਨੇ ਧੰਨਲਕਸ਼ਮੀ ਦੇ ਕੰਮ ਅਤੇ ਕਲਾ ਨੂੰ ਲੈ ਕੇ ਖੁੱਲ੍ਹੀ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਬੀਬੀਸੀ ਮਰਾਠੀ ਲਈ ਪ੍ਰਸ਼ਾਂਤ ਨਨਾਵਰੇ ਨਾਲ ਗੱਲਬਾਤ ਕੀਤੀ।
----------------------------------------------------------------------------------------------------------------
ਜਦੋਂ ਮੈਂ ਪੰਜ ਸਾਲ ਦੀ ਸੀ ਤਾਂ ਮੈਂ ਚੇਨੰਈ ਤੋਂ ਮੁੰਬਈ ਆ ਗਈ। ਅਸੀਂ ਦੋ ਭਰਾ ਅਤੇ ਚਾਰ ਭੈਣਾਂ ਸੀ। ਅਸੀਂ ਮੁੰਬਈ ਦੇ ਮਹਾਲਕਸ਼ਮੀ ਇਲਾਕੇ 'ਚ ਝੁੱਗੀ 'ਚ ਰਹਿੰਦੇ ਸੀ।
ਮੇਰੇ ਮਾਂ-ਬਾਪ ਅਨਪੜ੍ਹ ਸਨ। ਉਹ ਕੂੜਾ ਚੁੱਕਣ ਦਾ ਕੰਮ ਕਰਦੇ ਸਨ। ਕਦੇ-ਕਦੇ ਉਹ ਸਾਨੂੰ ਗਲੀਆਂ ਅਤੇ ਸੜਕਾਂ 'ਤੇ ਭੀਖ ਮੰਗਣ ਲਈ ਵੀ ਭੇਜਦੇ ਸਨ
ਕੁਝ ਸਮੇਂ ਬਾਅਦ ਅਸੀਂ ਧਾਰਾਵੀ ਦੀਆਂ ਝੁੱਗੀਆਂ 'ਚ ਆ ਗਏ। ਅਸੀਂ ਬਹੁਤ ਗ਼ਰੀਬੀ 'ਚ ਜ਼ਿੰਦਗੀ ਜੀ ਰਹੇ ਸੀ।
ਕੁਝ ਦਿਨਾਂ ਲਈ ਅਸੀਂ ਮਟੁੰਗਾ ਲੇਬਰ ਕੈਂਪ 'ਚ ਮਿਊਨਸੀਪਲ ਕਾਰਪਾਰੋਸ਼ੇਨ ਦੇ ਸਕੂਲ ਪੜ੍ਹਨ ਗਏ, ਪਰ ਸਾਨੂੰ ਉਹ ਸਕੂਲ ਗ਼ਰੀਬੀ ਕਰ ਕਦੇ ਛੱਡਣਾ ਪਿਆ।
ਘਰ ਦੇ ਹਾਲਾਤ ਕਰਕੇ ਮੇਰੀ ਮਾਂ ਨੇ ਮੈਨੂੰ ਹੋਰਾਂ ਦੇ ਘਰਾਂ 'ਚ ਕੰਮ ਕਰਨ ਲਈ ਭੇਜਿਆ। ਅਸੀਂ ਚਾਵਲ, ਸਬਜ਼ੀ ਅਤੇ ਮੱਛੀ ਬਣਾ ਕੇ ਗ੍ਰਾਂਟ ਰੋਡ ਏਰੀਆ 'ਚ ਨਿਸ਼ਾ ਮੂਵੀ ਥਿਏਟਰ ਦੇ ਬਾਹਰ ਵੇਚਦੇ ਸੀ। ਥਿਏਟਰ ਦੇ ਬਾਹਰ ਖਾਣਾ ਵੇਚਣ ਕਰਕੇ ਮੇਰੇ ਬਚਪਨ ਤੋਂ ਹੀ ਫ਼ਿਲਮਾਂ ਵੱਲ ਝੁਕਾਅ ਹੋ ਗਿਆ।
ਮੈਂ ਸਭ ਤੋਂ ਪਹਿਲੀ ਫ਼ਿਲਮ ਸ਼ੋਲੇ ਦੇਖੀ, ਮੇਰੇ ਪਰਿਵਾਰ ਨੂੰ ਇਹ ਫ਼ਿਲਮ ਚੰਗੀ ਲੱਗੀ ਅਤੇ ਅਸੀਂ ਇਸ ਨੂੰ ਚਾਰ ਵਾਰ ਦੇਖਿਆ।
