ਬਲਾਗ: ਕਰਨਾਟਕ ਨਤੀਜਿਆਂ ਨੂੰ ਲੈ ਕੇ ਮੋਦੀ ਤੇ ਰਾਹੁਲ ਬੇਚੈਨ

    • ਲੇਖਕ, ਰਾਜੇਸ਼ ਪ੍ਰਿਯਦਰਸ਼ੀ
    • ਰੋਲ, ਡਿਜਿਟਲ ਐਡਿਟਰ, ਬੀਬੀਸੀ ਹਿੰਦੀ

ਕਰਨਾਟਕ 'ਚ ਜਿੰਨਾ ਨਾਟਕ ਹੋ ਸਕਦਾ ਸੀ, ਹੋ ਚੁੱਕਿਆ ਹੈ। ਰਾਹੁਲ ਗਾਂਧੀ ਦਾ 'ਟੈਂਪਲ ਰਨ' ਪੂਰਾ ਹੋ ਚੁੱਕਿਆ ਹੈ ਅਤੇ ਕਰਨਾਟਕ ਹੀ ਨਹੀਂ, ਨੇਪਾਲ ਦੇ ਮੰਦਰਾਂ 'ਚ ਮੋਦੀ ਖੜਤਾਲਾਂ ਵਜਾ ਚੁੱਕੇ ਹਨ।

ਪਰ ਨਤੀਜੇ ਆਉਣ ਤੱਕ ਰਹੱਸ ਬਰਕਰਾਰ ਹੈ। ਨਤੀਜੇ ਆਉਣ 'ਤੇ ਕਿਸੇ ਨੂੰ ਸਾਫ਼ ਬਹੁਮਤ ਨਹੀ ਮਿਲਿਆ ਤਾਂ ਰਹੱਸ ਹੋਰ ਵੀ ਲੰਬਾ ਖਿੱਚ ਸਕਦਾ ਹੈ।

ਖ਼ੈਰ, ਨਤੀਜਿਆਂ ਅਤੇ ਅਟਕਲਾਂ ਤੋਂ ਬਿਹਤਰ ਹੈ ਉਨ੍ਹਾਂ ਗੱਲਾਂ ਦੀ ਚਰਚਾ ਕੀਤੀ ਜਾਵੇ ਜਿਹੜੀਆਂ ਕਰਨਾਟਕ ਦੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਖ਼ਾਸ ਬਣਾਉਂਦੀਆਂ ਹਨ ਅਤੇ ਅੱਗੇ ਦੀ ਸਿਆਸਤ 'ਤੇ ਅਸਰ ਪਾਉਣਗੀਆਂ।

ਪਹਿਲੀ ਗੱਲ ਤਾਂ ਇਹ ਕਿ ਕਰਨਾਟਕ ਦੀ ਜਨਤਾ ਨੇ ਪਿਛਲੇ 30 ਸਾਲਾਂ 'ਚ ਕਿਸੇ ਪਾਰਟੀ ਨੂੰ ਲਗਾਤਾਰ ਦੋ ਵਾਰ ਬਹੁਮਤ ਨਹੀਂ ਦਿੱਤਾ, 1983 ਅਤੇ 1988 'ਚ ਲਗਾਤਾਰ ਦੋ ਵਾਰ ਚੋਣਾਂ ਜਿੱਤਣ ਵਾਲੇ ਰਾਮਕ੍ਰਿਸ਼ਨ ਹੇਗੜੇ ਸਨ।

ਕਰਨਾਟਕ ਦੇ ਵੋਟਰ ਨੇਤਾਵਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਰਹੇ ਹਨ। ਇੱਕ ਹੋਰ ਗੱਲ ਗ਼ੌਰ ਕਰਨ ਵਾਲੀ ਹੈ ਕਿ 2014 ਤੋਂ ਬਾਅਦ ਦੇਸ਼ 'ਚ ਜਿੰਨੀਆਂ ਵੀ ਵਿਧਾਨ ਸਭਾ ਚੋਣਾਂ ਹੋਈਆਂ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਸੱਤਾ ਦੇ ਬਦਲਾਅ ਲਈ ਹੀ ਵੋਟ ਦਿੱਤਾ ਹੈ।

