You’re viewing a text-only version of this website that uses less data. View the main version of the website including all images and videos.
'ਔਕਸਫੋਰਡ ਗਰੈਜੂਏਟ' ਸਿੱਖ ਬਜ਼ੁਰਗ ਦੀ ਸੋਸ਼ਲ ਮੀਡੀਆ 'ਤੇ ਚਰਚਾ ਕਿਉਂ?
ਸੋਸ਼ਲ ਮੀਡੀਆ ਉੱਤੇ ਇਹ ਰਾਜਾ ਸਿੰਘ ਫੁੱਲ ਨਾਂ ਦਾ ਬਜ਼ੁਰਗ ਚਰਚਾ ਵਿੱਚ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਹ ਖੁਦ ਨੂੰ 1964 ਦਾ ਔਕਸਫੋਰਡ ਯੂਨੀਵਰਸਿਟੀ ਤੋਂ ਗਰੈਜ਼ੂਏਟ ਹੋਣ ਦਾ ਦਾਅਵਾ ਕਰਦਾ ਹੈ। ਉਸਦੇ ਦਾਅਵੇ ਮੁਤਾਬਕ ਉਸਨੇ ਔਕਸਫੋਰਡ ਯੂਨੀਵਰਸਿਟੀ ਵਿੱਚ ਕੁਝ ਸਮਾਂ ਪੜ੍ਹਾਇਆ ਵੀ ਹੈ।
ਰਾਜਾ ਸਿੰਘ ਫੁੱਲ ਦੇ ਮੀਡੀਆ ਨਾਲ ਗੱਲਬਾਤ ਦੇ ਦਾਅਵੇ ਮੁਤਾਬਕ ਉਹ 35 ਸਾਲ ਪਹਿਲਾਂ ਉਹ ਵੱਡੇ ਭਰਾ ਨਾਲ ਦਿੱਲੀ ਆ ਗਿਆ ਸੀ।ਉਸ ਦਾ ਭਰਾ ਸ਼ਰਾਬ ਬਹੁਤ ਪੀਂਦਾ ਸੀ। ਉਸ ਦੀ ਮੌਤ ਹੋ ਗਈ ਅਤੇ ਰਾਜਾ ਸਿੰਘ ਦਾ ਕਾਰੋਬਾਰ ਨਹੀਂ ਚੱਲ ਸਕਿਆ। ਜਿਸ ਕਾਰਨ ਉਸ ਨੂੰ ਸੜ੍ਹਕਾਂ ਉੱਤੇ ਦਿਨ ਕੱਟਣੇ ਪੈ ਰਹੇ ਨੇ।
ਰਾਜਾ ਸਿੰਘ ਫੁੱਲ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।ਇਸ ਤੋਂ ਪਹਿਲਾਂ ਬਜ਼ੁਰਗ ਦੀ ਹਾਲਤ ਬਾਰੇ ਫੇਸਬੁੱਕ 'ਤੇ ਪਾਈ ਗਈ ਸੀ।
ਸੋਸ਼ਲ ਮੀਡੀਆ ਉੱਤੇ ਚੱਲ ਰਹੀ ਚਰਚਾ ਮੁਤਾਬਕ ਉਸ ਇੱਕ ਪੋਸਟ ਦੀ ਮਿਹਰਬਾਨੀ ਸਦਕਾ ਦਿੱਲੀ ਦੀਆਂ ਸੜਕਾਂ 'ਤੇ ਰਹਿ ਰਹੇ 76 ਸਾਲ ਦੇ ਬਜ਼ੁਰਗ ਸਿੱਖ ਨੂੰ ਗੁਰਦੁਆਰੇ ਦੀ ਸਰਾਂ ਵਿੱਚ ਰਹਿਣ ਲਈ ਛੱਤ ਮਿਲ ਗਈ ਹੈ।
ਰਾਜਾ ਬਾਰੇ ਇਹ ਜਾਣਕਾਰੀ ਜਦ ਤਸਵੀਰਾਂ ਨਾਲ ਦਿੱਲੀ ਦੇ ਰਹਿਣ ਵਾਲੇ ਅਵੀਨਾਸ਼ ਸਿੰਘ ਨੇ ਫੇਸਬੁੱਕ 'ਤੇ ਸਾਂਝੀ ਕੀਤੀ, ਤਾਂ ਇਹ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਫੈਲੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਰਾਜਾ ਸਿੰਘ ਦੀ ਮਦਦ ਕਰਨ ਵਾਲੀਆਂ ਦੀ ਕਤਾਰ ਲੱਗ ਗਈ।