ਜਦੋਂ ਮੈਂ 12 ਸਾਲ ਦੀ ਸੀ ਤਾਂ ਮਹੀਮ ਇਲਾਕੇ 'ਚ ਇੱਕ ਮੁਸਲਿਮ ਘਰ 'ਚ ਕੰਮ ਕਰਦੀ ਸੀ। ਮੇਰੇ ਪਿਤਾ ਬਹੁਤ ਸ਼ਰਾਬ ਪੀਂਦੇ ਸਨ ਅਤੇ ਮਾਂ ਨੂੰ ਬਹੁਤ ਮਾਰਦੇ ਸਨ।
ਮੈਂ ਜਿਸ ਘਰ ਵਿੱਚ ਕੰਮ ਕਰਦੀ ਸੀ, ਮੇਰੀ ਮਾਂ ਉਸ ਘਰ ਵਿੱਚ ਆਉਂਦੀ ਤੇ ਰੌਂਦੀ ਰਹਿੰਦੀ ਸੀ।
ਆਖ਼ਿਰ ਮੈਂ ਆਪਣੀ ਨੌਕਰੀ ਗੁਆ ਦਿੱਤੀ ਅਤੇ ਫ਼ਿਰ ਮੈਂ ਜਹਾਜਾਂ ਦੀ ਗੋਦੀ ਵਾਲੇ ਇਲਾਕੇ 'ਚ ਝੀਂਗਾ ਮੱਛੀ ਵੇਚਣੀ ਸ਼ੁਰੂ ਕੀਤੀ।
ਇਸ ਦੌਰਾਨ ਮੇਰੇ ਤੋਂ ਵੱਡੇ ਭਰਾ ਅਤੇ ਭੈਣਾਂ ਦੇ ਵਿਆਹ ਹੋ ਗਏ ਅਤੇ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਹੋਣ ਲੱਗੀ। ਉਸ ਸਮੇਂ ਇੱਕ ਮਨੀ ਨਾਂ ਦਾ ਵਿਅਕਤੀ ਸਾਡੇ ਘਰ ਆਉਂਦਾ ਸੀ।
ਮੇਰੀ ਮਾਂ ਮਨੀ ਨੂੰ ਜਾਣਦੀ ਸੀ ਤੇ ਉਹ ਮੇਰੇ ਤੋਂ 10-12 ਸਾਲ ਵੱਡਾ ਸੀ। ਮੇਰੇ ਪਰਿਵਾਰ ਨੇ ਉਸ ਨਾਲ ਮੇਰਾ ਵਿਆਹ ਕਰ ਦਿੱਤਾ। ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ 15 ਸਾਲ ਦੀ ਸੀ।
ਮੇਰੇ ਇੱਕ ਭਰਾ ਦੀ ਮੌਤ ਸ਼ਰਾਬ ਦੀ ਲਤ ਕਰਕੇ ਅਤੇ ਦੂਜੇ ਦੀ ਮੌਤ ਰੇਲਵੇ ਐਕਸੀਡੈਂਟ 'ਚ ਹੋਈ। ਮੇਰੀ ਭੈਣ ਆਪਣੇ ਬੱਚੇ ਨੂੰ ਛੱਡ ਕੇ ਭੱਜ ਗਈ।
ਸੋ ਮੈਂ ਆਪਣੇ ਭਰਾਵਾਂ ਤੇ ਭੈਣ ਦੇ ਬੱਚਿਆਂ ਦੀ ਦੇਖਭਾਲ ਕਰਨ ਲੱਗੀ। ਮੇਰਾ ਪਤੀ ਇਸ ਗੱਲ ਤੋਂ ਖ਼ੁਸ਼ ਨਹੀਂ ਸੀ। ਉਸ ਨੇ ਮੇਰੇ 'ਤੇ ਤਸ਼ਦੱਦ ਢਾਹੁਣਾ ਸ਼ੂਰੂ ਕਰ ਦਿੱਤਾ। ਉਹ ਮੇਰੇ ਤੋਂ ਪੈਸੇ ਲੈਂਦਾ ਸੀ ਅਤੇ ਇਸ ਦੀ ਵਰਤੋਂ ਸ਼ਰਾਬ ਪੀਣ ਲਈ ਕਰਦਾ ਸੀ।
ਉਧਰ ਮੇਰੀ ਮਾਂ ਨੇ ਪਿਉ ਦੇ ਤਸ਼ਦੱਦ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ।