ਇਸ ਨਜ਼ਰੀਏ ਨਾਲ ਦੇਖੀਏ ਤਾਂ ਸਿੱਧਰਮਈਆ ਦੇ ਸਾਹਮਣੇ ਇਸ ਟ੍ਰੈਂਡ ਨੂੰ ਤੋੜਨ ਦੀ ਕਾਫ਼ੀ ਵੱਡੀ ਚੁਣੌਤੀ ਹੈ ਜੇ ਉਹ ਅਜਿਹਾ ਕਰ ਸਕਣ ਤਾਂ ਉਹ ਵੱਡੇ ਨੇਤਾਵਾਂ 'ਚ ਗਿਣੇ ਜਾਣ ਲੱਗਣਗੇ।

ਕਰਨਾਟਕ ਨੂੰ ਕਾਂਗਰਸ ਤੋਂ ਖੋਹਣ ਲਈ ਜਾਨ ਲਗਾਉਣ ਵਾਲੇ ਮੋਦੀ ਨੇ ਕਿਹਾ ਕਿ ਜਲਦੀ ਹੀ ਕਾਂਗਰਸ ਦੀ 'ਪੀ ਪੀ ਪੀ' ਹੋਣ ਵਾਲੀ ਹੈ, ਯਾਨਿ ਕੇ ਪੁੰਡੁਚੇਰੀ, ਪੰਜਾਬ ਅਤੇ ਪਰਿਵਾਰ ਰਹਿ ਜਾਵੇਗਾ।

ਜੇ ਮੋਦੀ-ਸ਼ਾਹ ਕਾਂਗਰਸ ਤੋਂ ਕਰਨਾਟਕ ਨਾ ਖੋਹ ਸਕੇ ਤਾਂ ਰਾਹੁਲ ਗਾਂਧੀ ਮਜ਼ਬੂਤ ਹੋਣਗੇ।

ਇਸ ਤੋਂ ਇਲਾਵਾ, ਕਾਂਗਰਸ ਸਾਧਨਾਂ ਦੀ ਕਮੀ ਨਾਲ ਲਗਾਤਾਰ ਜੂਝ ਰਹੀ ਹੈ, ਪਾਰਟੀ ਦੇ ਖ਼ਜਾਨਚੀ ਮੋਤੀਲਾਲ ਵੋਰਾ ਮੰਨ ਚੁੱਕੇ ਹਨ ਕਿ ਪਾਰਟੀ ਓਵਰਡ੍ਰਾਫ਼ਟ 'ਤੇ ਚੱਲ ਰਹੀ ਹੈ।

ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਮਣੀਪੁਰ ਅਤੇ ਗੋਆ 'ਚ ਸਰਕਾਰ ਨਾ ਬਣਾ ਪਾਉਣ ਦੇ ਪਿੱਛੇ ਪੈਸਿਆਂ ਦੀ ਕਮੀ ਵੀ ਇੱਕ ਵੱਡਾ ਕਾਰਨ ਸੀ।

ਜੇ ਪੰਜਾਬ ਅਤੇ ਕਰਨਾਟਕ ਵਰਗੇ ਦੋ ਮਾਲਦਾਰ ਸੂਬੇ ਕਾਂਗਰਸ ਦੇ ਕੋਲ ਰਹੇ ਤਾਂ 2019 ਦੀਆਂ ਚੋਣਾਂ 'ਚ, ਬੀਜੇਪੀ ਦੇ ਪੈਸਿਆਂ ਦੀ ਤਾਕਤ ਦਾ ਉਹ ਕਿਸੇ ਹੱਦ ਤੱਕ ਮੁਕਾਬਲਾ ਕਰ ਸਕਦੀ ਹੈ। ਹੁਣ ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਭਾਜਪਾ ਦੇਸ਼ ਦੀ ਸਭ ਤੋਂ ਮਾਲਦਾਰ ਪਾਰਟੀ ਬਣ ਚੁੱਕੀ ਹੈ।

ਇਹ ਤਾਂ ਸਾਰੇ ਹੀ ਕਹਿ ਰਹੇ ਹਨ ਕਿ ਦੱਖਣੀ ਸੂਬੇ ਦੇ ਚੋਣ ਨਤੀਜਿਆਂ ਦਾ 2019 ਦੇ ਮਹਾਂ-ਮੁਕਾਬਲੇ 'ਤੇ ਅਸਰ ਹੋਵੇਗਾ ਪਰ ਉਸ ਤੋਂ ਪਹਿਲਾਂ ਇਸ ਸਾਲ ਹੋਣ ਵਾਲੀਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨਸਭਾ ਚੋਣਾਂ 'ਚ ਕਾਂਗਰਸ ਦੇ ਲਈ ਮਾਹੌਲ ਬਣੇਗਾ ਜਾਂ ਵਿਗੜੇਗਾ, ਇਹ ਵੀ ਕਰਨਾਟਕ ਨਾਲ ਕਾਫ਼ੀ ਹੱਦ ਤੱਕ ਤੈਅ ਹੋਵੇਗਾ।