ਇਸ ਪੋਸਟ ਨੂੰ ਕਰੀਬ 4000 ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਅਤੇ ਕਈ ਕਮੈਂਟਸ ਵੀ ਮਿਲੇ।
ਫੇਸਬੁੱਕ ਦੀ ਪੋਸਟ ਵਿੱਚ ਲਿਖਿਆ ਹੈ, ''ਇਹ ਔਕਸਫੋਰਡ ਗ੍ਰੈਜੂਏਟ 1964 ਵਿੱਚ ਆਪਣੇ ਭਰਾ ਨਾਲ ਭਾਰਤ ਆ ਗਏ ਸੀ। ਅੱਜ ਇਹ ਇੱਕ ਫਕੀਰ ਦੀ ਜ਼ਿੰਦਗੀ ਜੀ ਰਹੇ ਹਨ। ਵੀਜ਼ਾ ਦੇ ਫੌਰਮ ਭਰ ਕੇ ਕਦੇ ਕਦਾਈਂ 100 ਰੁਪਏ ਕਮਾ ਲੈਂਦੇ ਹਨ। ਕਈ ਵਾਰ ਬਿਨਾਂ ਚੰਗੀ ਤਰ੍ਹਾਂ ਢਿੱਡ ਭਰੇ ਹੀ ਸੌਂ ਜਾਂਦੇ ਹਨ। ਉਨ੍ਹਾਂ ਨੇ ਕਈ ਬਿਜ਼ਨਸ ਕੀਤੇ ਪਰ ਕੋਈ ਵੀ ਨਹੀਂ ਚੱਲੇ। ਫਿਰ ਵੀ ਮਿਹਨਤ ਕਰਕੇ ਬੱਚਿਆਂ ਨੂੰ ਬਾਹਰ ਭੇਜਿਆ ਜੋ ਵਿਆਹ ਤੋਂ ਬਾਅਦ ਭੁੱਲ ਚੁੱਕੇ ਹਨ।''
ਸੋਸ਼ਲ ਮੀਡੀਆ ਵਿੱਚਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ, ''ਰਾਜਾ ਸਿੰਘ ਇੱਕ ਸਿੱਖ ਹਨ ਅਤੇ ਲੰਗਰ ਨਹੀਂ ਖਾਂਦੇ ਕਿਉਂਕਿ ਉਹ ਆਪ ਦੀ ਕਮਾਈ ਨਾਲ ਹੀ ਖਾਣਾ ਚਾਹੁੰਦੇ ਹਨ। ਜੇ ਕੋਈ ਰਾਜਾ ਸਿੰਘ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਇਸ ਨੰਬਰ 'ਤੇ ਕਾਲ ਕਰੋ।''
ਇਸ ਪੋਸਟ 'ਤੇ ਕਈ ਲੋਕਾਂ ਨੇ ਮਦਦ ਕਰਨ ਲਈ ਕਮੈਂਟ ਕੀਤੇ। ਦਰਸ਼ਨ ਜੁਨੇਜਾ ਨੇ ਲਿਖਿਆ, ''ਅਸੀਂ ਸਾਰਿਆਂ ਨੂੰ ਹਰ ਮਹੀਨੇ ਇਨ੍ਹਾਂ ਲਈ ਕੁਝ ਪੈਸੇ ਇਕੱਠੇ ਕਰ ਕੇ ਘਰ ਲੈ ਦੇਣਾ ਚਾਹੀਦਾ ਹੈ।''
ਗਲਾਂਸ ਲੂਥਰਾ ਨਾਂ ਦੇ ਫੇਸਬੁੱਕ ਨਾਂ ਵਾਲੇ ਯੂਜ਼ਰ ਨੇ ਲਿਖਿਆ, ''ਵਾਹਿਗੁਰੂ ਸਭ ਠੀਕ ਕਰਨਗੇ। ਇਹ ਸਾਰੇ ਕਮੈਂਟਸ ਪੜ੍ਹਕੇ ਬਹੁਤ ਖੁਸ਼ੀ ਹੁੰਦੀ ਹੈ। ਰੱਬ ਮਿਹਰ ਕਰੇ ਅਤੇ ਉਸ ਦੇ ਦੇਵੋਂ ਪੁੱਤਰਾਂ ਨੂੰ ਇਹ ਵੇਖ ਕੇ ਸ਼ਰਮ ਆਉਣੀ ਚਾਹੀਦੀ ਹੈ।''
ਜਿੱਥੇ ਇੰਨੇ ਲੋਕ ਮਦਦ ਲਈ ਅੱਗੇ ਆਏ, ਕੁਝ ਲੋਕਾਂ ਨੇ ਇਸ 'ਤੇ ਸ਼ੰਕਾ ਵੀ ਜਤਾਈ। ਭਰਤ ਪਾਂਡੇ ਨੇ ਲਿਖਿਆ, ''ਕੋਈ ਵੀ ਸਿੱਖ ਦਾਨ ਨਹੀਂ ਲੈਂਦਾ, ਇਸ ਕਹਾਣੀ 'ਤੇ ਸ਼ੱਕ ਹੈ।''
ਕਹਾਣੀ ਸੱਚ ਹੈ ਜਾਂ ਝੂਠ, ਇਹ ਸਾਬਤ ਨਹੀਂ ਹੋਇਆ ਹੈ, ਪਰ ਇਹ ਉਦਾਹਰਣ ਦੱਸਦੀ ਹੈ ਕਿ ਲੋਕ ਅੱਜ ਵੀ ਦੂਜੀਆਂ ਦੀ ਮਦਦ ਲਈ ਉਤਸੁਕ ਹੁੰਦੇ ਹਨ।