'ਲੋਕ ਮੇਰਾ ਸਰੀਰ ਚਾਹੁੰਦੇ ਸਨ'
ਜਦੋਂ ਮੇਰਾ ਵੱਡਾ ਪੁੱਤਰ 6 ਸਾਲਾਂ ਦਾ ਸੀ, ਤਾਂ ਮੈਂ ਦੂਜੀ ਵਾਰ ਗਰਭਵਤੀ ਸੀ। ਉਸ ਸਮੇਂ ਮੇਰੇ ਪਤੀ ਦੀ ਮੌਤ ਹੋ ਗਈ ਅਤੇ ਮੈਂ ਨਿੱਕੀ ਉਮਰੇ ਹੀ ਵਿਧਵਾ ਬਣ ਗਈ।
ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ 'ਤੇ ਆ ਗਈ।

ਤਸਵੀਰ ਸਰੋਤ, bbc/prashantnanaware
ਮੈਂ ਕੰਮ ਦੀ ਭਾਲ 'ਚ ਘੁੰਮ ਰਹੀ ਸੀ, ਮੈਂ ਦੇਖਣ 'ਚ ਸੋਹਣੀ ਸੀ ਅਤੇ ਕਈ ਮਰਦ ਮੇਰੇ ਵੱਲ ਮਾੜੀਆਂ ਨਜ਼ਰਾਂ ਨਾਲ ਤਕਦੇ ਰਹਿੰਦੇ ਸਨ।
ਉਹ ਮੈਨੂੰ ਕੰਮ ਤਾਂ ਦੇਣ ਨੂੰ ਤਿਆਰ ਸਨ ਪਰ ਉਨ੍ਹਾਂ ਦੀ ਅੱਖ ਮੇਰੇ ਸਰੀਰ 'ਤੇ ਸੀ। ਮੈਨੂੰ ਇਹ ਪਸੰਦ ਨਹੀਂ ਸੀ ਅਤੇ ਮੈਂ ਕਦੇ ਇਸ ਨੂੰ ਸਵੀਕਾਰ ਨਹੀਂ ਕੀਤਾ।
'ਤੁਹਾਡਾ ਡੀਲ-ਡੌਲ ਵਧੀਆ ਹੈ'
ਮੈਂ ਜੇ ਜੇ ਸਕੂਲ ਆਫ਼ ਆਰਟ 'ਚ ਕੰਮ ਕਰਦੀ ਇੱਕ ਔਰਤ ਰਾਜੰਮਾ ਨੂੰ ਜਾਣਦੀ ਸੀ। ਮੈਂ ਉਸ ਨੂੰ ਕੰਮ ਦਿਵਾਉਣ 'ਚ ਮਦਦ ਸਬੰਧੀ ਗੁਜ਼ਾਰਿਸ਼ ਕੀਤੀ, ਪਰ ਉਸ ਨੇ ਇਸ 'ਤੇ ਤਵੱਜੋ ਨਹੀਂ ਦਿੱਤੀ।
ਉਸ ਨੇ ਮੈਨੂੰ ਦੱਸਿਆ ਕਿ ਉਹ ਬਤੌਰ ਸਫ਼ਾਈ ਕਰਮੀ ਉੱਥੇ ਜੇ ਜੇ ਸਕੂਲ ਆਫ਼ ਆਰਟ 'ਚ ਕੰਮ ਕਰਦੀ ਹੈ।
ਇੱਕ ਦਿਨ ਮੈਂ ਨੌਕਰੀ ਦੀ ਭਾਲ 'ਚ ਸਕੂਲ ਗਈ ਅਤੇ ਰਾਜੰਮਾ ਨੂੰ ਲੱਭਦੇ-ਲੱਭਦੇ ਇੱਕ ਬੰਦ ਪਈ ਕਲਾਸ ਦੇ ਬਾਹਰ ਪਾਣੀ ਪੀਣ ਲਈ ਰੁਕੀ ਅਤੇ ਮੈਂ ਬੰਦ ਪਏ ਕਮਰੇ ਵੱਲ ਦੇਖ ਰਹੀ ਸੀ। ਮੈਂ ਰਾਜੱਮਾ ਦੀਆਂ ਲੱਤਾਂ ਦੇਖੀਆਂ ਤਾਂ ਇੱਕ ਵਿਦਿਆਰਥੀ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ?
