You’re viewing a text-only version of this website that uses less data. View the main version of the website including all images and videos.
ਕੌਮੀ ਫ਼ਿਲਮ ਪੁਰਸਕਾਰ ਸਮਾਗਮ : ਬਾਈਕਾਟ ਦੀ ਧਮਕੀ ਤੋਂ ਬਾਅਦ ਹਸਤੀਆਂ ਨੇ ਲਏ ਪੁਰਸਕਾਰ
ਭਾਰਤ ਦੀਆਂ ਕਈ ਫ਼ਿਲਮੀ ਹਸਤੀਆਂ ਨੇ ਕੌਮੀ ਫ਼ਿਲਮ ਪੁਰਸਕਾਰਾਂ ਦੇ ਬਾਇਕਾਟ ਦੀ ਧਮਕੀ ਤੋਂ ਬਾਅਦ ਸਮਾਗਮ ਵਿੱਚ ਪਹੰਚ ਕੇ ਸਨਮਾਨ ਹਾਸਲ ਕਰ ਲਏ ।
65ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ 2018 ਦੇ ਜੇਤੂਆਂ ਵਿੱਚੋਂ 60 ਤੋਂ ਵੱਧ ਨੇ ਇਨ੍ਹਾਂ ਐਵਾਰਡਜ਼ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਲਿਆ ਸੀ ਅਤੇ ਇਸ ਬਾਬਤ ਵਿਵਾਦ ਲਗਾਤਾਰ ਗਹਿਰਾਉਂਦਾ ਜਾ ਰਿਹਾ ਸੀ।
ਕੌਮੀ ਫ਼ਿਲਮ ਪੁਰਸਕਾਰਾਂ ਬਾਬਤ ਸਮਾਗਮ ਦੇ ਬਾਈਕਾਟ ਦਾ ਕਾਰਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸਿਰਫ਼ 11 ਲੋਕਾਂ ਨੂੰ ਹੀ ਪੁਰਸਕਾਰ ਦੇਣਾ ਹੈ ਅਤੇ ਬਾਕੀ ਦੇ ਐਵਾਰਡਜ਼ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਦੇਣਾ ਦੱਸਿਆ ਗਿਆ ਸੀ।
65ਵੇਂ ਕੌਮੀ ਫ਼ਿਲਮ ਪੁਰਸਕਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਆ ਗਏ ਸਨ।
ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਪੁਰਸਕਾਰਾਂ ਦੀ ਰਿਹਰਸਲ ਦੌਰਾਨ ਜਦੋਂ ਇਸ ਨੂੰ ਦਿੱਤੇ ਜਾਣ ਸਬੰਧੀ ਜਾਣਕਾਰੀ ਫ਼ਿਲਮ ਖ਼ੇਤਰ ਨਾਲ ਜੁੜੇ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਕਰ ਲਿਆ ਸੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਿਗਿਆਨ ਭਵਨ 'ਚ ਜੇਤੂਆਂ ਨੂੰ ਸਨਮਾਨਿਤ ਕੀਤਾ।
ਹਾਲਾਂਕਿ, ਇਸ ਸਮਾਗਮ ਤੋਂ ਐਨ ਪਹਿਲਾਂ ਕੌਮੀ ਫ਼ਿਲਮ ਪੁਰਸਕਾਰ ਪ੍ਰਾਪਤ ਕਰਨ ਵਾਲੇ 60 ਤੋਂ ਵੱਧ ਲੋਕਾਂ ਨੇ ਕਿਹਾ ਸੀ ਕਿ ਉਹ ਇਸ ਸਮਾਗਮ 'ਚ ਸ਼ਾਮਿਲ ਇਸ ਲਈ ਨਹੀਂ ਹੋਣਗੇ ਕਿਉਂਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਿਰਫ਼ 11 ਲੋਕਾਂ ਨੂੰ ਐਵਾਰਡ ਦੇਣਗੇ।
ਕੌਮੀ ਫ਼ਿਲਮ ਪੁਰਸਕਾਰ ਜੇਤੂ ਫ਼ਿਲਮ ਨਿਰਦੇਸ਼ਕ ਰਾਹੁਲ ਢੋਲਕੀਆ ਨੇ ਆਪਣੇ ਟਵੀਟ 'ਚ ਲਿਖਿਆ ਸੀ, ''ਨੈਸ਼ਨਲ ਫ਼ਿਲਮ ਐਵਾਰਡਜ਼ ਦੇ ਵੱਕਾਰੀ ਹੋਣ ਦਾ ਇੱਕ ਕਾਰਨ ਇਹ ਹੈ ਕਿ ਇਹ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਹਨ, ਨਾ ਕਿ ਕਿਸੇ ਮੰਤਰੀ ਵੱਲੋਂ।''
