ਪ੍ਰੈੱਸ ਰਿਵੀਊ: ਮਹਾਰਾਸ਼ਟਰ 'ਚ 2 ਦਿਨਾਂ 'ਚ 37 ਮਾਓਵਾਦੀਆਂ ਨੂੰ ਮਾਰਿਆ ਗਿਆ

ਹਿੰਦੁਸਤਾਨ ਟਾਈਮਜ਼ ਮੁਤਾਬਕ ਮਹਾਰਾਸ਼ਟਰ ਦੇ ਦੱਖਣੀ ਗੜ੍ਹਚਿਰੋਲੀ ਵਿੱਚ ਪਿਛਲੇ ਦੋ ਦਿਨਾਂ ਵਿੱਚ 37 ਮਾਓਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ।

ਪੁਲਿਸ ਦਾ ਦਾਅਵਾ ਹੈ ਕਿ ਨੈਨਰ ਜੰਗਲ ਵਿੱਚ ਇੱਕ ਮੁਕਾਬਲੇ ਦੌਰਾਨ 6 ਮਾਓਵਾਦੀ ਸੋਮਵਾਰ ਨੂੰ ਮਾਰ ਦਿੱਤੇ ਗਏ ਜਦਕਿ ਐਤਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ 15 ਹੋਰ ਮਾਓਵਾਦੀਆਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ।

ਮਾਰੇ ਗਏ 37 ਮਾਓਵਾਦੀਆਂ ਵਿੱਚ 19 ਔਰਤਾਂ ਸ਼ਾਮਿਲ ਸਨ। ਇਨ੍ਹਾਂ ਵਿੱਚੋਂ 18 ਸਾਲਾ ਸੁਮਨ ਕੁਲੇਤੀ ਵੀ ਸ਼ਾਮਿਲ ਹੈ ਜਿਸ ਦੇ ਸਿਰ 'ਤੇ 4 ਲੱਖ ਦਾ ਇਨਾਮ ਸੀ।

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕਰਨ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮੁੜ ਤੋਂ ਖੇਡਾਂ ਸ਼ੁਰੂ ਕਰਵਾਉਣ ਦਾ ਨਾਅਰਾ ਦਿੱਤਾ ਹੈ। ਇਸ ਤੋਂ ਅਲਾਵਾ ਉਨ੍ਹਾਂ ਨੇ ਵਪਾਰਕ ਸਬੰਧਾਂ ਨੂੰ ਵੀ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ।

ਪਾਕਿਸਤਾਨ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਦੇ ਨਾਲ ਗੈਰ-ਰਸਮੀ ਬੈਠਕ ਵਿੱਚ ਉਨ੍ਹਾਂ ਕਿਹਾ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਜੋ ਖੇਡ ਮੁਕਾਬਲੇ ਸ਼ੁਰੂ ਕੀਤੇ ਸਨ ਉਹ ਮੁੜ ਤੋਂ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਦੋਹਾਂ ਮੁਲਕਾਂ ਦੇ ਲੋਕਾਂ ਵਿੱਚ ਸਬੰਧ ਗੂੜ੍ਹੇ ਹੋਣਗੇ।

ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਦਾ ਆਗਾਜ਼ 2004 ਵਿੱਚ ਪਟਿਆਲਾ ਵਿੱਚ ਹੋਇਆ ਸੀ। ਇਸ ਦੌਰਾਨ ਹਾਕੀ, ਸਾਈਕਲਿੰਗ, ਜਿਮਨਾਸਟਿਕ, ਐਥਲੈਟਿਕਜ਼, ਪੋਲੋ, ਰੈਸਲਿੰਗ, ਬੈਡਮਿੰਟਨ, ਸ਼ੂਟਿੰਗ, ਕਬੱਡੀ ਸਣੇ ਕਈ ਹੋਰ ਮੁਕਾਬਲੇ ਕਰਵਾਏ ਜਾਂਦੇ ਸਨ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਭਾਰਤ ਦੁਨੀਆਂ ਦੇ ਦੇਸਾਂ ਵਿੱਚ ਸਿਖਰ 'ਤੇ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਵੈੱਬਸਾਈਟਾਂ ਬਲਾਕ ਕੀਤੀਆਂ ਹਨ।

ਯੂਨੀਵਰਸਿੰਟੀ ਆਫ਼ ਟੋਰਾਂਟੋ ਆਧਾਰਿਤ ਸਿਟੀਜ਼ਨ ਲੈਬ ਅਤੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨਾਲ ਮਿਲ ਕੇ ਇੰਡੀਅਨ ਐਕਸਪ੍ਰੈੱਸ ਨੇ 10 ਦੇਸਾਂ ਵਿੱਚ ਸਰਵੇਖਣ ਕੀਤਾ।

ਇਸ ਦੌਰਾਨ ਸਾਹਮਣੇ ਆਇਆ ਕਿ ਇੰਡੀਅਨ ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ (ਆਈਐੱਸਪੀ) ਨੇ ਸਭ ਤੋਂ ਵੱਧ ਫਿਲਟਰ ਲਾਏ ਹੋਏ ਹਨ। ਪਾਕਿਸਤਾਨ ਦਾ ਇਸ ਸੂਚੀ ਵਿੱਚ ਦੂਜੇ ਨੰਬਰ ਹੈ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਇਸ ਸਾਲ ਗਰਮੀਆਂ ਵਿੱਚ ਐਚ-1ਬੀ ਵੀਜ਼ਾ ਪ੍ਰਬੰਧ ਖਤਮ ਕਰਨ ਦੀ ਯੋਜਨਾ ਹੈ ਜਿਸ ਦੇ ਤਹਿਤ ਜੀਵਨ ਸਾਥੀ ਕੋਈ ਨੌਕਰੀ ਜਾਂ ਫਿਰ ਆਪਣਾ ਵਪਾਰ ਨਹੀਂ ਕਰ ਪਾਉਣਗੇ।

ਐਚ-4 ਵੀਜ਼ਾ, ਐਚ-1 ਵੀਜ਼ਾ ਹੋਲਡਰ ਦੇ ਜੀਵਨ ਸਾਥੀ ਨੂੰ ਦਿੱਤਾ ਜਾਂਦਾ ਹੈ।

ਇਹ ਫੈਸਲਾ ਤਕਰੀਬਨ ਇੱਕ ਲੱਖ ਭਾਰਤੀ ਵਰਕਰਾਂ ਤੇ ਅਸਰ ਪਾਏਗਾ ਖਾਸ ਕਰਕੇ ਔਰਤਾਂ 'ਤੇ।

ਇਸ ਦੇ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਸ ਪ੍ਰਬੰਧ ਦੇ ਖਤਮ ਹੋਣ ਨਾਲ ਪੜ੍ਹੇ ਲਿਖੇ ਬੇਰੁਜ਼ਗਾਰ ਅਮਰੀਕੀਆਂ ਨੂੰ ਕੰਮ ਮਿਲ ਸਕੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)