ਮੈਂ ਕਿਹਾ ਕਿ ਰਾਜੰਮਾ ਨੂੰ ਮਿਲਣਾ ਚਾਹੁੰਦੀ ਹਾਂ, ਉਹ ਵਿਦਿਆਰਥੀ ਮੈਨੂੰ ਕਲਾਸ ਦੇ ਅੰਦਰ ਲੈ ਗਿਆ ਤੇ ਮੈਂ ਹੈਰਾਨ ਰਹਿ ਗਈ। ਰਾਜੰਮਾ ਕਲਾਸ ਰੂਮ ਵਿੱਚ ਬਿਨ੍ਹਾਂ ਕੱਪੜਿਆਂ ਦੇ ਖੜ੍ਹੀ ਸੀ।
ਰਾਜੰਮਾ ਮੇਰੇ 'ਤੇ ਗੁੱਸਾ ਕਰਦਿਆਂ ਕਹਿੰਦੀ, 'ਤੂੰ ਇੱਥੇ ਕਿਉਂ ਆਈ ਹੈ?'
ਮੈਂ ਕਿਹਾ, 'ਰਾਜੰਮਾ ਮੈਂ ਇੱਥੇ ਨੌਕਰੀ ਦੀ ਭਾਲ 'ਚ ਆਈ ਹਾਂ, ਪਰ ਤੂੰ ਇੱਥੇ ਇਹ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈਂ?'
ਉਸ ਨੇ ਕਿਹਾ, "ਹੁਣ ਤੂੰ ਇਹ ਦੇਖ ਲਿਆ ਹੈ ਅਤੇ ਤੂੰ ਵੀ ਹੁਣ ਇਹ ਕੰਮ ਕਰ ਸਕਦੀ ਹੈ। ਭੁੱਖੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਹ ਕੰਮ (ਨੌਕਰੀ) ਕਰ ਲੈ।" ਪਰ ਮੈਂ ਉਸ ਨੂੰ ਨਾਂਹ ਕਹਿ ਦਿੱਤੀ।
ਸਾਡੀ ਗੱਲਬਾਤ ਦੌਰਾਨ ਦੋ ਅਧਿਆਪਕ ਕਲਾਸ ਰੂਮ 'ਚ ਆਏ। ਉਨ੍ਹਾਂ ਰਾਜੱਮਾ ਨੂੰ ਪੁੱਛਿਆ ਕਿ ਜੇ ਇਹ ਵੀ (ਯਾਨਿ ਮੈਂ) ਇਹ ਕੰਮ ਕਰ ਸਕੇ ਤਾਂ, ਰਾਜੰਮਾ ਨੇ ਕਿਹਾ, 'ਹਾਂ ਇਹ ਕਰ ਸਕਦੀ ਹੈ।'

ਤਸਵੀਰ ਸਰੋਤ, BBC/ PRASHANT NANAWARE
ਰਾਜੰਮਾ ਨੇ ਮੈਨੂੰ ਕਿਹਾ ਕਿ ਤੇਰੀ ਨੌਕਰੀ ਪੱਕੀ !