ਇਨ੍ਹਾਂ ਤਿੰਨ ਸੂਬਿਆਂ 'ਚ ਭਾਜਪਾ ਸੱਤਾ 'ਚ ਹੈ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਤਾਂ ਲੰਮੇ ਲਮੇਂ ਤੋਂ ਹੈ।

ਜੇ ਰਾਹੁਲ ਗਾਂਧੀ ਇਨ੍ਹਾਂ ਸੂਬਿਆਂ 'ਚ ਕਾਮਯਾਬੀ ਹਾਸਿਲ ਕਰਨਗੇ ਤਾਂ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਉਨ੍ਹਾਂ ਨੂੰ ਵੱਧ ਕਬੂਲਿਆ ਜਾਵੇਗਾ ਨਹੀਂ ਤਾਂ ਸ਼ਰਦ ਪਵਾਰ, ਮਮਤਾ ਬੈਨਰਜੀ ਵਰਗੇ ਲੋਕ ਉਨ੍ਹਾਂ ਦੀ ਅਗਵਾਈ 'ਚ ਚੋਣ ਲੜਨ ਨੂੰ ਸੌਖੇ ਤਿਆਰ ਨਹੀਂ ਹੋਣਗੇ।

ਮੋਦੀ-ਸ਼ਾਹ ਦੀ ਵੀ ਪ੍ਰੀਖਿਆ

ਨਰਿੰਦਰ ਮੋਦੀ ਨੇ ਕਰਨਾਟਕ 'ਚ 20 ਤੋਂ ਵੱਧ ਚੋਣ ਰੈਲੀਆਂ ਕੀਤੀਆਂ ਹਨ ਅਤੇ ਅਮਿਤ ਸ਼ਾਹ ਨੇ ਤਾਂ ਉੱਥੇ ਕਾਫ਼ੀ ਸਮੇਂ ਡੇਰਾ ਲਾਈ ਰੱਖਿਆ, ਨਾ ਸਿਰਫ਼ ਇਸ ਲਈ ਕਿ ਕਰਨਾਟਕ ਦੀਆਂ ਚੋਣਾਂ ਭਾਜਪਾ ਲਈ ਅਹਿਮ ਹਨ, ਸਗੋਂ ਮੋਦੀ-ਸ਼ਾਹ ਦੇ ਚੋਣਾਂ ਲੜਨ ਦਾ ਢੰਗ ਹੀ ਇਹੀ ਹੈ।

ਕਰਨਾਟਕ ਦਾ ਚੋਣ ਤਿਕੋਣਾ ਹੈ ਅਤੇ ਤਿਕੋਣੇ ਮੁਕਾਬਲਿਆਂ 'ਚ ਭਾਜਪਾ ਅਕਸਰ ਫ਼ਾਇਦੇ 'ਚ ਰਹਿੰਦੀ ਹੈ। ਇਸ ਵਾਰ ਵੀ ਅਜਿਹਾ ਹੋਵੇਗਾ ਜਾਂ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।

ਕਿੰਗ ਮੇਕਰ ਦੱਸੇ ਜਾ ਰਹੇ ਐਚਡੀ ਦੇਵੇਗੌੜਾ ਜੇ 25 ਤੋਂ ਵੱਧ ਸੀਟਾਂ ਜਿੱਤ ਲੈਂਦੇ ਹਨ ਤਾਂ ਕੌਮੀ ਸਿਆਸਤ 'ਚ ਉਨ੍ਹਾਂ ਦੀ ਹੈਸੀਅਤ ਵੱਧ ਜਾਵੇਗੀ ਅਤੇ ਜੇ ਅਜਿਹਾ ਨਹੀਂ ਹੋਇਆ ਤਾਂ ਪਿਤਾ-ਪੁੱਤਰ ਦੀ ਜੋੜੀ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ।

ਰਾਸ਼ਟਰਵਾਦ ਦਾ ਮੁਕਾਬਲਾ ਪ੍ਰਾਂਤਵਾਦ ਤੋਂ

ਸਿੱਧਾਰਮਈਆ ਨੇ ਬੀਜੇਪੀ ਦੇ ਹਿੰਦੂ ਰਾਸ਼ਟਰਵਾਦ ਦੀ ਕਾਟ ਲਈ 'ਕੰਨੜ ਗੌਰਵ' ਦਾ ਕਾਰਡ ਜੰਮ ਕੇ ਖੇਡਿਆ। ਇਸ ਖੇਡ 'ਚ ਕੁਝ ਨਵਾਂ ਨਹੀਂ ਹੈ।

