You’re viewing a text-only version of this website that uses less data. View the main version of the website including all images and videos.
ਇੱਥੇ ਕਿਉਂ ਕੁੜੀਆਂ ਦੇ ਮੋਬਾਈਲ ਰੱਖਣ ਨਾਲ ਡਰਦੇ ਹਨ 'ਮਰਦ'?
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਜੇ ਸਕੂਲ ਜਾਂ ਕਾਲਜ ਜਾਂਦੀਆਂ ਕੁੜੀਆਂ ਆਪਣੇ ਕੋਲ ਮੋਬਾਈਲ ਫੋਨ ਰੱਖਣ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਨਾਲ ਪੜ੍ਹਣ ਵਾਲੇ ਮੁੰਡਿਆਂ ਦੇ ਪਿਆਰ ਵਿੱਚ ਪੈ ਜਾਣ। ਇਸ ਲਈ ਉਨ੍ਹਾਂ ਨੂੰ ਪੜ੍ਹਾਈ ਵਿੱਚ ਰੁੱਝਿਆ ਰੱਖਣ ਲਈ ਫੋਨ ਰੱਖਣ 'ਤੇ ਹੀ ਪਾਬੰਦੀ ਲਗਾ ਦਿਓ।
ਇਹ ਦਲੀਲ ਹਰਿਆਣਾ ਦੇ ਜ਼ਿਲੇ ਸੋਨੀਪਤ ਦੇ ਪਿੰਡ ਈਸ਼ਾਪੁਰ ਖੇੜੀ ਦੀ ਪੰਚਾਇਤ ਦੀ ਹੈ। ਜਿਨ੍ਹਾਂ ਨੇ ਪੜ੍ਹਾਈ ਲਈ ਸੋਨੀਪਤ ਅਤੇ ਗੋਹਾਨਾ ਜਾਣ ਵਾਲੀਆਂ 100 ਕੁੜੀਆਂ 'ਤੇ ਮੋਬਾਈਲ ਫੋਨ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਹੈ।
2016 ਵਿੱਚ 2500 ਵੋਟਾਂ ਨਾਲ ਜਿੱਤਣ ਵਾਲੇ ਪਿੰਡ ਦੇ ਸਰਪੰਚ ਪ੍ਰੇਮ ਸਿੰਘ ਨੇ ਕਿਹਾ, ''ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਸਮਾਰਟ ਫੋਨ ਬੈਨ ਕਰਕੇ ਅਸੀਂ ਕੁੜੀਆਂ ਦਾ ਧਿਆਨ ਸਿਰਫ਼ ਪੜ੍ਹਾਈ ਉੱਤੇ ਹੀ ਕੇਂਦ੍ਰਿਤ ਕਰਵਾ ਰਹੇ ਹਾਂ।
ਪ੍ਰੇਮ ਸਿੰਘ ਮੁਤਾਬਕ ਇੱਕ ਚੰਗੀ ਕੁੜੀ ਨੂੰ ਫੋਨ ਦੀ ਲੋੜ ਨਹੀਂ ਹੈ ਕਿਉਂਕਿ ਜੇ ਉਸਦਾ ਵਰਤਾਰਾ ਸਹੀ ਹੈ ਤਾਂ ਕੋਈ ਉਸਨੂੰ ਕੁਝ ਨਹੀਂ ਕਹੇਗਾ। ਉਹ ਸਮਾਰਟ ਫੋਨ ਨੂੰ ਪੜ੍ਹਾਈ ਅਤੇ ਸੁਰੱਖਿਆ ਲਈ ਸਹਾਇਕ ਨਹੀਂ ਮੰਨਦੇ।
ਉਨ੍ਹਾਂ ਕਿਹਾ, ''ਉਹ ਸਾਰਾ ਦਿਨ ਫੋਨ ਵਿੱਚ ਲੱਗੀਆਂ ਰਹਿੰਦੀਆਂ ਹਨ ਅਤੇ ਪੜ੍ਹਾਈ ਨਹੀਂ ਕਰਦੀਆਂ। ਇਸ ਦੇ ਨਾਲ ਉਹ ਮੁੰਡਿਆਂ ਨਾਲ ਵੀ ਗੱਲਾਂ ਕਰਦੀਆਂ ਹਨ ਜਿਸ ਬਾਰੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ। ਜੇ ਫੋਨ ਹੀ ਨਹੀਂ ਹੋਵੇਗਾ ਤਾਂ ਇਹ ਸਭ ਕੁਝ ਕਿਵੇਂ ਕਰਨਗੀਆਂ?''