ਮੈਂ ਇਸ ਬਾਰੇ ਸੋਚਣ ਲੱਗੀ, ਪਰ ਰਾਜੰਮਾ ਨੇ ਮੈਨੂੰ ਕਿਹਾ, 'ਪਹਿਲਾਂ ਕੰਮ ਕਰਨਾ ਸ਼ੁਰੂ ਕਰ ਅਤੇ ਫ਼ਿਰ ਸੋਚੀ। ਜੇ ਤੂੰ ਬਿਨ੍ਹਾਂ ਕੱਪੜਿਆਂ ਦੇ ਨਗਨ ਹੋ ਕੇ ਬੈਠੇਗੀ ਤਾਂ ਤੈਨੂੰ 60 ਰੁਪਏ ਦਿਨ ਦੇ ਮਿਲਣਗੇ।'
'ਕੱਪੜਿਆਂ ਦੇ ਨਾਲ ਤੈਨੂੰ 50 ਰੁਪਏ ਪ੍ਰਤੀ ਦਿਨ ਮਿਲਣਗੇ, ਤੇਰਾ ਡੀਲ-ਡੌਲ ਚੰਗਾ ਹੈ ਤਾਂ ਤੈਨੂੰ ਹਰ ਕਲਾਸ ਵਿੱਚ ਕੰਮ ਮਿਲ ਜਾਵੇਗਾ।'
ਮੈਂ ਉਸ ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀ ਇਸ ਕਰਕੇ ਖੁਸ਼ ਸਨ ਕਿ ਉਨ੍ਹਾਂ ਨੂੰ ਨਵੀਂ ਮਾਡਲ ਮਿਲ ਗਈ ਹੈ।
ਇੱਕ ਵਿਦਿਆਰਥੀ ਮੇਰੇ ਬੈਠਣ ਲਈ ਟੇਬਲ ਲੈ ਕੇ ਆਇਆ। ਹਰ ਵਿਦਿਆਰਥੀ ਵਧੀਆ ਐਂਗਲ ਦੇ ਲਈ ਚੰਗੀ ਥਾਂ ਦੀ ਭਾਲ ਦੀ ਕੋਸ਼ਿਸ਼ ਵਿੱਚ ਸੀ।
ਨਗਨ ਹੋਣ ਦਾ ਪਹਿਲਾ ਅਨੁਭਵ
ਮੈਂ ਅਜੇ ਵੀ ਝਿਝਕ ਰਹੀ ਸੀ ਅਤੇ ਪੁੱਛਿਆ, 'ਕੀ ਇੱਥੇ ਕੋਈ ਪਰਦਾ ਨਹੀਂ ਹੈ?'
ਰਾਜੰਮਾ ਨੇ ਮੈਨੂੰ ਕਿਹਾ, "ਤੈਨੂੰ ਪਰਦਾ ਕਿਉਂ ਚਾਹੀਦਾ ਹੈ? ਬਹੁਤਾ ਨਾ ਸੋਚੀ ਜਾ, ਇੱਥੇ ਹੀ ਆਪਣੇ ਕੱਪੜੇ ਲਾਹ ਅਤੇ ਕੁਰਸੀ 'ਤੇ ਰੱਖ ਦੇ।" ਮੈਂ ਰੋਣ ਲੱਗ ਪਈ।
ਮੇਰਾ ਪੁੱਤਰ ਦੋ ਸਾਲਾਂ ਦਾ ਸੀ ਅਤੇ ਮੈਂ ਉਸ ਨੂੰ ਦੁੱਧ ਚੁੰਘਾਉਂਦੀ ਸੀ। ਮੇਰੀ ਛਾਤੀ ਕਾਫ਼ੀ ਵੱਡੀ ਸੀ ਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ, ਪਰ ਵਿਦਿਆਰਥੀਆਂ ਨੇ ਮੈਨੂੰ ਰਾਜ਼ੀ ਕਰ ਲਿਆ।
ਉਨ੍ਹਾਂ ਮੈਨੂੰ ਕਿਹਾ ਕਿ ਚਿੰਤਾ ਨਾ ਕਰੋ ਅਤੇ ਬਿਲਕੁਲ ਬੇਫ਼ਿਕਰ ਹੋ ਜਾਵੋ। ਮੈਂ ਆਪਣੇ ਕੱਪੜੇ ਲਾਹੇ ਅਤੇ ਬੈਠ ਗਈ।
ਜਦੋਂ ਵਿਦਿਆਰਥੀ ਮੇਰਾ ਚਿੱਤਰ ਬਣਾ ਰਹੇ ਸਨ ਤਾਂ ਛਾਤੀ ਵਿੱਚੋਂ ਦੁੱਧ ਬਾਹਰ ਆਉਣ ਲੱਗਿਆ।