ਬੀਜੇਪੀ ਨੇ ਗੁਜਰਾਤ ਦੀ ਚੋਣ 'ਚ ਜਿਸ ਤਰ੍ਹਾਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਾਂਗਰਸ ਗੁਜਰਾਤੀਆਂ ਦਾ ਅਪਮਾਨ ਕਰਦੀ ਹੈ ਜਾਂ ਉਨ੍ਹਾਂ ਤੋਂ ਨਫ਼ਰਤ ਕਰਦੀ ਹੈ, ਅਜਿਹਾ ਹੀ ਮਾਹੌਲ ਸਿੱਧਾਰਮਈਆ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ 'ਕੰਨੜ ਗੌਰਵ' ਦੇ ਝੰਡਾਬਰਦਾਰ ਹਨ ਅਤੇ ਭਾਜਪਾ ਆਪਣਾ ਸੱਭਿਆਚਾਰ ਥੋਪਣਾ ਚਾਹੁੰਦੀ ਹੈ।

ਝੰਡੇ ਦਾ ਮਾਮਲਾ ਹੋਵੇ ਜਾਂ ਕੰਨੜ ਭਾਸ਼ਾ ਨੂੰ ਵੱਧ ਅਹਮੀਅਤ ਦੇਣ ਦਾ, ਸਿੱਧਾਰਮਈਆ ਨੇ ਗਰਮਜੋਸ਼ੀ ਨਾਲ ਮੋਰਚਾ ਖੋਲ੍ਹਿਆ ਹੋਇਆ ਸੀ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਜਪਾ ਦੇ ਹਿੰਦੀ ਰਾਸ਼ਟਰਵਾਦ ਦੀ ਕਾਟ ਸੂਬਾਈ ਸਿਆਸਤ ਕਰ ਸਕਦੀ ਹੈ ਜਾਂ ਨਹੀਂ।

ਜਾਤ-ਪਾਤ ਸਮੀਕਰਣਾਂ 'ਚ ਤੋੜ-ਫੋੜ ਭਾਜਪਾ ਦੀ ਕਾਮਯਾਬ ਰਣਨੀਤੀ ਰਹੀ ਹੈ, ਦਲਿਤਾਂ 'ਚ ਜਾਟਾਂ ਨੂੰ ਛੱਡ ਕੇ ਦੂਜਿਆਂ ਨੂੰ ਭੰਡਣਾ ਜਾਂ ਓਬੀਸੀ 'ਚ ਯਾਦਵਾਂ ਨੂੰ ਅਲੱਗ-ਥਲੱਗ ਕਰਨਾ, ਇਸ ਵਾਰ ਸਿੱਧਾਰਮਈਆ ਨੇ ਲਿੰਗਾਯਤਾਂ ਨੂੰ ਹਿੰਦੂ ਧਰਮ ਤੋਂ ਅਲੱਗ ਘੱਟ ਗਿਣਤੀ ਦਾ ਦਰਜਾ ਦੇਣ ਦੀ ਰਾਜਨੀਤੀ ਛੇੜੀ ਉਹ ਕਿੰਨੀ ਕਾਰਗਰ ਹੋਵੇਗੀ, ਇਹ ਨਤੀਜਿਆਂ ਤੋਂ ਪਤਾ ਚੱਲੇਗਾ।

ਜਦੋਂ ਕਰਨਾਟਕ ਦੇ ਨਤੀਜੇ ਆਉਣਗੇ ਤਾਂ ਇੱਕ ਗੱਲ ਤੈਅ ਹੈ ਕਿ ਮੋਦੀ-ਸ਼ਾਹ ਹਾਰਨ ਜਾਂ ਫ਼ਿਰ ਰਾਹੁਲ ਗਾਂਧੀ, ਇਸ ਨੂੰ ਆਪਣੀ ਹਾਰ ਕੋਈ ਨਹੀਂ ਮੰਨੇਗਾ, ਹਾਂ ਜਿੱਤ ਦਾ ਸਿਹਰਾ ਕੇਂਦਰੀ ਅਗਵਾਈ ਵਾਲੀ ਟੀਮ ਨੂੰ ਦਿੱਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)