ਪ੍ਰੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੀਆਂ ਕਾਲਜ ਜਾਣ ਵਾਲੀਆਂ ਤਿੰਨ ਕੁੜੀਆਂ ਨੇ ਆਪਣੀ ਮਰਜ਼ੀ ਦੇ ਮੁੰਡਿਆਂ ਨਾਲ ਵਿਆਹ ਕਰਾਏ, ਜਿਸ ਕਰਕੇ ਪਰਿਵਾਰਾਂ ਦੀ ਬਦਨਾਮੀ ਹੋਈ।
'ਮਾਪੇ ਵੀ ਨਾਲ ਹਨ'
ਇਸ ਤੋਂ ਬਾਅਦ ਉਨ੍ਹਾਂ ਨੇ ਫੋਨ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਫੋਨ ਹੋਣ ਕਾਰਨ ਉਹ ਆਪਣੇ ਘਰ ਤੋਂ ਭੱਜ ਗਈਆਂ ਸਨ।
ਉਨ੍ਹਾਂ ਕਿਹਾ, ''ਜੇ ਫੋਨ ਨਹੀਂ ਹੁੰਦਾ, ਤਾਂ ਉਹ ਇਹ ਨਹੀਂ ਕਰ ਪਾਉਂਦੀਆਂ। ਅਸੀਂ ਪੰਚਾਇਤ ਬੁਲਾ ਕੇ ਸਕੂਲ ਅਤੇ ਕਾਲਜ ਜਾਂਦੀਆਂ ਕੁੜੀਆਂ ਦੇ ਸਮਾਰਟ ਫੋਨ 'ਤੇ ਪਾਬੰਦੀ ਲਗਾ ਦਿੱਤੀ। ਕਈ ਮਾਪੇ ਵੀ ਇਸ ਫੈਸਲੇ ਵਿੱਚ ਸਾਡੇ ਨਾਲ ਹਨ।''
ਜਵਾਹਰ ਲਾਲ ਯੂਨੀਵਰਸਿਟੀ ਦੀ ਪ੍ਰੋਫੈਸਰ ਨਿਵੇਦਿਤਾ ਮੈਨਨ ਨੇ ਕਿਹਾ, ''ਇੰਟਰਨੈੱਟ ਵਾਲਾ ਸਮਾਰਟਫੋਨ ਇੱਕ ਕੁੜੀ ਨੂੰ ਕਮਰੇ ਵਿੱਚ ਬੈਠੇ ਬੈਠੇ ਪੂਰੀ ਦੁਨੀਆਂ ਘੁੰਮਣ ਦੀ ਆਜ਼ਾਦੀ ਦਿੰਦਾ ਹੈ।''
''ਇਹੀ ਚੀਜ਼ ਮਰਦ ਪ੍ਰਧਾਨ ਸਮਾਜ ਦੀ ਨੀਂਹ ਨੂੰ ਹਿਲਾਉਂਦੀ ਹੈ, ਜੋ ਕੁੜੀਆਂ ਨੂੰ ਚਾਰ ਦੀਵਾਰੀ ਵਿੱਚ ਬੰਦ ਕਰਕੇ ਰੱਖਣਾ ਚਾਹੁੰਦਾ ਹੈ। ਪਰ ਇੰਟਰਨੈੱਟ ਰਾਹੀਂ ਇਸ ਸੀਮਾ ਨੂੰ ਪਾਰ ਕੀਤਾ ਜਾ ਸਕਦਾ ਹੈ ਅਤੇ ਇਹੀ ਇਨ੍ਹਾਂ ਲੋਕਾਂ ਦਾ ਡਰ ਹੈ।''
ਉਨ੍ਹਾਂ ਕਿਹਾ ਕਿ ਮੋਬਾਈਲ ਫੋਨ ਦਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕੁੜੀ ਆਪਣੇ ਫੈਸਲੇ ਖੁਦ ਲੈ ਸਕਦੀ ਹੈ ਅਤੇ ਕੁੜੀਆਂ ਦੀ ਆਪ ਦੀ ਵੀ ਕੋਈ ਪਸੰਦ ਹੈ। ਪਿਤਾ ਪੁਰਖੀ ਸੋਚ ਲਈ ਇਹੀ ਸਭ ਤੋਂ ਵੱਡੀ ਚੁਣੌਤੀ ਹੈ।
ਪੰਜਾਬ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਰਾਜੇਸ਼ ਗਿੱਲ ਨੇ ਕਿਹਾ ਕਿ ਫੋਨ ਰਾਹੀਂ ਹਰ ਖੇਤਰ ਵਿੱਚ ਤਰੱਕੀ ਕਰ ਸਕਦੇ ਹਨ।
ਗਿੱਲ ਨੇ ਕਿਹਾ, ''ਮਾਪੇ ਇਹ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਜਦ ਸਕੂਲ ਜਾਂਦਾ ਮੁੰਡਾ ਪੜ੍ਹਾਈ ਲਈ ਫੋਨ ਦੀ ਮੰਗ ਕਰਦਾ ਹੈ ਤਾਂ ਉਹ ਉਸਨੂੰ ਲੈ ਦਿੰਦੇ ਹਨ। ਪਰ ਕੁੜੀ ਜਦ ਮੰਗਦੀ ਹੈ ਤਾਂ ਸਵਾਲ ਚੁੱਕੇ ਜਾਂਦੇ ਹਨ।''