ਮੈਂ ਇੱਧਰ-ਉੱਧਰ ਵੇਖਣ ਲੱਗੀ ਅਤੇ ਦੁੱਧ ਨੂੰ ਸਾਫ਼ ਕੀਤਾ। ਵਿਦਿਆਰਥੀਆਂ ਨੂੰ ਮੇਰੀ ਸਮੱਸਿਆ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਮੈਨੂੰ ਅੱਧੇ ਦਿਨ ਬਾਅਦ ਹੀ ਛੱਡ ਦਿੱਤਾ ਅਤੇ ਕਿਹਾ ਕਿ ਹੁਣ ਤੁਸੀਂ ਕੱਲ ਆਉਣਾ।
60 ਰੁਪਏ ਤੋਂ 1000 ਰੁਪਏ ਦਾ ਸਫ਼ਰ
ਜੇ ਜੇ ਸਕੂਲ ਵਿੱਚ ਰਾਜੱਮਾ ਦਾ ਕਾਫ਼ੀ ਸਤਿਕਾਰ ਸੀ। ਵਿਦਿਆਰਥੀ ਇਸ ਸਤਿਕਾਰ ਲਈ ਉਸ ਦੇ ਪੈਰ ਵੀ ਛੂੰਹਦੇ ਸਨ। ਮੈਂ ਨਵੀਂ ਸੀ ਅਤੇ ਕੋਈ ਵੀ ਮੇਰੇ ਪੈਰਾਂ ਨੂੰ ਨਹੀਂ ਛੂੰਹਦਾ ਸੀ।
ਕੁਝ ਸਮੇਂ ਬਾਅਦ ਮੇਰੀ ਵਿਦਿਆਰਥੀਆਂ ਨਾਲ ਹੋਰ ਵੀ ਜਾਣ-ਪਛਾਣ ਹੋ ਗਈ। ਮੇਰੀ ਉਨ੍ਹਾਂ ਨਾਲ ਗੱਲਬਾਤ ਹੁੰਦੀ ਸੀ। ਉਨ੍ਹਾਂ ਦੇ ਕੰਮ ਬਾਰੇ ਬਹੁਤ ਕੁਝ ਸਿਖਦੀ ਸੀ, ਹੁਣ ਮੈਂ ਇਕ ਕੰਮ ਪਿਛਲੇ 25 ਸਾਲਾਂ ਤੋਂ ਕਰ ਰਹੀ ਹਾਂ।
ਹੁਣ ਮੈਨੂੰ ਨਗਨ ਚਿੱਤਰਕਾਰੀ ਲਈ 1000 ਰੁਪਏ ਅਤੇ ਕੱਪੜਿਆਂ ਵਿੱਚ ਚਿੱਤਰਕਾਰੀ ਲਈ 400 ਰੁਪਏ ਮਿਲਦੇ ਹਨ। ਇਸ ਕੰਮ ਲਈ ਮੈਂ ਨਵੀਆਂ ਮਾਡਲਾਂ ਵੀ ਲੈ ਕੇ ਆਉਂਦੀ ਹਾਂ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਨੂੰ ਟ੍ਰੇਨਿੰਗ ਦੇਵਾਂ।

ਤਸਵੀਰ ਸਰੋਤ, BBC/PRASHANT NANAWARE
ਬਹੁਤ ਕਲਾਕਾਰ ਮੈਨੂੰ ਇੱਜ਼ਤ ਤੇ ਸਤਿਕਾਰ ਦਿੰਦੇ ਹਨ, ਉਹ ਇਸ ਲਈ ਮੇਰੇ ਪੈਰ ਵੀ ਛੂੰਹਦੇ ਹਨ। ਮੈਂ ਕਈ ਕਲਾਕਾਰਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਮੇਰੀ ਮਦਦ ਵੀ ਕਾਫ਼ੀ ਕੀਤੀ।
ਕਦੇ ਵੀ ਕਿਸੇ ਕਲਾਕਾਰ ਨੇ ਮੈਨੂੰ ਗ਼ਲਤ ਨਜ਼ਰੀਏ ਨਾਲ ਨਹੀਂ ਦੇਖਿਆ। ਕਦੇ-ਕਦੇ ਮੈਂ ਕਲਾਕਾਰਾਂ ਦਾ ਕੰਮ ਦੇਖਣ ਲਈ ਗੈਲਰੀ 'ਚ ਜਾਂਦੀ ਹਾਂ। ਜੇ ਜੇ ਸਕੂਲ ਆਫ਼ ਆਰਟਸ ਦੇ ਜੋਹਨ ਡੋਗਲਸ ਨੇ ਮੇਰੀ ਬਹੁਤ ਮਦਦ ਕੀਤੀ।
ਮਰਾਠੀ ਫ਼ਿਲਮ ਨਿਊਡ ਦੇ ਡਾਇਰੈਕਟਰ ਰਵੀ ਜਾਧਵ ਅਤੇ ਅਦਾਕਾਰਾ ਕਲਿਆਣੀ ਮੂਲੇ ਬਹੁਤ ਚੰਗੇ ਲੋਕ ਹਨ। ਉਹ ਮੇਰੇ ਕੋਲ ਆਏ ਤੇ ਅਸੀਂ ਗੱਲਾਂ ਕੀਤੀਆਂ।