ਇੱਕ ਹੋਰ ਫ਼ਿਲਮਸਾਜ਼ ਅਸ਼ਵਨੀ ਚੌਧਰੀ ਨੇ ਆਪਣੇ ਟਵੀਟ 'ਚ ਲਿਖਿਆ ਸੀ , ''ਮੇਰੇ ਖ਼ਿਆਲ 'ਚ 65 ਸਾਲਾਂ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੌਮੀ ਫ਼ਿਲਮ ਪੁਰਸਕਾਰ ਦੇ ਸਾਰੇ ਜੇਤੂਆਂ ਨੂੰ ਰਾਸ਼ਟਰਪਤੀ ਵੱਲੋਂ ਪੁਰਸਕਾਰ ਨਹੀਂ ਦਿੱਤੇ ਜਾਣਗੇ, ਸਿਰਫ਼ 11 ਲੋਕਾਂ ਨੂੰ ਹੀ ਰਾਸ਼ਟਰਪਤੀ ਐਵਾਰਡਜ਼ ਦੇਣਗੇ।''
''ਇਸ ਤਰ੍ਹਾਂ ਭਾਰਤ ਦੇ ਬਿਹਰਤੀਨ ਸਿਨੇਮਾ ਨਾਲ ਵਤੀਰਾ ਰੱਖਿਆ ਜਾਂਦਾ ਹੈ।''
65ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ 'ਚ 137 ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ।
ਖ਼ਬਰ ਏਜੰਸੀ ਪੀਟੀਆਈ ਨੇ ਰਾਸ਼ਟਰਪਤੀ ਵੱਲੋਂ ਸਿਰਫ਼ 11 ਐਵਾਰਡਜ਼ ਦੇਣ 'ਤੇ ਇੱਕ ਟਵੀਟ ਵੀ ਕੀਤਾ ਗਿਆ ਹੈ।
ਬਾਕੀ ਜੇਤੂਆਂ ਨੂੰ ਇਹ ਐਵਾਰਡ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ, ਸੂਚਨਾ ਪ੍ਰਸਾਰਣ (ਰਾਜ ਮੰਤਰੀ) ਰਾਜਿਆਵਰਧਨ ਸਿੰਘ ਰਾਠੌਰ ਅਤੇ ਸੂਚਨਾ ਪ੍ਰਸਾਰਣ ਸਕੱਤਰ ਨਰਿੰਦਰ ਕੁਮਾਰ ਸਿਨਹਾ ਨੇ ਦਿੱਤੇ।
ਇਸ ਬਾਬਤ ਜਾਣਕਾਰੀ ਮਿਲਦੇ ਹੀ ਐਵਾਰਡ ਹਾਸਿਲ ਕਰਨ ਵਾਲੇ ਫ਼ਿਲਮ ਖ਼ੇਤਰ ਨਾਲ ਜੁੜੇ ਕਈ ਲੋਕਾਂ ਨੇ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਸੀ
ਫ਼ਿਲਮਸਾਜ਼ ਟੀਨਾ ਕੌਰ ਪਸਰੀਚਾ ਨੂੰ ਉਨ੍ਹਾਂ ਦੀ ਫ਼ਿਲਮ '1984 ਜਿਸ ਦਿਨ ਸੂਰਜ ਨਹੀਂ ਚੜ੍ਹਿਆ' ਲਈ ਸਰਬੋਤਮ ਖੋਜੀ ਦਸਤਾਵੇਜੀ ਫ਼ਿਲਮ ਦਾ ਐਵਾਰਡ ਮਿਲਿਆ ਹੈ ।
ਉਨ੍ਹਾਂ ਸਮਾਗਮ ਤੋਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ , ''ਕੇਂਦਰੀ ਸੂਚਨਾ ਮੰਤਰੀ ਸਮ੍ਰਿਤੀ ਇਰਾਨੀ ਤੋਂ ਫ਼ਿਲਮ ਪੁਰਸਕਾਰ ਲੈਣ ਜਾਂ ਨਾ ਲੈਣ ਬਾਰੇ ਫ਼ਿਲਹਾਲ ਚਰਚਾ ਚੱਲ ਰਹੀ ਹੈ, ਕਿਸੇ ਸਾਂਝੇ ਫ਼ੈਸਲੇ ਉੱਤੇ ਪਹੁੰਚਣ ਦੀ ਥਾਂ ਹਰ ਕਿਸੇ ਨੂੰ ਵਿਅਕਤੀਗਤ ਫ਼ੈਸਲਾ ਲੈਣ ਦੀ ਸਲਾਹ ਦਿੱਤੀ ਗਈ ਹੈ।''
ਦੱਸ ਦਈਏ ਕਿ 65ਵੇਂ ਕੌਮੀ ਫ਼ਿਲਮ ਪੁਰਸਕਾਰਾਂ ਦਾ ਐਲਾਨ 13 ਅਪ੍ਰੈਲ ਨੂੰ ਹੋਇਆ ਸੀ। ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਫ਼ਿਲਮ 'ਮੌਮ' ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਦਿੱਤਾ ਜਾਵੇਗਾ।
ਸ਼੍ਰੀਦੇਵੀ ਲਈ ਇਹ ਐਵਾਰਡ ਲੈਣ ਲਈ ਉਨ੍ਹਾਂ ਦੇ ਪਤੀ ਬੋਨੀ ਕਪੂਰ ਅਤੇ ਦੋਵੇਂ ਧੀਆਂ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦਿੱਲੀ ਪਹੁੰਚੇ ਹੋਏ ਸਨ।
ਬੁੱਧਵਾਰ ਨੂੰ ਪੁਰਸਕਾਰਾਂ ਦੀ ਰਿਹਰਸਲ ਦੌਰਾਨ ਬੋਨੀ, ਜਾਹਨਵੀ ਅਤੇ ਖ਼ੁਸ਼ੀ ਕਪੂਰ ਵਿਗਿਆਨ ਭਵਨ 'ਚ ਮੌਜੂਦ ਸਨ।