ਉਨ੍ਹਾਂ ਕਿਹਾ ਕਿ ਇੱਕ ਸਟੱਡੀ ਮੁਤਾਬਕ ਕੁੜੀਆਂ ਅਤੇ ਮੁੰਡਿਆਂ ਨੂੰ ਦਿੱਤੇ ਜਾਂਦੇ ਮੌਕਿਆਂ ਵਿੱਚ ਬਹੁਤ ਵਿਤਕਰਾ ਹੁੰਦਾ ਹੈ। ਫੋਨ 'ਤੇ ਬੈਨ ਲਗਾਉਣਾ ਮਤਲਬ ਕੁੜੀਆਂ ਦੀ ਤਰੱਕੀ ਨੂੰ ਰੋਕਣਾ ਹੈ।
ਆਲ ਇੰਡੀਆ ਡੈਮੋਕ੍ਰੈਟਿਕ ਵੂਮੈਂਜ਼ ਅਸੋਸੀਏਸ਼ਨ ਦੀ ਸਾਬਕਾ ਜਨਰਲ ਸਕੱਤਰ ਜਗਮਤੀ ਸਾਂਗਵਾਨ ਨੇ ਕਿਹਾ ਕਿ ਫੋਨ 'ਤੇ ਪਾਬੰਦੀ ਦਾ ਸਿੱਧਾ ਮਤਲਬ ਹੈ ਕਿ ਪਿਤਾ ਪੁਰਖੀ ਤਾਕਤ ਔਰਤ ਦੀ ਕਾਮੁਕਤਾ 'ਤੇ ਕਾਬੂ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ, ''ਨਾ ਹੀ ਸਿਰਫ ਕਾਮੁਕਤਾ ਪਰ ਉਨ੍ਹਾਂ ਦੀ ਆਜ਼ਾਦੀ, ਚੋਣ ਅਤੇ ਤੋਰੇਫੋਰੇ ਨੂੰ ਵੀ ਅੰਗੂਠੇ ਥੱਲੇ ਰੱਖਣਾ ਚਾਹੁੰਦੇ ਹਨ। ਉਹ ਉਨ੍ਹਾਂ ਦੀ ਥਾਂ 'ਤੇ ਫੈਸਲੇ ਲੈਣਾ ਚਾਹੁੰਦੇ ਹਨ ਤਾਂ ਜੋ ਉਹ ਦੁਨੀਆਂ ਨਾਲ ਜੁੜ ਨਾ ਸਕਣ।''
''ਇਹ ਮੰਦਭਾਗਾ ਹੈ, ਖਾਸ ਕਰ ਉਦੋਂ ਜਦੋਂ ਕੁੜੀਆਂ ਰਾਸ਼ਟਰਮੰਡਲ ਖੇਡਾਂ-2018 ਵਿੱਚ ਸੋਨ ਤਗਮੇ ਜਿੱਤ ਰਹੀਆਂ ਹਨ।''
ਖਾਪ ਪੰਚਾਇਤ ਦੇ ਦੋਹਰੇ ਮਾਪਦੰਡ
ਖਾਪ ਪੰਚਾਇਤ 'ਤੇ ਗੁੱਸਾ ਕੱਢਦੇ ਹੋਏ ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨ ਵਾਲੇ ਸਾਰੇ ਮਰਦ ਹਨ ਜੋ ਖੁਦ ਸਮਾਰਟ ਫੋਨ ਦਾ ਇਸਤੇਮਾਲ ਕਰਦੇ ਹਨ ਪਰ ਜਦ ਔਰਤਾਂ ਦੀ ਗੱਲ ਆਉਂਦੀ ਹੈ ਤਾਂ ਨੈਤਿਕਤਾ ਵਾਲੇ ਆਪਣੇ ਸਮਾਜਿਕ ਨੇਮ ਹੀ ਬਦਲ ਦਿੰਦੇ ਹਨ।
ਰੋਹਤਕ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਵਿੱਚ ਲਾਅ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਕਿਰਨ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਤੋਂ ਪੜ੍ਹਣ ਆਈਆਂ ਕਈ ਕੁੜੀਆਂ ਲਈ ਸ਼ਰਾਰਤੀ ਅਨਸਰਾਂ ਤੋਂ ਬਚਾਅ ਲਈ ਸਮਾਰਟ ਫੋਨ ਮਦਦਗਾਰ ਸਾਬਤ ਹੁੰਦਾ ਹੈ।
ਉਸ ਨੇ ਕਿਹਾ, ''ਇਸ ਤੋਂ ਇਲਾਵਾ, ਸਕੌਲਰ ਵੀ ਵੱਟਸਐਪ 'ਤੇ ਪੜ੍ਹਾਈ ਦੀ ਕਾਫੀ ਸਮੱਗਰੀ ਸਾਂਝਾ ਕਰਦੇ ਹਨ। ਸੋਸ਼ਲ ਮੀਡੀਆ ਰਾਹੀਂ ਦੁਨੀਆਂ ਬਾਰੇ ਹੋਰ ਜਾਣਕਾਰੀ ਮਿਲਦੀ ਹੈ। ਪਰ ਜਿਨ੍ਹਾਂ ਨੇ ਬੈਨ ਲਾਇਆ ਹੈ, ਅਫਸੋਸ ਉਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰਦੇ।''