'ਨਿਊਡ' ਫ਼ਿਲਮ ਮੇਰੀ ਕਹਾਣੀ ਹੈ, ਮੈਨੂੰ ਫ਼ਿਲਮ ਤਾਂ ਚੰਗੀ ਲੱਗੀ ਪਰ ਫ਼ਿਲਮ ਦਾ ਅੰਤ ਨਹੀਂ।
ਪਿਛਲੇ ਮਹੀਨੇ ਜਦੋਂ ਕਲਿਆਣੀ (ਲਕਸ਼ਮੀ ਦਾ ਰੋਲ ਅਦਾ ਕਰਨ ਵਾਲੀ ਅਦਾਕਾਰਾ) ਇੱਕ ਸਮਾਗਮ 'ਚ ਹਿੱਸਾ ਲੈਣ ਲਈ ਜੇ ਜੇ ਸਕੂਲ ਆਈ ਤਾਂ ਕਲਿਆਣੀ ਨਾਲੋਂ ਵੱਧ ਤਾੜੀਆਂ ਮੇਰੇ ਲਈ ਵੱਜੀਆਂ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਪਲ ਸੀ।
ਫ਼ਿਲਮ ਨੂੰ ਕਾਫ਼ੀ ਸ਼ਲਾਘਾ ਮਿਲੀ ਹੈ। ਲੋਕ ਸੋਚਦੇ ਹਨ ਕਿ ਮੈਨੂੰ ਇਸ ਲਈ ਕਾਫ਼ੀ ਪੈਸੇ ਮਿਲੇ ਹਨ, ਪਰ ਮੈਨੂੰ ਸਿਰਫ਼ ਇੱਕ ਸਾੜ੍ਹੀ ਅਤੇ 20 ਹਜ਼ਾਰ ਰੁਪਏ ਮਿਲੇ ਹਨ। ਇਸ ਪੈਸੇ ਦੀ ਵਰਤੋਂ ਮੈਂ ਆਪਣਾ ਕਰਜ਼ਾ ਚੁਕਾਉਣ ਲਈ ਕੀਤੀ।
'ਬੱਚਿਆਂ ਨੂੰ ਮੇਰੇ 'ਤੇ ਮਾਣ ਹੈ'
ਮੈਂ ਕਦੇ ਆਪਣੇ ਬੱਚਿਆਂ ਨੂੰ ਨਹੀਂ ਦੱਸਿਆ ਕਿ ਮੈਂ ਇੱਕ ਨਗਨ ਕਲਾਕਾਰ (ਨਿਊਡ ਮਾਡਲ) ਦੇ ਤੌਰ 'ਤੇ ਕੰਮ ਕਰਦੀ ਹਾਂ।
ਮੈਂ ਉਨ੍ਹਾਂ ਨੂੰ ਦੱਸਿਆਂ ਕਿ ਮੈਂ ਸਾਫ਼-ਸਫ਼ਾਈ ਦਾ ਕੰਮ ਕਰਦੀ ਹਾਂ ਅਤੇ ਪ੍ਰੋਫ਼ੈਸਰ ਲਈ ਚਾਹ ਬਣਾਉਂਦੀ ਹਾਂ।
ਫ਼ਿਲਮ ਰੀਲੀਜ਼ ਹੋਣ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਦੱਸਿਆ ਕਿ ਫ਼ਿਲਮ ਮੇਰੀ ਜ਼ਿੰਦਗੀ 'ਤੇ ਆਧਾਰਿਤ ਹੈ। ਉਨ੍ਹਾਂ ਨੂੰ ਲੱਗਿਆ ਮੈਂ ਮਜ਼ਾਕ ਕਰ ਰਹੀ ਹਾਂ।
ਫ਼ਿਲਮ ਦੀ ਰੀਲੀਜ਼ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਨਿਊਡ ਮਾਡਲ ਦੇ ਤੌਰ 'ਤੇ ਕੰਮ ਕਰਦੀ ਹਾਂ। ਪਹਿਲਾਂ ਤੋਂ ਉਹ ਕਾਫ਼ੀ ਗੁੱਸੇ ਹੋਏ ਪਰ ਹੁਣ ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਣ ਦੇ ਕਾਬਿਲ ਹਾਂ।

ਤਸਵੀਰ ਸਰੋਤ, BBC/PRASHANT NANAWARE
ਜੇ ਜੇ ਸਕੂਲ ਵਿੱਚ ਫ਼ਿਲਮ ਨਾਲ ਜੁੜੇ ਇੱਕ ਵੱਡੇ ਸਮਾਗਮ ਲਈ ਮੈਂ ਪਰਿਵਾਰ ਨੂੰ ਨਹੀਂ ਸੱਦਿਆ। ਉਨ੍ਹਾਂ ਫ਼ਿਲਮ ਬਾਅਦ ਵਿੱਚ ਟੀਵੀ 'ਤੇ ਦੇਖੀ।
ਉਹ ਖ਼ੁਸ਼ ਸਨ ਕਿ ਉਨ੍ਹਾਂ ਦੀ ਮਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਬੱਚਿਆਂ ਨੂੰ ਮੇਰੇ ਉੱਤੇ ਮਾਣ ਹੈ।
ਮੇਰੀ ਵੱਡੀ ਨੂੰਹ ਨੇ ਵੀ ਇਸ ਹਕੀਕਤ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ।
ਕਈ ਸਾਲਾਂ ਤੱਕ ਨਿਊਡ ਮਾਡਲ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਮੈਂ ਕਾਫ਼ੀ ਪੈਸਾ ਕਮਾ ਸਕੀ। ਕੁਰਲਾ ਇਲਾਕੇ ਵਿੱਚ ਮੈਂ ਆਪਣੇ ਪੁੱਤਰਾਂ ਨਾਲ ਰਹਿੰਦੀ ਹਾਂ, ਪਰ ਸਾਡੇ ਕੋਲ ਆਪਣਾ ਘਰ ਨਹੀਂ ਹੈ।
ਮੈਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੀ ਸੁਵਿਧਾ ਨਾ ਦੇ ਸਕੀ। ਮੇਰੇ ਪੁੱਤਰ ਵੀ ਥੋੜ੍ਹਾ ਬਹੁਤਾ ਕੰਮ ਕਰਦੇ ਹਨ, ਹਰ ਸਮੇਂ ਪੈਸੇ ਦੀ ਲੋੜ ਰਹਿੰਦੀ ਹੈ।
ਇਸ ਵੇਲੇ ਆਰਟ ਸਕੂਲ 'ਚ ਛੁੱਟੀਆਂ ਚੱਲ ਰਹੀਆਂ ਹਨ ਅਤੇ ਮੈਂ ਔਰਤਾਂ ਦੇ ਟਾਇਲਟ 'ਚ ਬਤੌਰ ਨਿਗਰਾਨ ਕੰਮ ਕਰ ਰਹੀ ਹਾਂ। ਇਸ ਕੰਮ ਲਈ ਮੈਨੂੰ ਰੋਜ਼ਾਨਾ 200 ਰੁਪਏ ਮਿਲਦੇ ਹਨ।
ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਨਕਾਰਿਆ ਗਿਆ ਹੈ। ਮੈਂ ਵਿਧਵਾ ਹਾਂ, ਕੋਈ ਪੈਨਸ਼ਨ ਨਹੀਂ ਮਿਲਦੀ।
ਸਾਡੇ ਲਈ ਕੋਈ ਸਰਕਾਰੀ ਸਕੀਮਾਂ ਵੀ ਨਹੀਂ ਹਨ। ਮੈਂ ਉਦੋਂ ਤੱਕ ਕੰਮ ਕਰ ਸਕਦੀ ਹਾਂ ਜਦੋਂ ਤੱਕ ਮੇਰਾ ਡੀਲ-ਡੋਲ ਠੀਕ ਹੈ। ਪਰ ਉਸਤੋਂ ਬਾਅਦ ਕੀ? ਇਹ ਸਵਾਲ ਮੈਨੂੰ ਤੰਗ ਕਰਦਾ ਹੈ।
(ਬੀਬੀਸੀ ਮਰਾਠੀ ਲਈ ਪ੍ਰਸ਼ਾਂਤ ਨਨਵਾਰੇ ਨੇ ਧੰਨਲਕਸ਼ਮੀ ਦੀ ਕਹਾਣੀ ਨੂੰ ਸ਼ਬਦਾਂ ਵਿੱਚ ਬਿਆਨ ਕੀਤਾ ਹੈ)













